ਸਰਪੰਚ ਦੀ ਹੱਤਿਆ ਮਾਮਲੇ ’ਚ ਇੱਕ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਤਰਨ ਤਾਰਨ, 18 ਨਵੰਬਰ
ਝਬਾਲ ਪੁਲੀਸ ਨੇ ਬੀਤੇ ਦਿਨ ਪਿੰਡ ਲਾਲੂ ਘੁੰਮਣ ਦੇ ਸਰਪੰਚ ਦੀ ਹੱਤਿਆ ਦੇ ਮਾਮਲੇ ’ਚ ਮੁਲਜ਼ਮ ਦੇਸਾ ਸਿੰਘ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਨੇ ਸਰਪੰਚ ਪ੍ਰਤਾਪ ਸਿੰਘ ਦੀ ਹੱਤਿਆ ਪਿੱਛੇ ਮੁੱਢਲੀ ਜਾਂਚ ਦੌਰਾਨ ਵਿਦੇਸ਼ ਬੈਠੇ ਗੈਂਗਸਟਰਾਂ ਦੇ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਹਾਕਮ ਧਿਰ ਆਮ ਆਦਮੀ ਪਾਰਟੀ ਦਾ ਆਗੂ ਸੀ। ਪ੍ਰਤਾਪ ਸਿੰਘ ਦੇ ਲੜਕੇ ਬਲਜਿੰਦਰ ਸਿੰਘ ਦੇ ਬਿਆਨ ’ਤੇ ਝਬਾਲ ਪੁਲੀਸ ਨੇ ਅੱਠ ਜਣਿਆਂ ਬਿਕਰਮਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਦੇਸਾ ਸਿੰਘ, ਬਲਰਾਮ ਸਿੰਘ ਵਾਸੀ ਲਾਲੂ ਘੁੰਮਣ ਤੋਂ ਇਲਾਵਾ ਕੈਨੇਡਾ ਵਾਸੀ ਗੈਂਗਸਟਰ ਰਣਜੀਤ ਸਿੰਘ ਰਾਣਾ, ਅੰਮ੍ਰਿਤਪਾਲ ਸਿੰਘ ਬਾਠ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਦੇ ਸਰਪੰਚ ਦੀ ਚੋਣ ਲਈ ਪ੍ਰਤਾਪ ਸਿੰਘ ਬਿਨਾਂ ਮੁਕਾਬਲਾ ਚੁਣਿਆ ਗਿਆ ਸੀ। ਹਾਲਾਂਕਿ ਉਸ ਦੇ ਬਰਾਬਰ ਬਿਕਰਮਜੀਤ ਸਿੰਘ ਨੇ ਵੀ ਨਾਮਜ਼ਦਗੀ ਭਰੀ ਸੀ ਪਰ ਉਸ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ ਸਨ। ਡੀਐੱਸਪੀ ਕਮਲਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇਸਾ ਸਿੰਘ ਕੋਲੋਂ ਇਕ ਪਿਸਤੌਲ, ਇਕ ਮੈਗਜ਼ੀਨ ਅਤੇ ਸੱਤ ਖੋਲ੍ਹ ਬਰਾਮਦ ਕੀਤਾ ਹੈ| ਬਲਜਿੰਦਰ ਸਿੰਘ ਨੇ ਕਿਹਾ ਕਿ ਦੇਸਾ ਸਿੰਘ ਨੂੰ ਸਰਪੰਚ ਦੀ ਚੋਣ ਜਿੱਤਣ ਤੋਂ ਬਾਅਦ ਲਗਾਤਾਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇੱਥੇ ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਪੰਚਾਇਤ ਦੀਆਂ ਚੋਣਾਂ ਦੌਰਾਨ ਵਿਦੇਸ਼ ਬੈਠੇ ਗੈਂਗਸਟਰਾਂ ਨੇ ਦਖਲਅੰਦਾਜ਼ੀ ਕੀਤੀ ਸੀ ਅਤੇ ਕਈ ਥਾਈਂ ਤਾਂ ਹਾਕਮ ਧਿਰ ’ਤੇ ਉਂਗਲਾਂ ਵੀ ਉਠਦੀਆਂ ਰਹੀਆਂ ਸਨ|