ਮੈਡੀਕਲ ਦੁਕਾਨ ਵਿੱਚੋਂ ਸਵਾ ਲੱਖ ਰੁਪਏ ਚੋਰੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਮਾਰਚ
ਇੱਥੇ ਬਰਨਾਲਾ ਰੋਡ ਸਥਿਤ ਪੁਲੀਸ ਲਾਈਨ ਅਤੇ ਰਜਵਾਹੇ ਨੇੜੇ ਮੈਡੀਕਲ ਦੁਕਾਨ ਵਿੱਚੋਂ ਸਵਾ ਲੱਖ ਰੁਪਏ ਚੋਰੀ ਹੋ ਗਏ। ਮੈਡੀਕਲ ਦੁਕਾਨ ਦਾ ਮਾਲਕ ਘਰ ਦੁਪਹਿਰ ਦਾ ਖਾਣਾ ਖਾਣ ਗਿਆ ਸੀ ਅਤੇ ਬਾਅਦ ਵਿੱਚ ਚੋਰ ਸ਼ੀਸ਼ੇ ਵਾਲੇ ਗੇਟ ਦਾ ਲੌਕ ਤੋੜ ਕੇ ਅੰਦਰ ਦਾਖਲ ਹੋਇਆ। ਦਰਾਜ ਦਾ ਲੌਕ ਤੋੜ ਕੇ ਕਰੀਬ ਸਵਾ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰੀ ਦੀ ਘਟਨਾ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਆਧਾਰ ’ਤੇ ਪੁਲੀਸ ਜਾਂਚ ਕਰ ਰਹੀ ਹੈ।
ਸੈਫ਼ੀ ਮੈਡੀਕਲ ਹਾਲ ਦੇ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੁਪਹਿਰ ਕਰੀਬ 2 ਤੋਂ 3 ਵਜੇ ਦੇ ਵਿਚਕਾਰ ਘਰ ਦੁਪਹਿਰ ਦਾ ਖਾਣਾ ਖਾਣ ਲਈ ਜਾਂਦਾ ਹੈ ਅਤੇ ਜਾਣ ਵੇਲੇ ਦੁਕਾਨ ਦਾ ਸ਼ੀਸ਼ੇ ਵਾਲਾ ਗੇਟ ਲੌਕ ਕਰਕੇ ਤੇ ਸ਼ਟਰ ਅੱਧਾ ਹੇਠਾਂ ਕਰਕੇ ਜਾਂਦਾ ਹੈ। ਜਦੋਂ ਉਹ ਖਾਣਾ ਖਾਣ ਮਗਰੋਂ ਦੁਕਾਨ ’ਤੇ ਵਾਪਸ ਆਇਆ ਤਾਂ ਦੁਕਾਨ ਦਾ ਸ਼ਟਰ ਅਤੇ ਸ਼ੀਸ਼ੇ ਵਾਲਾ ਗੇਟ ਖੁੱਲ੍ਹਾ ਪਿਆ ਸੀ। ਜਦੋਂ ਉਸ ਨੇ ਆਪਣੀ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਅਣਪਛਾਤੇ ਵਿਅਕਤੀ ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ, ਨੇ ਪੇਚਕਸ਼ ਨਾਲ ਦੁਕਾਨ ਦੇ ਸ਼ੀਸ਼ੇ ਵਾਲੇ ਗੇਟ ਦਾ ਲੌਕ ਖੋਲ੍ਹਿਆ ਅਤੇ ਦੁਕਾਨ ਅੰਦਰ ਦਾਖਲ ਹੋਇਆ। ਦੁਕਾਨ ’ਚ ਕਾਊਂਟਰ ਦਾ ਦਰਾਜ ਪੇਸ਼ਕਸ਼ ਨਾਲ ਲੌਕ ਤੋੜ ਕੇ ਖੋਲ੍ਹਿਆ ਜਿਸ ਵਿੱਚ ਪਏ ਕਰੀਬ ਸਵਾ ਲੱਖ ਰੁਪਏ ਚੋਰੀ ਕਰਕੇ ਲੈ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਉਸ ਦੀ ਨੂੰਹ ਮਹਿਲਾਂ ਰੋਡ ਸੰਗਰੂਰ ਵਿਖੇ ਸਥਿਤ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਹੈ ਜਿਸਦੇ ਇਲਾਜ ਦਾ ਹਿਸਾਬ ਕਿਤਾਬ ਕਰਕੇ ਦੇਣ ਲਈ ਇਹ ਪੈਸੇ ਰੱਖੇ ਸਨ। ਥਾਣਾ ਸਿਟੀ-1 ਦੇ ਇੰਚਾਰਜ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਚੋਰੀ ਦੀ ਘਟਨਾ ਸਬੰਧੀ ਸੀਸੀਟੀਵੀ ਚੈਕ ਕਰਕੇ ਚੋਰ ਦਾ ਸੁਰਾਗ ਲਾਉਣ ਲਈ ਪੁਲੀਸ ਜੁਟੀ ਹੋਈ ਹੈ ਅਤੇ ਜਲਦ ਹੀ ਮਾਮਲਾ ਟਰੇਸ ਕਰ ਲਿਆ ਜਾਵੇਗਾ।