ਗੁਲਾਬ ਮੇਲੇ ਦੇ ਦੂਜੇ ਦਿਨ ਕੰਵਰ ਗਰੇਵਾਲ ਨੇ ਦਰਸ਼ਕ ਕੀਲੇ
ਮੁਕੇਸ਼ ਕੁਮਾਰ
ਚੰਡੀਗੜ੍ਹ, 24 ਫਰਵਰੀ
ਚੰਡੀਗੜ੍ਹ ਦੇ ਸੈਕਟਰ-16 ਸਥਿਤ ਰੋਜ਼ ਗਾਰਡਨ ਵਿੱਚ ਜਾਰੀ ਤਿੰਨ ਰੋਜ਼ਾ 52ਵੇਂ ਗੁਲਾਬ ਮੇਲੇ ਦਾ ਦੂਜਾ ਦਿਨ ਸੱਭਿਆਚਾਰਕ ਪ੍ਰੋਗਰਾਮਾਂ ਸਣੇ ਵੱਖ ਵੱਖ ਮੁਕਾਬਲਿਆਂ ਨਾਲ ਭਰਪੂਰ ਰਿਹਾ। ਜ਼ਿਕਰਯੋਗ ਹੈ ਕਿ ‘ਦਿ ਟ੍ਰਿਬਿਊਨ’ ਇਸ ਗੁਲਾਬ ਮੇਲੇ ਦਾ ਮੀਡੀਆ ਪਾਰਟਨਰ ਹੈ।
ਅੱਜ ਦੀ ਸੰਗੀਤਕ ਸ਼ਾਮ ਗਾਇਕ ਕੰਵਰ ਗਰੇਵਾਲ ਦੇ ਨਾਮ ਰਹੀ। ਉਨ੍ਹਾਂ ਸੂਫੀ ਨਾਈਟ ਦੌਰਾਨ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਫੈਸਟੀਵਲ ਦੇ ਦੂਜੇ ਇੱਥੇ ਕਰਵਾਏ ਰੋਜ਼ ਪ੍ਰਿੰਸ ਅਤੇ ਰੋਜ਼ ਪ੍ਰਿੰਸੇਸ, ਫੋਟੋਗ੍ਰਾਫੀ, ਮਿਸਟਰ ਰੋਜ਼ ਐਂਡ ਮਿਸ ਰੋਜ਼, ਰੋਜ਼ ਕਿੰਗ ਐਂਡ ਰੋਜ਼ ਕੁਈਨ (ਸੀਨੀਅਰ ਸਿਟੀਜ਼ਨ) ਅਤੇ ਕੁਇਜ਼ ਵਿੱਚ ਦਰਸ਼ਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਆਨੰਦ ਮਾਣਿਆ। ਇਸ ਤੋਂ ਇਲਾਵਾ ਮੇਲੇ ਦੌਰਾਨ ਦਿੱਲੀ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਕਠਪੁਤਲੀ ਸ਼ੋਅ, ਰਾਜਸਥਾਨੀ ਨਾਚ ਅਤੇ ਹਿਮਾਚਲੀ ਨਾਟੀ ਨੇ ਵੀ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਦੇ ਨਾਲ-ਨਾਲ ਇੱਥੋਂ ਦੇ ਸਕੂਲਾਂ ਅਤੇ ਕਾਲਜਾਂ ਦੇ ਸਥਾਨਕ ਕਲਾਕਾਰਾਂ ਵੱਲੋਂ ਵੀ ਕਈ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।
ਨਗਰ ਨਿਗਮ ਵੱਲੋਂ ਇਸ 52ਵਾਂ ਗੁਲਾਬ ਮੇਲਾ ‘ਜ਼ੀਰੋ ਵੇਸਟ’ ਨੂੰ ਸਮਰਪਿਤ ਹੈ। ਇਸ ਵਿੱਚ ‘ਸਵੱਛ ਗੇਮ ਜ਼ੋਨ’ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਅੱਜ ਸ਼ਨਿਚਰਵਾਰ ਛੁੱਟੀ ਹੋਣ ਕਾਰਨ ਮੇਲੇ ’ਚ ਭਾਰੀ ਭੀੜ ਸੀ ਅਤੇ ਇੱਥੇ ਪਹੁੰਚੇ ਲੋਕਾਂ ਨੇ ਰੰਗ-ਬਿਰੰਗੇ ਫੁੱਲਾਂ ਦੇ ਨਾਲ-ਨਾਲ ਸੈਲਫੀਆਂ ਲਈਆਂ ਅਤੇ ਮੇਲੇ ਦਾ ਆਨੰਦ ਮਾਣਿਆ।
ਚੰਡੀਗੜ੍ਹ ਪੁਲੀਸ ਵੱਲੋਂ ਸਾਈਬਰ ਅਪਰਾਧ ਬਾਰੇ ਜਾਗਰੂਕ ਕਰਨ ਦੇ ਉਪਰਾਲੇ
ਗੁਲਾਬ ਮੇਲੇ ਵਿੱਚ ਚੰਡੀਗੜ੍ਹ ਪੁਲੀਸ ਦੀ ਸਾਈਬਰ ਬ੍ਰਾਂਚ ਵਲੋਂ ਇੱਥੇ ਪੁੱਜੇ ਦਰਸ਼ਕਾਂ ਨੂੰ ਸਾਈਬਰ ਅਪਰਾਧ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਾਈਬਰ ਅਪਰਾਧ ਬ੍ਰਾਂਚ ਦੇ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਪੁਲੀਸ ਵਲੋਂ ਲੋਕਾਂ ਨੂੰ ਸਾਈਬਰ ਅਪਰਾਧ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਅਪਰਾਧ ਬ੍ਰਾਂਚ ਵੱਲੋਂ ਇੱਥੇ ਮੁਕਾਬਲਿਆਂ ਅਤੇ ਖੇਡਾਂ ਸਣੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਦਰਸ਼ਕਾਂ ਨੂੰ ਸਾਈਬਰ ਅਪਰਾਧ ਤੇ ਇਸ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੈਲਪਲਾਈਨ ਨੰਬਰ 1530 ’ਤੇ ਤੁਰੰਤ ਸੰਪਰਕ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।