ਪਰਵਾਸੀ ਜ਼ਿੰਦਗੀ ਦਾ ਇੱਕ ਪੱਖ ਇਹ ਵੀ...
ਲੰਬੇ ਸੰਘਰਸ਼ ਤੋਂ ਬਾਅਦ ਵਿਦੇਸ਼ਾਂ ਦੀ ਧਰਤੀ ’ਤੇ ਪਹੁੰਚਣ ਦਾ ਸੁਪਨਾ ਪੂਰਾ ਹੋਣ ਤੋਂ ਬਾਅਦ ਨੌਜਵਾਨ ਪੀੜ੍ਹੀ ਨੂੰ ਇੰਜ ਲੱਗਣ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਦੀ ਜ਼ਿੰਦਗੀ ਦੀ ਬਹੁਤ ਵੱਡੀ ਰੀਝ ਪੂਰੀ ਹੋ ਗਈ ਹੈ। ਪਰ ਪਰਵਾਸ ਦੀ ਜ਼ਿੰਦਗੀ ਐਨੀ ਸੌਖੀ ਵੀ ਨਹੀਂ। ਵਿਦੇਸ਼ਾਂ ਦੀ ਡਾਲਰਾਂ, ਸੋਨੇ ਦੇ ਕੜੇ, ਚੈਨੀਆਂ, ਮੁੰਦਰੀਆਂ, ਵੱਡੀਆਂ ਗੱਡੀਆਂ ਅਤੇ ਵੱਡੇ ਘਰਾਂ ਦੀ ਚਮਚਮਾਉਂਦੀ ਜ਼ਿੰਦਗੀ ਦੇ ਸੁਪਨਿਆਂ ਦਾ ਅਸਲੀ ਸੱਚ ਉਦੋਂ ਸਾਹਮਣੇ ਆਉਂਦਾ ਹੈ, ਜਦੋਂ ਰੁਜ਼ਗਾਰ ਲਈ ਜੱਦੋ ਜਹਿਦ ਕਰਨੀ ਪੈਂਦੀ ਹੈ। ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਕਮਾਈ ਉੱਤੇ ਮੌਜਾਂ ਕੀਤਿਆਂ ਹੁੰਦੀਆਂ ਹਨ, ਉਨ੍ਹਾਂ ਨੂੰ ਉਹ ਕੰਮ ਵੀ ਕਰਨੇ ਪੈਂਦੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਫੀਸ ਕੱਢਣ ਅਤੇ ਹੋਰ ਖ਼ਰਚਿਆਂ ਲਈ ਦਿਨ ਰਾਤ ਦੀਆਂ ਦੋ-ਦੋ ਨੌਕਰੀਆਂ ਕਰਨੀਆਂ ਪੈਂਦੀਆਂ ਹਨ। ਜੇਕਰ ਰੁਜ਼ਗਾਰ ਨਾ ਮਿਲੇ ਤਾਂ ਨੌਕਰੀਆਂ ਲਈ ਤਰਲੇ ਕੱਢਣੇ ਪੈਂਦੇ ਹਨ।
ਚੰਗੇ ਭਲੇ ਘਰਾਂ ਵਿੱਚ ਸੁੱਖ ਭੋਗਣ ਵਾਲੇ ਬੱਚਿਆਂ ਨੂੰ ਕਿਰਾਏ ਵਾਲੀਆਂ ਬੈਸਮੈਂਟਾਂ ’ਚ ਇਕੱਠੇ ਹੋ ਕੇ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ। ਦਿਨ ਰਾਤ ਦੇ ਫ਼ਰਕ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਪਰਿਵਾਰ ਵਾਲਿਆਂ ਨਾਲ ਫੋਨ ਉੱਤੇ ਗੱਲ ਕਰਨ ਦੀ ਫੁਰਸਤ ਤੱਕ ਨਹੀਂ ਹੁੰਦੀ। ਪਰਿਵਾਰ ਦੇ ਮੈਂਬਰਾਂ ਨੂੰ ਉਨ੍ਹਾਂ ਨਾਲ ਸ਼ਿਕਾਇਤ ਇਹ ਹੁੰਦੀ ਹੈ ਕਿ ਵਿਦੇਸ਼ ਜਾ ਕੇ ਉਹ ਉਨ੍ਹਾਂ ਨੂੰ ਭੁਲਾ ਬੈਠੇ ਹਨ। ਆਪਣਿਆਂ ਨੂੰ ਮਿਲਣ ਲਈ ਮਨ ਤਰਸ ਰਿਹਾ ਹੁੰਦਾ ਹੈ। ਵੱਖ ਵੱਖ ਰਿਸ਼ਤਿਆਂ ਨਾਲ ਜੁੜੇ ਪਿਆਰ ਦੇ ਤਾਰ ਮੁੜ ਮੁੜ ਮਨ ਅਤੇ ਆਤਮਾ ਨੂੰ ਝੰਜੋੜਦੇ ਹਨ, ਪਰ ਰੁਜ਼ਗਾਰ ਦਾ ਮੌਕਾ ਹੱਥੋਂ ਨਿਕਲ ਜਾਣ ਦਾ ਡਰ, ਘਰ ਜਾਣ ਲਈ ਮਹਿੰਗੀਆਂ ਟਿਕਟਾਂ ਅਤੇ ਪੀ.ਆਰ. ਹੋਣ ਦੇ ਨਿਯਮਾਂ ਦੀਆਂ ਪੈਰਾਂ ’ਚ ਪਈਆਂ ਬੇੜੀਆਂ ਘਰ ਜਾਣ ਅਤੇ ਆਪਣਿਆਂ ਨੂੰ ਮਿਲਣ ਨਹੀਂ ਦਿੰਦੀਆਂ। ਸਾਰਾ ਦਿਨ ਦੀ ਨੱਠ ਭੱਜ ਵਿੱਚ ਦਿਨ ਦਾ ਪਤਾ ਹੀ ਨਹੀਂ ਲੱਗਦਾ। ਰਾਤ ਨੂੰ ਬਿਸਤਰੇ ’ਚ ਪਏ ਹੋਏ ਆਪਣਿਆਂ ਦੀ ਯਾਦ ਸਤਾਉਣ ਲੱਗਦੀ ਹੈ, ਪਰ ਹਾਲਾਤ ਨਾਲ ਸਮਝੌਤਾ ਕਰਨ ਤੋਂ ਬਿਨਾਂ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ ਹੁੰਦਾ। ਪਿੱਛੇ ਮੁੜਨਾ ਵੀ ਸੰਭਵ ਨਹੀਂ ਹੁੰਦਾ। ਥੱਕੇ ਟੁੱਟਿਆਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅੱਖ ਲੱਗ ਗਈ।
ਹਰ ਚੀਜ਼ ਕਰਜ਼ ਉੱਤੇ, ਮਾਪਿਆਂ ਵੱਲੋਂ ਲਿਆ ਗਿਆ ਕਰਜ਼ ਕਦੋਂ ਉਤਰੇਗਾ, ਵਰਕ ਪਰਮਿਟ ਖ਼ਤਮ ਹੋਣ ਦਾ ਫਿਕਰ, ਗਏ ਹੋਏ ਮੁਲਕ ’ਚ ਪੱਕੇ ਹੋਣ ਦੀ ਚਿੰਤਾ ਇਹ ਸਾਰਾ ਕੁੱਝ ਪਰਵਾਸ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਟ੍ਰੈਫਿਕ ਨਿਯਮਾਂ ਦੀ ਸਖ਼ਤੀ, ਡਰਾਈਵਿੰਗ ਲਾਇਸੈਂਸ ਲੈਣ ਲਈ ਔਖੀ ਪ੍ਰਕਿਰਿਆ, ਰੁਜ਼ਗਾਰ ਲੈਣ ਅਤੇ ਕੰਮ ਧੰਦੇ ਕਰਨ ਲਈ ਲਾਇਸੈਂਸ ਪ੍ਰਾਪਤ ਕਰਨ ਲਈ ਇਨ੍ਹਾਂ ਮੁਲਕਾਂ ਦੇ ਟੈਸਟ ਪਾਸ ਕਰਨੇ ਅਤੇ ਇਸ ਸਾਰੇ ਕੁੱਝ ਲਈ ਡਾਲਰਾਂ ਦਾ ਪ੍ਰਬੰਧ ਕਰਨਾ ਕਿਸੀ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਇਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਜ਼ਿੰਦਗੀ ਜਿਉਣ ਦੇ ਖੁੱਲ੍ਹੇ ਢੰਗ ਅਨੁਸਾਰ ਜ਼ਿੰਦਗੀ ਨਾ ਜੀਓ ਤਾਂ ਵੀ ਨਹੀਂ ਸਰਦਾ, ਜੇਕਰ ਜੀਓ ਤਾਂ ਵੀ ਔਖਾ।
ਜੇਕਰ ਪਰਵਾਸ ਵਾਲੇ ਮੁਲਕ ਵਿੱਚ ਆਪਣੇ ਪਰਿਵਾਰ ਦਾ ਕੋਈ ਜੀਅ ਮਿਲਣ ਆ ਜਾਵੇ ਤਾਂ ਉਸ ਨੂੰ ਕਿੱਥੇ ਠਹਿਰਾਇਆ ਜਾਵੇ? ਇਸ ਦਾ ਅਨੁਭਵ ਉਹੀ ਦੱਸ ਸਕਦਾ ਹੈ, ਜਿਹੜਾ ਉਨ੍ਹਾਂ ਹਾਲਤਾਂ ਵਿੱਚੋਂ ਲੰਘਦਾ ਹੈ। ਜਿੰਨੀ ਮਰਜ਼ੀ ਮਰਿਆਦਾ ਭਰੀ ਜ਼ਿੰਦਗੀ ਜੀਵੀ ਹੋਵੇ, ਪਰ ਵਿਆਹ ਦੀ ਗੱਲ ਚੱਲਣ ਸਮੇਂ ਸਾਰੇ ਮਾਪਿਆਂ ਦੀ ਇਹੋ ਧਾਰਨਾ ਹੁੰਦੀ ਹੈ ਕਿ ਵਿਦੇਸ਼ੀ ਮੁਲਕਾਂ ਵਿੱਚ ਬੱਚਿਆਂ ਦਾ ਕੀ ਪਤਾ, ਯਾਨੀ ਕਿ ਕੋਈ ਭਰੋਸਾ ਕਰਨ ਲਈ ਤਿਆਰ ਨਹੀਂ ਹੁੰਦਾ। ਰਿਸ਼ਤੇ ਦੀ ਗੱਲ ਕਰਦਿਆਂ ਲੋਕ ਸੌ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਜਿੰਨਾ ਮਰਜ਼ੀ ਕਮਾ ਲਓ, ਫੇਰ ਵੀ ਗੁਜ਼ਾਰਾ ਸੌਖਾ ਨਹੀਂ ਹੁੰਦਾ।ਰਿਸ਼ਤੇਦਾਰ ਹਾਲ ਚਾਲ ਬਾਅਦ ਵਿੱਚ ਪੁੱਛਦੇ ਹਨ, ਕਿਹੜਾ ਕੰਮ ਕਰਦਾ ਉੱਥੇ ਇਹ ਸਵਾਲ ਪਹਿਲਾਂ ਪੁੱਛਦੇ ਹਨ।
ਹੁਣ ਜੇਕਰ ਗੱਲ ਉਨ੍ਹਾਂ ਪਰਵਾਸੀ ਲੋਕਾਂ ਦੀ ਕੀਤੀ ਜਾਵੇ ਜਿਨ੍ਹਾਂ ਨੂੰ ਵੇਖ ਕੇ ਇਵੇਂ ਲੱਗਦਾ ਹੈ ਕਿ ਉਹ ਚੰਗੀ ਕਮਾਈ ਕਰ ਰਹੇ ਹਨ, ਉਨ੍ਹਾਂ ਕੋਲ ਵੱਡੀਆਂ ਗੱਡੀਆਂ, ਵੱਡੇ ਘਰ, ਮਹਿੰਗੇ ਫੋਨ ਅਤੇ ਹੋਰ ਬਹੁਤ ਕੁੱਝ ਹੈ। ਉਹ ਬਹੁਤ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਬਸਰ ਕਰ ਰਹੇ ਹਨ, ਪਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਆਪਣੀ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆ ਹਨ। ਘਰ, ਗੱਡੀ, ਮੋਬਾਈਲ ਹੋਰ ਸਾਜੋ ਸਾਮਾਨ ਅਤੇ ਬੀਮੇ ਦੀਆਂ ਕਿਸ਼ਤਾਂ ਦਿੰਦਿਆਂ ਸਾਰੀ ਉਮਰ ਲੰਘ ਜਾਂਦੀ ਹੈ। ਪਤੀ-ਪਤਨੀ ਦੋਵਾਂ ਦੀ ਕਮਾਈ ਤੋਂ ਬਿਨਾਂ ਪਰਿਵਾਰ ਦੇ ਖ਼ਰਚੇ ਪੂਰੇ ਨਹੀਂ ਹੁੰਦੇ। ਦੋਵਾਂ ਦੀ ਜ਼ਿੰਦਗੀ ਮਸ਼ੀਨ ਬਣ ਕੇ ਰਹਿ ਜਾਂਦੀ ਹੈ। ਪਰਿਵਾਰ ਦੇ ਪਾਲਣ ਪੋਸ਼ਣ ਅਤੇ ਨੌਕਰੀਆਂ ਦੇ ਰੁਝੇਵੇਂ ਵਿੱਚ ਪਤੀ-ਪਤਨੀ ਪਿਸਣ ਲੱਗ ਪੈਂਦੇ ਹਨ। ਨੌਕਰੀਆਂ ਦੇ ਰੁਝੇਵਿਆਂ ਵਿੱਚ ਬੱਚਿਆਂ ਦੀ ਦੇਖਭਾਲ ਦਾ ਸਮਾਂ ਵੀ ਨਹੀਂ ਹੁੰਦਾ। ਇਸ ਭੱਜ ਦੌੜ ਦੀ ਜ਼ਿੰਦਗੀ ’ਚ ਕਈ ਵਾਰ ਪਤੀ-ਪਤਨੀ ਦੇ ਸਬੰਧਾਂ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਜੇਕਰ ਦੋਵੇਂ ਇੱਕ ਦੂਜੇ ਦੀਆਂ ਮਜਬੂਰੀਆਂ ਨੂੰ ਨਾ ਸਮਝਣ, ਦੋਹਾਂ ਵਿੱਚ ਸਹਿਯੋਗ ਦੀ ਭਾਵਨਾ ਨਾ ਹੋਵੇ ਅਤੇ ਇੱਕ ਦੂਜੇ ਦਾ ਗਿਲਾ ਗੁੱਸਾ ਬਰਦਾਸ਼ਤ ਕਰਨ ਦਾ ਮਾਦਾ ਨਾ ਹੋਵੇ ਤਾਂ ਦੋਵਾਂ ਦੇ ਸਬੰਧਾਂ ਵਿੱਚ ਕੁੜੱਤਣ ਵੀ ਆ ਜਾਂਦੀ ਹੈ।
ਵਿਦੇਸ਼ਾਂ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਵੱਡੀ ਚੁਣੌਤੀ ਹੈ। ਜਿਹੜੇ ਪਤੀ-ਪਤਨੀ ਦੋਵੇਂ ਨੌਕਰੀ ਪੇਸ਼ਾ ਹਨ, ਉਨ੍ਹਾਂ ਲਈ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਹੋਰ ਵੀ ਔਖਾ ਹੁੰਦਾ ਹੈ। ਵਿਦੇਸ਼ਾਂ ’ਚ ਸਾਡੇ ਦੇਸ਼ ਵਾਂਗ ਘਰ ਦੇ ਕੰਮ ਕਾਜ ਅਤੇ ਬੱਚਿਆਂ ਦੀ ਦੇਖਭਾਲ ਲਈ ਨੌਕਰਾਣੀ ਰੱਖਣਾ ਸੌਖਾ ਕੰਮ ਨਹੀਂ। ਕਿਉਂਕਿ ਉਨ੍ਹਾਂ ਨੂੰ ਤਨਖਾਹ ਦੇਣੀ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਬੱਚਿਆਂ ਦੇ ਪਾਲਣ ਪੋਸ਼ਣ ਲਈ ਉਨ੍ਹਾਂ ਨੂੰ ਆਪਣੇ ਮਾਪਿਆਂ ਅਤੇ ਸਹੁਰਿਆਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਉਹ ਉਨ੍ਹਾਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਲਈ ਲੈ ਤਾਂ ਆਉਂਦੇ ਹਨ, ਪਰ ਉਨ੍ਹਾਂ ਦੇ ਆਉਣ ਨਾਲ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੇ ਆਉਣ ਜਾਣ ਦੀਆਂ ਟਿਕਟਾਂ ਦਾ ਖ਼ਰਚਾ, ਵੱਖਰੇ ਤਰ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ, ਉਨ੍ਹਾਂ ਦੇ ਸਿਹਤ ਪ੍ਰਬੰਧ ਲਈ ਉਨ੍ਹਾਂ ਦੀ ਸਿਹਤ ਦੇ ਬੀਮੇ ਦਾ ਖ਼ਰਚ, ਉਨ੍ਹਾਂ ਉੱਤੇ ਆਰਥਿਕ ਬੋਝ ਵਧਾ ਦਿੰਦਾ ਹੈ।
ਜਿਨ੍ਹਾਂ ਦੇ ਮਾਪਿਆਂ ਜਾਂ ਸਹੁਰਿਆਂ ਵਿੱਚੋਂ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਲਈ ਕੋਈ ਨਹੀਂ ਆਉਂਦਾ, ਉਨ੍ਹਾਂ ਪਤੀ-ਪਤਨੀਆਂ ਦੀਆਂ ਔਕੜਾਂ ਹੋਰ ਵਧ ਜਾਂਦੀਆਂ ਹਨ। ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰਨ। ਉਨ੍ਹਾਂ ਵਿੱਚੋਂ ਜੇਕਰ ਕੋਈ ਇੱਕ ਨੌਕਰੀ ਛੱਡਦਾ ਹੈ ਤਾਂ ਕਰਜ਼ ਦੀਆਂ ਕਿਸ਼ਤਾਂ ਉਤਰਨੀਆ ਔਖੀਆਂ ਹੋ ਜਾਂਦੀਆਂ ਹਨ, ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ। ਜੇਕਰ ਦੋਵੇਂ ਨੌਕਰੀ ਕਰਦੇ ਹਨ ਤਾਂ ਬੱਚੇ ਰੁਲਦੇ ਹਨ। ਜਿਵੇਂ ਜਿਵੇਂ ਬੱਚੇ ਬੜੇ ਹੁੰਦੇ ਜਾਂਦੇ ਹਨ, ਉਵੇਂ ਉਵੇਂ ਉਨ੍ਹਾਂ ਦੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਉਨ੍ਹਾਂ ਉੱਤੇ ਵਿਦੇਸ਼ੀ ਸੱਭਿਆਚਾਰ ਅਤੇ ਰਹਿਣ ਸਹਿਣ ਦੀ ਰੰਗਤ ਚੜ੍ਹਨ ਲੱਗ ਪੈਂਦੀ ਹੈ। ਵਿਦੇਸ਼ੀ ਮੁਲਕਾਂ ਦੇ ਬੱਚਿਆਂ ਵਾਂਗ ਉਨ੍ਹਾਂ ਦਾ ਜ਼ਿੰਦਗੀ ਜਿਉਣ ਦਾ ਢੰਗ ਆਪਣੇ ਮੁਲਕ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਵਿਦੇਸ਼ੀ ਮੁਲਕਾਂ ਦੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਰੋਕਣ ਟੋਕਣ ਦੀ ਪਾਬੰਦੀ ਕਾਰਨ ਬੱਚਿਆਂ ਦੇ ਸੁਭਾਅ ਵਿੱਚ ਆਪ ਹੁਦਰਾ ਸ਼ਾਹੀ ਹੁੰਦੀ ਹੈ। ਹੌਲੀ ਹੌਲੀ ਬੱਚੇ ਆਪਣੇ ਮੁਲਕ ਦੇ ਸੱਭਿਆਚਾਰ, ਭਾਸ਼ਾ, ਖਾਣ-ਪੀਣ, ਰਹਿਣ-ਸਹਿਣ ਅਤੇ ਵਿਚਾਰਾਂ ਤੋਂ ਦੂਰ ਹੁੰਦੇ ਜਾਂਦੇ ਹਨ। ਬੱਚਿਆਂ ਦੇ ਮਾਪੇ ਮਨੋਂ ਮਨੀ ਪਿਸਦੇ ਹਨ, ਪਰ ਉਨ੍ਹਾਂ ਕੋਲ ਬੱਚਿਆਂ ਨਾਲ ਸਮਝੌਤਾ ਕਰਨ ਤੋਂ ਬਿਨਾਂ ਕੋਈ ਹੱਲ ਨਹੀਂ ਹੁੰਦਾ।
ਸਿਹਤ ਸੇਵਾਵਾਂ ਦਾ ਮਾੜਾ ਪ੍ਰਬੰਧ, ਪੁਲੀਸ ਵਿਵਸਥਾ ਅਤੇ ਕਾਨੂੰਨਾਂ ਦੀਆਂ ਖਾਮੀਆਂ, ਦਿਨੋਂ ਦਿਨ ਵਧ ਰਹੀ ਬੇਰੁਜ਼ਗਾਰੀ, ਮਹਿੰਗੀ ਉਚੇਰੀ ਸਿੱਖਿਆ ਅਤੇ ਜਾਨ ਮਾਲ ਦੀ ਵਧ ਰਹੀ ਅਸੁਰੱਖਿਆ ਪਰਵਾਸ ਦੀਆਂ ਗੰਭੀਰ ਸਮੱਸਿਆਵਾਂ ਹਨ। ਪਰਵਾਸ ਦੀ ਰੇਗਿਸਤਾਨ ਦੀ ਮ੍ਰਿਗ ਤ੍ਰਿਸ਼ਨਾ ਵਾਲੀ ਜ਼ਿੰਦਗੀ ਨੂੰ ਵੇਖ ਕੇ ਅੰਨ੍ਹੇਵਾਹ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਨੌਜਵਾਨ ਪੀੜ੍ਹੀ ਨੂੰ ਇਹ ਗੱਲ ਆਪਣੇ ਗੱਠੀ ਬੰਨ੍ਹ ਲੈਣੀ ਚਾਹੀਦੀ ਹੈ ਕਿ ਉਹ ਜਿੰਨੀ ਮਿਹਨਤ ਵਿਦੇਸ਼ਾਂ ਵਿੱਚ ਆ ਕੇ ਕਰਦੇ ਹਨ, ਜੇਕਰ ਐਨੀ ਮਿਹਨਤ ਆਪਣੇ ਮੁਲਕ ਵਿੱਚ ਕੀਤੀ ਜਾਵੇ ਤਾਂ ਆਪਣੇ ਦੇਸ਼ ਵਿੱਚ ਇਸ ਤੋਂ ਵੀ ਬਿਹਤਰ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ।