ਬੇਕਰੀ ’ਚ ਅੱਗ ਲੱਗਣ ਕਾਰਨ ਡੇਢ ਕਰੋੜ ਦਾ ਨੁਕਸਾਨ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਜੂਨ
ਸ਼ਹਿਰ ਦੇ ਜਾਖਲ ਰੋਡ ‘ਤੇ ਸਥਿਤ ਇੱਕ ਬੇਕਰੀ ਦੀ ਦੁਕਾਨ ਵਿੱਚ ਬੀਤੀ ਰਾਤ ਲੱਗੀ ਅੱਗ ਕਰ ਕੇ ਦੁਕਾਨ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿੱਚ ਡੇਢ ਕਰੋੜ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਦੁਕਾਨ ਮਾਲਕ ਅਸ਼ਵਨੀ ਕੁਮਾਰ ਨੂੰ ਅੱਗ ਬਾਰੇ ਸਵੇਰੇ ਪਤਾ ਲੱਗਾ। ਜਾਣਕਾਰੀ ਅਨੁਸਾਰ ਇਕੱਤਰ ਹੋਏ ਲੋਕਾਂ ਅਤੇ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਸੜ ਰਹੇ ਸਾਮਾਨ ‘ਚੋਂ ਗੈਸ ਸਿਲੰਡਰਾਂ ਨੂੰ ਕੱਢਿਆ। ਸੂਚਨਾ ਦੇਣ ‘ਤੇ ਦੇਰੀ ਨਾਲ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਭਾਰੀ ਮੁਸ਼ੱਕਤ ਮਗਰੋਂ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਮੌਕੇ ਸ਼ਹਿਰ ਦੇ ਵਪਾਰੀਆਂ ਨੇ ਸ਼ਹਿਰ ਵਿੱਚ ਫਾਇਰ ਬ੍ਰਿਗੇਡ 24 ਘੰਟੇ ਰੱਖੇ ਜਾਣ ਦੀ ਮੰਗ ਕਰਨ ਦੇ ਨਾਲ-ਨਾਲ ਅੱਗ ਨਾਲ ਹੋਏ ਨੁਕਸਾਨ ਦਾ ਪੂਰਾ ਮੁਆਵਾਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਘਟਨਾ ਦਾ ਪਤਾ ਲੱਗਣ ‘ਤੇ ਐੱਸਡੀਐੱਮ ਨਵਦੀਪ ਕੁਮਾਰ ਤੇ ਤਹਿਸੀਲਦਾਰ ਪਾਤੜਾਂ ਮਨਦੀਪ ਕੌਰ ਨੇ ਮੌਕੇ ‘ਤੇ ਪਹੁੰਚ ਕੇ ਹਮਦਰਦੀ ਦਾ ਇਜ਼ਹਾਰ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।
ਇਸ ਦੌਰਾਨ ਦੁਕਾਨ ਮਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜੇਕਰ ਦੁਕਾਨ ‘ਚ ਪਏ ਗੈਸ ਸਿਲੰਡਰ ਬਾਹਰ ਨਾ ਕੱਢੇ ਜਾਂਦੇ ਤਾਂ ਇਨ੍ਹਾਂ ਨੂੰ ਅੱਗ ਲੱਗਣ ਕਾਰਨ ਨਾਲ ਲੱਗਦੀਆਂ ਦੁਕਾਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ। ਉਸ ਦੱਸਿਆ ਕਿ ਘਟਨਾ ਵਿੱਚ 6 ਫਰਿੱਜ, 22 ਏਅਰਕੰਡੀਸ਼ਨਰ ਕਾਊਂਟਰ, ਬੇਕਰੀ ਨਾਲ ਭਰਿਆ ਸ਼ੋਅਰੂਮ ਅਤੇ ਏਸੀ ਸੜਨ ਨਾਲ ਡੇਢ ਕਰੋੜ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਵਪਾਰ ਮੰਡਲ ਪਾਤੜਾਂ ਦੇ ਪ੍ਰਧਾਨ ਰਾਜੇਸ਼ ਕੁਮਾਰ ਸਿੰਗਲਾ, ਰੋਟਰੀ ਕੱਲਬ ਦੇ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਨੇ ਮੰਗ ਕੀਤੀ ਕਿ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤੇ ਅੱਗ ਦੀਆਂ ਘਟਨਾਵਾਂ ‘ਤੇ ਤੁਰੰਤ ਕਾਬੂ ਪਾਏ ਜਾਣ ਲਈ ਫਾਇਰਬ੍ਰਿਗੇਡ ਦਾ ਪਾਤੜਾਂ ਵਿੱਚ ਪੱਕਾ ਪ੍ਰਬੰਧ ਕੀਤਾ ਜਾਵੇ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਯਕੀਨ ਦਿਵਾਇਆ ਕਿ ਅੱਗ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਹਰ ਸੰਭਵ ਯਤਨ ਕੀਤੇ ਜਾਣਗੇ।