ਵਿਸ਼ਵ ਖੂਨਦਾਨੀ ਦਿਵਸ ਮੌਕੇ ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਨੇ ਖੂਨਦਾਨੀਆਂ ਦਾ ਅਨੋਖੇ ਢੰਗ ਨਾਲ ਕੀਤਾ ਧੰਨਵਾਦ
ਪਟਿਆਲਾ, 13 ਜੂਨ
ਵਿਸ਼ਵ ਖੂਨਦਾਨੀ ਦਿਵਸ ਦੇ ਸਬੰਧ ਵਿੱਚ ਅੱਜ ਇਥੇ ਇਮਿਊਨੋਹੀਮੈਟੋਲੋਜੀ ਅਤੇ ਬਲੱਡ ਟ੍ਰਾਂਸਫਿਊਜ਼ਨ (ਬਲੱਡ ਸੈਂਟਰ), ਸਰਕਾਰੀ ਮੈਡੀਕਲ ਕਾਲਜ/ਰਜਿੰਦਰਾ ਹਸਪਤਾਲ ਵੱਲੋਂ ਖੂਨਦਾਨੀਆਂ ਦੇ ਜਜ਼ਬੇ ਨੂੰ ਸਲਾਮ ਕਹਿਣ ਲਈ ਹਿਊਮਨ ਬਲੱਡ ਡਰੌਪ (ਮਨੁੱਖੀ ਖੂਨ ਦੀ ਬੂੰਦ) ਨੂੰ ਰਚਨਾਤਮਕ ਰੂਪ ਵਿੱਚ ਪੇਸ਼ ਕੀਤਾ ਗਿਆ। ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਦਾ ਮਨੋਰਥ ਆਮ ਲੋਕਾਂ ਵਿੱਚ ਖੂਨਦਾਨ ਦੀ ਅਹਿਮੀਅਤ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਨਿਰੋਲ ਸੇਵਾ ਭਾਵਨਾ ਨਾਲ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਹੈ। ਵਿਸ਼ਵ ਖੂਨਦਾਨੀ ਦਿਵਸ ਦੁਨੀਆਂ ਭਰ ਵਿੱਚ ਖੂਨਦਾਨ ਅਤੇ ਖੂਨਦਾਨੀਆਂ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਦੇ ਮੌਕੇ ‘ਤੇ ਰਜਿੰਦਰਾ ਹਸਪਤਾਲ ਵਿੱਚੋਂ ਸਵੇਰੇ 6 ਵਜੇ ਜਾਗਰੂਕਤਾ ਵਾਕਾਥਨ ਕੀਤੀ ਜਾਵੇਗੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਵੈ-ਇੱਛੁਕ ਖੂਨਦਾਨੀ, ਪ੍ਰੇਰਕ, ਕੈਂਪ ਪ੍ਰਬੰਧਕ ਅਤੇ ਵਿਦਿਆਰਥੀ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਫੈਕਲਟੀ ਮੈਂਬਰ ਸ਼ਾਮਲ ਹੋਣਗੇ।