ਕਰਾਚੀ ਵਿੱਚ ਡੇਢ ਸੌ ਸਾਲ ਪੁਰਾਣਾ ਮੰਦਰ ਢਾਹਿਆ
ਕਰਾਚੀ, 16 ਜੁਲਾਈ
ਇਥੇ ਲਗਭਗ 150 ਸਾਲ ਪੁਰਾਣੇ ਮੰਦਰ ਨੂੰ ਅਸੁਰੱਖਿਅਤ ਐਲਾਨਦੇ ਹੋਏ ਢਾਹ ਦਿੱਤਾ ਗਿਆ। ਇਸ ਘਟਨਾ ਕਾਰਨ ਹਿੰਦੂ ਭਾਈਚਾਰਾ ਸਦਮੇ ਵਿੱਚ ਹੈ। ਵੇਰਵਿਆਂ ਅਨੁਸਾਰ ਇਥੋਂ ਦੇ ਸੋਲਜਰ ਬਾਜ਼ਾਰ ਵਿੱਚ ਮਾੜੀ ਮਾਤਾ ਮੰਦਰ ਨੂੰ ਪੁਲੀਸ ਬਲ ਦੀ ਮੌਜੂਦਗੀ ਵਿੱਚ ਸ਼ੁੱਕਰਵਾਰ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਗਿਆ। ਇਲਾਕੇ ਦੇ ਮੰਦਰਾਂ, ਜਨਿ੍ਹਾਂ ਵਿੱਚ ਸ੍ਰੀ ਪੰਚ ਮੁਖੀ ਹਨੂੰਮਾਨ ਮੰਦਰ ਵੀ ਸ਼ਾਮਲ ਹੈ, ਦੀ ਦੇਖਭਾਲ ਕਰਨ ਵਾਲੇ ਰਾਮ ਨਾਥ ਮਿਸ਼ਰਾ ਮਹਾਰਾਜ ਨੇ ਕਿਹਾ ਕਿ ਮੰਦਰ ਨੂੰ ਢਾਹੁਣ ਦੀ ਕਾਰਵਾਈ ਨੂੰ ਸ਼ੁੱਕਰਵਾਰ ਤੜਕੇ ਅੰਜਾਮ ਦਿੱਤਾ ਗਿਆ ਤੇ ਸਾਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਦਿੱਤੀ ਗਈ।
ਉਨ੍ਹਾਂ ਦੱਸਿਆ ਮੰਦਰ ਦੀ ਬਾਹਰਲੀ ਕੰਧ ਤੇ ਮੁੱਖ ਗੇਟ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਤੇ ਅੰਦਰਲੇ ਹਿੱਸਾ ਨੂੰ ਢਾਹ ਦਿੱਤਾ ਗਿਆ। ਮਿਸ਼ਰਾ ਅਨੁਸਾਰ ਇਹ ਮੰਦਰ 150 ਸਾਲ ਪਹਿਲਾਂ ਉਸਾਰਿਆ ਗਿਆ ਸੀ ਤੇ ਇਸ ਦੇ ਵਿਹੜੇ ਹੇਠ ਖਜ਼ਾਨਾ ਵੀ ਦੱਬਿਆ ਹੋਇਆ ਹੈ। ਇਹ ਮੰਦਰ 400-500 ਵਰਗ ਗਜ਼ ਰਕਬੇ ’ਤੇ ਉਸਾਰਿਆ ਗਿਆ ਸੀ ਤੇ ਪਿਛਲੇ ਕੁਝ ਸਾਲਾਂ ਤੋਂ ਇਸ ਜ਼ਮੀਨ ’ਤੇ ਭੂ-ਮਾਫੀਆ ਦੀ ਨਜ਼ਰ ਸੀ। ਸਥਾਨਕ ਥਾਣੇ ਦੇ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਬੰਧਤ ਅਥਾਰਿਟੀ ਨੇ ਇਸ ਪ੍ਰਚੀਨ ਮੰਦਰ ਨੂੰ ਅਸੁਰੱਖਿਅਤ ਐਲਾਨਿਆ ਸੀ ਜਿਸ ਕਾਰਨ ਇਸ ਨੂੰ ਢਾਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੰਦਰ ਦੀ ਦੇਖਰੇਖ ਕਰਨ ਵਾਲੇ ਕਰਾਚੀ ਦੇ ਮਦਰਾਸੀ ਹਿੰਦੂ ਭਾਈਚਾਰੇ ਨੇ ਵੀ ਮੰਨ ਲਿਆ ਸੀ ਕਿ ਮੰਦਰ ਕਾਫੀ ਪੁਰਾਣਾ ਤੇ ਅਸੁਰੱਖਿਅਤ ਹੈ। ਮੰਦਰ ਦੇ ਪ੍ਰਬੰਧਕਾਂ ਨੇ ਮੂਰਤੀਆਂ ਨੂੰ ਆਰਜ਼ੀ ਤੌਰ ’ਤੇ ਇਕ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਸੀ। ਇਸੇ ਦੌਰਾਨ ਇਲਾਕੇ ਦੇ ਹਿੰਦੂ ਆਗੂ ਰਾਮੇਸ਼ ਨੇ ਦੋਸ਼ ਲਾਇਆ ਕਿ ਮੰਦਰ ਦੇ ਪ੍ਰਬੰਧਕਾਂ ’ਤੇ ਪਿਛਲੇ ਕੁਝ ਸਮੇਂ ਤੋਂ ਜ਼ਮੀਨ ਨੂੰ ਖਾਲੀ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਹੁਣ ਜਾਅਲੀ ਦਸਤਾਵੇਜ਼ਾਂ ਰਾਹੀਂ ਜ਼ਮੀਨ ਨੂੰ ਇਕ ਡਿਵੈਲਪਰ ਨੂੰ ਵੇਚ ਦਿੱਤਾ ਗਿਆ ਹੈ ਜੋ ਇਥੇ ਕਮਰਸ਼ੀਅਲ ਇਮਾਰਤ ਉਸਾਰਨਾ ਚਾਹੁੰਦਾ ਹੈ। ਇਸੇ ਦੌਰਾਨ ਪਾਕਿਸਤਾਨ-ਹਿੰਦੂ ਕਾਊਂਸਿਲ ਨੇ ਸਿੰਧ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਤੇ ਸਿੰਧ ਪੁਲੀਸ ਦੇ ਇੰਸਪੈਕਟਰ-ਜਨਰਲ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਬਾਰੇ ਗੰਭੀਰਤਾ ਨਾਲ ਨੋਟਿਸ ਲਿਆ ਜਾਵੇ ਤੇ ਛੇਤੀ ਹੀ ਕਾਰਵਾਈ ਕੀਤੀ ਜਾਵੇ। -ਪੀਟੀਆਈ
ਪਾਕਿਸਤਾਨ ਵਿੱਚ ਮੰਦਰ ’ਤੇ ਰਾਕੇਟ ਦਾਗ਼ੇ
ਕਰਾਚੀ: ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਡਾਕੂਆਂ ਦੇ ਇੱਕ ਗੈਂਗ ਨੇ ਅੱਜ ਤੜਕੇ ਹਿੰਦੂ ਮੰਦਰ ’ਤੇ ਰਾਕੇਟ ਲਾਂਚਰਾਂ ਨਾਲ ਹਮਲਾ ਕਰ ਦਿੱਤਾ। ਦੋ ਦਨਿਾਂ ਵਿੱਚ ਮੰਦਰਾਂ ਦੀ ਭੰਨ-ਤੋੜ ਦੀ ਇਹ ਦੂਜੀ ਘਟਨਾ ਹੈ। ਹਮਲਾਵਰਾਂ ਵੱਲੋਂ ਇਹ ਹਮਲਾ ਸਿੰਧ ਸੂਬੇ ਦੇ ਕਾਸ਼ਮੋਰ ਖੇਤਰ ਵਿੱਚ ਕੀਤਾ ਗਿਆ। ਇਸ ਦੇ ਨਾਲ ਹੀ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਘਰ ਹਨ। ਹਮਲਾਵਰਾਂ ਵੱਲੋਂ ਬਨਿਾਂ ਭੜਕਾਹਟ ਦੇ ਮੰਦਰ ’ਤੇ ਗੋਲਾਬਾਰੀ ਕੀਤੀ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਕਾਸ਼ਮੋਰ-ਕੰਧਕੋਟ ਦੇ ਐੱਸਐੱਸਪੀ ਇਰਫਾਨ ਸਾਮੋ ਪੁਲੀਸ ਪਾਰਟੀ ਨਾਲ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਅੱਠ-ਨੌਂ ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਜਨਿ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਮੰਦਰ ਬਾਗਰੀ ਫਿਰਕੇ ਨਾਲ ਸਬੰਧਤ ਹੈ। ਇਸ ਫਿਰਕੇ ਦੇ ਡਾ. ਸੁਰੇਸ਼ ਨੇ ਕਿਹਾ ਕਿ ਡਾਕੂਆਂ ਵੱਲੋਂ ਦਾਗ਼ੇ ਗਏ ਰਾਕੇਟ ਲਾਂਚਰ ਫਟੇ ਨਹੀਂ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। -ਪੀਟੀਆਈ