ਜ਼ਿੰਦਗੀ ਦੇ ਰਾਹਾਂ ’ਤੇ
ਮੋਹ ਦੇ ਕਦਮ
ਦਾਦੀ ਗੋਡਿਆਂ ਨੂੰ ਤੇਲ ਲਾ ਕੇ ਮਾਲਿਸ਼ ਕਰ ਰਹੀ ਸੀ। ਨੇੜੇ ਹੀ ਦਰੀ ਉੱਤੇ ਪੋਤਾ ਬਲਾਕਾਂ ਨਾਲ ਮਕਾਨ ਉਸਾਰ ਰਿਹਾ ਸੀ। ਦਾਦੀ ਨੇ ਪੁੱਛਿਆ, ‘‘ਵੇ ਤੇਰੇ ਚਾਚੇ ਦਾ ਕਿਹੜਾ ਕਮਰਾ ਹੈ?’’ ‘‘ਦਾਦੀ, ਦੂਜੀ ਮੰਜ਼ਿਲ ’ਤੇ।’’ ‘‘...ਤੇ ਮੇਰਾ?’’ ‘‘ਦਾਦੀ, ਤੇਰਾ ਸਭ ਤੋਂ ਉਤਲੀ ਮੰਜ਼ਿਲ ’ਤੇ।’’ ਪੋਤੇ ਨੇ ਜਦੋਂ ਦਾਦੀ ਦੇ ਗੋਡਿਆਂ ਵੱਲ ਧਿਆਨ ਦਿੱਤਾ ਤਾਂ ਆਪਣਾ ਬਣਾਇਆ ਮਕਾਨ ਢਾਹ ਦਿੱਤਾ ਅਤੇ ਸਾਰੇ ਕਮਰੇ ਜ਼ਮੀਨ ਉੱਤੇ ਹੀ ਬਣਾਉਣ ਲੱਗ ਪਿਆ। ਜ਼ਮੀਨ ’ਤੇ ਬਣੇ ਕਮਰਿਆਂ ਵਿੱਚੋਂ ਚੁਣ ਕੇ ਕਹਿੰਦਾ, ‘‘ਤੁਹਾਡਾ ਇਹ ਕਮਰਾ ਹੈ ਦਰਵਾਜ਼ੇ ਦੇ ਨਾਲ। ਤੁਹਾਡੇ ਤੋਂ ਚਾਰ ਮੰਜ਼ਿਲਾਂ ਦੀਆਂ ਪੌੜੀਆਂ ਚੜ੍ਹੀਆਂ ਨਹੀਂ ਜਾਣੀਆਂ। ਮੈਂ ਤੁਹਾਡੀ ਸਮੱਸਿਆ ਹੱਲ ਕਰ ਦਿੱਤੀ ਹੈ।’’ ਦਾਦੀ ਨੂੰ ਪੋਤੇ ’ਤੇ ਬੜਾ ਮੋਹ ਆਇਆ। ਉਹ ਉੱਠ ਕੇ ਕਈ ਕਦਮ ਚੱਲ ਕੇ ਉਸ ਤੱਕ ਗਈ ਅਤੇ ਪੋਤੇ ਨੂੰ ਬੁੱਕਲ ਵਿੱਚ ਲੈ ਕੇ ਲਾਡ ਅਤੇ ਪਿਆਰ ਦੀ ਝੜੀ ਲਾ ਦਿੱਤੀ। ਇਹ ਕਦਮ ਚੱਲਦਿਆਂ ਦਾਦੀ ਦੇ ਗੋਡਿਆਂ ਨੂੰ ਕੋਈ ਦਰਦ ਨਹੀਂ ਸੀ ਹੋਈ।
* * *
ਪਤੀ ਪਤਨੀ
ਸਾਡੇ ਨਾਲ ਇੱਕ ਵਿਅਕਤੀ ਸੈਰ ਕਰਿਆ ਕਰਦਾ
ਸੀ। ਉਸ ਨੇ ਨਿੱਕਰ ਪਾਈ ਹੁੰਦੀ ਸੀ। ਸਾਰੇ ਦਰਜ਼ੀ ਨਿੱਕਰ ਨਹੀਂ ਸਿਉਂਦੇ। ਮੈਂ ਪੁੱਛਿਆ, ‘‘ਕਿੱਥੋਂ ਸਵਾਈ
ਹੈ?’’ ਉਸ ਨੇ ਕਿਹਾ ਕਿ ਇਹ ਉਸ ਦੀ ਪਤਨੀ ਨੇ
ਬਣਵਾ ਕੇ ਦਿੱਤੀ ਹੈ, ਉਸ ਤੋਂ ਪੁੱਛ ਕੇ ਦੱਸੇਗਾ। ਉਸ
ਨੇ ਆਪ ਹੀ ਦੱਸਿਆ ਕਿ ਉਸ ਦੀ ਪਤਨੀ ਨੇ ਉਸ
ਨੂੰ ਕਿਵੇਂ ਖੂੰਜੇ ਲਾਇਆ ਹੋਇਆ ਹੈ। ਵਿਆਹ
ਉਪਰੰਤ ਪਤਨੀ ਨੇ ਪਤੀ ਨੂੰ ਭੜਥੇ ਵਾਲੇ ਬੈਂਗਣ ਖਰੀਦਣ ਲਈ ਭੇਜਿਆ। ਪਤੀ ਦੇ ਲਿਆਂਦੇ ਬੈਂਗਣਾਂ
ਨੂੰ ਵੇਖ ਕੇ ਪਤਨੀ ਨੇ ਕਿਹਾ, ਇਹ ਤਾਂ ਕੀੜਿਆਂ
ਵਾਲੇ ਹਨ। ਇਹ ਕਹਿ ਕੇ ਪਤਨੀ ਨੇ ਬੈਂਗਣ ਸੁੱਟ ਦਿੱਤੇ। ਦੋ-ਤਿੰਨ ਦਿਨ ਮਗਰੋਂ ਪਤਨੀ ਨੇ ਘੀਆ ਲਿਆਉਣ ਲਈ ਕਿਹਾ। ਲਿਆਂਦੇ ਘੀਏ ਨੂੰ ਉਸ ਨੇ ਪੱਕਿਆ ਹੋਇਆ ਕਹਿ ਕੇ ਸੁੱਟ ਦਿੱਤਾ ਅਤੇ ਕਿਹਾ, ‘‘ਤੁਹਾਨੂੰ ਸਬਜ਼ੀ ਖਰੀਦਣੀ ਨਹੀਂ ਆਉਂਦੀ।’’ ਇਉਂ ਪਤਨੀ ਨੇ ਪਤੀ ਵੱਲੋਂ ਕੀਤੇ ਜਾਣ ਵਾਲੇ ਹਰੇਕ ਕੰਮ ਵਿੱਚ ਨੁਕਸ ਕੱਢ ਕੇ ਉਸ ਨੂੰ ਨਾਲਾਇਕ ਸਿੱਧ ਕਰ ਕੇ ਉਸ ਤੋਂ ਸਾਰੇ ਅਧਿਕਾਰ ਖੋਹ ਲਏ। ਪਤੀ ਦਾ ਇੱਕ ਹੀ ਕੰਮ ਰਹਿ ਗਿਆ, ਉਹ ਹਰ ਮਹੀਨੇ ਆਪਣੀ ਸਾਰੀ ਤਨਖ਼ਾਹ ਪਤਨੀ ਨੂੰ ਦੇਣ ਲੱਗ ਪਿਆ। ਹੌਲੀ ਹੌਲੀ ਪਤਨੀ ਪਤੀ ਬਣ ਗਈ ਅਤੇ ਪਤੀ ਆਪ ਹੀ ਖੂੰਜੇ ਲੱਗ ਗਿਆ ਤੇ ਪਤਨੀ ਦਾ ਸੇਵਾਦਾਰ ਬਣ ਗਿਆ। ਇਹ ਵਿਅਕਤੀ ਪਤਨੀ ਦੀਆਂ ਗੱਲਾਂ ਨਾਲ ਸੈਰ ਕਰਦਿਆਂ ਸਾਡਾ ਮਨੋਰੰਜਨ ਕਰਦਾ ਸੀ ਅਤੇ ਖੂੰਜੇ ਵਿੱਚ ਲੱਗੇ ਹੋਣ
ਦਾ ਮਾਣ ਕਰਦਾ ਸੀ। ਵੱਡੀ ਉਮਰ ਦੇ ਵਿਅਕਤੀ
ਦਾ ਦਿਮਾਗ਼ ਵਧੇਰੇ ਵਿਹਾਰਕ ਹੁੰਦਾ ਹੈ।
* * *
ਵਫ਼ਾ
ਇੱਕ ਕੰਪਨੀ ਮੀਟ ਨੂੰ ਡੱਬਿਆਂ ਵਿੱਚ ਬੰਦ ਕਰਦੀ ਸੀ। ਇੱਕ ਦਿਨ ਉੱਥੇ ਕੰਮ ਕਰਦੀ ਇੰਸਪੈਕਟਰ ਮਹਿਲਾ, ਮੀਟ ਵਾਲਾ ਵੱਡਾ ਫਰੀਜ਼ਰ ਖੋਲ੍ਹ ਕੇ ਪੜਤਾਲ ਲਈ ਅੰਦਰ ਦਾਖ਼ਲ ਹੋਈ ਪਰ ਉਸ ਦੀ ਗ਼ਲਤੀ ਨਾਲ ਰੇਲਵੇ ਇੰਜਣ ਜਿੰਨੇ ਵੱਡੇ ਅਤੇ ਲੰਮੇ ਫਰੀਜ਼ਰ ਦਾ ਦਰਵਾਜ਼ਾ ਬਾਹਰੋਂ ਬੰਦ ਹੋ ਗਿਆ ਜਿਸ ਕਾਰਨ ਉਹ ਮਹਿਲਾ ਅੰਦਰ ਬੰਦ ਹੋ ਗਈ ਜਿੱਥੇ ਕੋਈ ਵੱਧ ਤੋਂ ਵੱਧ ਛੇ ਘੰਟੇ ਹੀ ਜਿਊਂਦਾ ਰਹਿ ਸਕਦਾ ਸੀ। ਉਸ ਮਹਿਲਾ ਨੇ ਅੰਦਰੋਂ ਦਰਵਾਜ਼ਾ ਖੜਕਾਇਆ ਪਰ ਕੋਈ ਅਸਰ ਨਾ ਹੋਇਆ। ਕੰਮ ਕਰਨ ਵਾਲੇ ਸਾਰੇ ਕਰਮਚਾਰੀ ਛੁੱਟੀ ਕਰਕੇ ਜਾ ਚੁੱਕੇ ਸਨ। ਉਸ ਮਹਿਲਾ ਨੇ ਮਰ ਜਾਣਾ ਸੀ। ਉਸ ਨੂੰ ਸੁੱਝ ਹੀ ਨਹੀਂ ਸੀ ਰਿਹਾ ਕਿ ਕੀ ਕਰੇ। ਕੁਝ ਚਿਰ ਮਗਰੋਂ ਚੌਕੀਦਾਰ ਨੇ ਬਾਹਰੋਂ ਫਰੀਜ਼ਰ ਦਾ ਦਰਵਾਜ਼ਾ ਖੋਲ੍ਹਿਆ। ਉਸ ਮਹਿਲਾ ਨੇ ਚੌਕੀਦਾਰ ਨੂੰ ਪੁੱਛਿਆ, ‘‘ਤੂੰ ਕਿਵੇਂ ਦਰਵਾਜ਼ਾ ਖੋਲ੍ਹਣ ਆ ਗਿਆ?’’ ਚੌਕੀਦਾਰ ਨੇ ਕਿਹਾ, ‘‘ਕੇਵਲ ਤੁਸੀਂ ਹੋ ਜਿਹੜੇ ਆਉਣ ਵੇਲੇ ਅਤੇ ਜਾਣ ਵੇਲੇ ਮੈਨੂੰ ‘ਹੈਲੋ’ ਕਹਿੰਦੇ ਹੋ। ਅੱਜ ਤੁਸੀਂ ਜਾਣ ਵੇਲੇ ਦੀ ‘ਹੈਲੋ’ ਨਹੀਂ ਸੀ ਕਹੀ, ਮੈਂ ਤੁਹਾਨੂੰ ਲੱਭਿਆ ਪਰ ਤੁਸੀਂ ਲੱਭੇ ਨਹੀਂ। ਮੈਂ ਜਾਣਦਾ ਸੀ ਕਿ ਤੁਸੀਂ ਅਜੇ ਗਏ ਨਹੀਂ। ਤੁਹਾਨੂੰ ਲੱਭਣਾ ਸ਼ੁਰੂ ਕੀਤਾ। ਖ਼ਿਆਲ ਆਇਆ ਕਿ ਕਿਧਰੇ ਅੰਦਰ ਨਾ ਹੋਵੋ।’’ ਵਫ਼ਾਦਾਰੀ ਇਵੇਂ ਵਫ਼ਾ ਕਰਦੀ ਹੈ।
* * *
ਦਿਮਾਗ਼ੀ ਵਰਤੋਂ
ਬਜ਼ੁਰਗ ਦਿਮਾਗ਼ ਦੇ ਦੋਵੇਂ ਪਾਸਿਆਂ ਨੂੰ ਵਰਤਦੇ ਹਨ ਜਦੋਂਕਿ ਜਵਾਨ ਇੱਕ ਵੇਲੇ ਇੱਕ ਨੂੰ ਹੀ ਵਰਤਦੇ ਹਨ। ਵੱਡੀ ਉਮਰ ਵਿੱਚ ਭਾਵਨਾਵਾਂ ਅਤੇ ਬੁੱਧੀ ਵਿਚਕਾਰ ਇਕਸੁਰਤਾ ਹੁੰਦੀ ਹੈ ਜਿਸ ਨਾਲ ਰਚਨਾਤਮਿਕ ਸ਼ਕਤੀ ਵਧ ਜਾਂਦੀ ਹੈ। ਇਹੀ ਕਾਰਨ ਹੈ ਕਿ ਵਧੇਰੇ ਵਿਅਕਤੀਆਂ ਨੇ ਸਭ ਤੋਂ ਵਧੇਰੇ ਉਪਯੋਗੀ ਵਿਚਾਰ, ਫਾਰਮੂਲੇ ਅਤੇ ਰਚਨਾਵਾਂ ਦਾ ਨਿਰਮਾਣ ਸੱਠ ਸਾਲ ਤੋਂ ਮਗਰੋਂ ਕੀਤਾ। ਵੱਡੀ ਉਮਰ ਦੇ ਵਿਅਕਤੀਆਂ ਦਾ ਦਿਮਾਗ਼ ਜਵਾਨਾਂ ਦੇ ਦਿਮਾਗ਼ ਵਾਂਗ ਫੁਰਤੀਲਾ ਅਤੇ ਤੇਜ਼ ਨਹੀਂ ਹੁੰਦਾ ਪਰ ਬਜ਼ੁਰਗਾਂ ਵਿੱਚ ਇਹ ਲਚਕਦਾਰ ਵਧੇਰੇ ਹੋ ਜਾਂਦਾ ਹੈ। ਜ਼ਿੱਦ, ਆਕੜ ਅਤੇ ਅੜੀਅਲਪੁਣਾ ਮੁੱਕ ਜਾਂਦਾ ਹੈ ਜਿਸ ਕਾਰਨ ਵੱਡੀ ਉਮਰ ਦਾ ਵਿਅਕਤੀ ਵਧੇਰੇ ਸਹੀ ਅਤੇ ਸੰਤੁਲਿਤ ਨਿਰਣੇ ਕਰਦਾ ਹੈ ਅਤੇ ਨਾਂਹ-ਪੱਖੀ ਨਿਰਣਿਆਂ ਤੋਂ ਮੁਕਤ ਹੁੰਦਾ ਹੈ। ਸੱਤਰ ਸਾਲ ਉਪਰੰਤ ਰੁੱਝੇ ਰਹਿਣ ਵਾਲੇ ਵਿਅਕਤੀਆਂ ਦੀ ਬੌਧਿਕ ਸਮਰੱਥਾ ਵਧ ਜਾਂਦੀ ਹੈ ਜਿਸ ਕਾਰਨ ਉਹ ਬਹੁਤ ਗੁੰਝਲਦਾਰ ਸਮੱਸਿਆਵਾਂ ਦੇ ਸੌਖੇ ਅਤੇ ਸਰਲ ਹੱਲ ਦੱਸ ਦਿੰਦੇ ਹਨ। ਇਸ ਉਮਰ ਵਿੱਚ ਦਿਮਾਗ਼ ਸਮੱਸਿਆ ਨੂੰ ਹੱਲ ਕਰਦਿਆਂ ਅਜਿਹਾ ਮਾਰਗ ਚੁਣਦਾ ਹੈ ਜਿਹੜਾ ਘੱਟ ਊਰਜਾ ਵਰਤਦਾ ਹੈ ਅਤੇ ਬੇਲੋੜੇ ਵੇਰਵਿਆਂ ਵਿੱਚ ਉਲਝਦਾ ਨਹੀਂ। ਜਿਨ੍ਹਾਂ ਸਮੱਸਿਆਵਾਂ ਸਬੰਧੀ ਜਵਾਨ ਘਬਰਾਏ ਅਤੇ ਬੇਚੈਨ ਹੁੰਦੇ ਹਨ, ਬਜ਼ੁਰਗ ਉਨ੍ਹਾਂ ਸਮੱਸਿਆਵਾਂ ਨੂੰ ਸੌਖਿਆਂ ਹੀ ਹੱਲ ਕਰ ਲੈਂਦੇ ਹਨ।
ਸੰਪਰਕ: 98158-80434