ਸੁਧਾਰ ਕਾਲਜ ਸਾਹਮਣੇ ਕੁੱਟਮਾਰ ਦੇ ਦੋਸ਼ ਹੇਠ ਇਕ ਗ੍ਰਿਫ਼ਤਾਰ
ਸੰਤੋਖ ਗਿੱਲ
ਗੁਰੂਸਰ ਸੁਧਾਰ, 25 ਨਵੰਬਰ
ਲੁਧਿਆਣਾ-ਬਠਿੰਡਾ ਕੌਮੀ ਮਾਰਗ ਸਥਿਤ ਖ਼ਾਲਸਾ ਕਾਲਜ ਸੁਧਾਰ ਨੇੜੇ ਅੱਜ ਵਾਪਰੀਆਂ ਕੁੱਟਮਾਰ ਦੀਆਂ ਘਟਨਾਵਾਂ ਸਬੰਧੀ ਥਾਣਾ ਸੁਧਾਰ ਦੀ ਪੁਲੀਸ ਨੇ ਦੋ ਕੇਸ ਦਰਜ ਕੀਤੇ ਹਨ। ਇਸ ਸਬੰਧ ਵਿੱਚ ਪੁਲੀਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਅਨੁਸਾਰ ਕਾਲਜ ਦੇ ਬਾਹਰ ਅਮਨਪ੍ਰੀਤ ਸਿੰਘ ਵਾਸੀ ਸਹੌਲੀ ’ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ੀ ਵਾਸੀ ਪਿੰਡ ਅੱਬੂਵਾਲ, ਮਿੰਟੂ ਸ਼ਰਮਾ, ਗਗਨ ਤੇ ਲਵੀ ਵਾਸੀ ਦਾਦ ਵਜੋਂ ਹੋਈ ਹੈ, ਜਿਨ੍ਹਾਂ ਵਿੱਚੋਂ ਪੁਲੀਸ ਨੇ ਅਰਸ਼ਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਅਰਸ਼ਦੀਪ ’ਤੇ ਕੁਝ ਮਹੀਨੇ ਪਹਿਲਾਂ ਇੱਕ ਮੋਟਰਸਾਈਕਲ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਵੀ ਕੇਸ ਦਰਜ ਕੀਤਾ ਗਿਆ ਸੀ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੀ 23 ਨਵੰਬਰ ਨੂੰ ਵੀ ਕਾਲਜ ਨੇੜੇ ਹਰਜੀਤ ਸਿੰਘ ਵਾਸੀ ਬੁਰਜ ਲਿਟਾਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਹੌਬੀ ਧਾਲੀਵਾਲ ਵਾਸੀ ਟੂਸੇ ਤੇ ਅਰਸ਼ ਦਿਓਲ ਵਾਸੀ ਧਾਲੀਆਂ ਸਮੇਤ ਕਰੀਬ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੇ ਪੀੜਤ ਦੇ ਮੋਟਰਸਾਈਕਲ ਦੀ ਵੀ ਭੰਨ੍ਹ-ਤੋੜ ਕੀਤੀ ਸੀ।