ਉਦਾਸੀ ਦੀ ਬਰਸੀ ਮੌਕੇ ਜੱਦੀ ਪਿੰਡ ਵਿੱਚ ਸਮਾਗਮ ਭਲਕੇ
ਪੱਤਰ ਪ੍ਰੇਰਕ
ਮਹਿਲ ਕਲਾਂ, 4 ਨਵੰਬਰ
ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਵਿੱਚ ਸਾਹਿਤਕ ਸਮਾਗਮ ਕਰਵਾਉਣ ਸਬੰਧੀ ਪਿੰਡ ਵਿੱਚ ਇਕੱਤਰਤਾ ਕੀਤੀ ਗਈ। ਇਸ ਮੌਕੇ ਪਿੰਡ ਦੀਆਂ ਦੋਵੇਂ ਗ੍ਰਾਮ ਪੰਚਾਇਤਾਂ, ਉਦਾਸੀ ਦਾ ਪਰਿਵਾਰ ਅਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਤੈਅ ਕੀਤਾ ਗਿਆ ਕਿ ਸੰਤ ਰਾਮ ਉਦਾਸੀ ਦੀ ਯਾਦ ਵਿੱਚ 6 ਨਵੰਬਰ ਨੂੰ ਪਿੰਡ ਵਿੱਚ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਸਾਹਿਤਕਾਰ ਨਿਰੰਜਣ ਬੋਹਾ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ ਜਦਕਿ ਭਾਰਤੀ ਸਾਹਿਤ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ, ਕਹਾਣੀਕਾਰ ਪਵਨ ਪਰਿੰਦਾ ਅਤੇ ਨਾਵਲਕਾਰ ਦਰਸ਼ਨ ਸਿੰਘ ਗੁਰੂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਦਾਸੀ ਦੀ ਯਾਦ ਵਿੱਚ ਪਿੰਡ ਅੰਦਰ ਬਣੀ ਪਬਲਿਕ ਲਾਇਬ੍ਰੇਰੀ ਵਿੱਚ ਇਕੱਤਰਤਾ ਮੌਕੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਗੋਪੀ, ਜਗਸੀਰ ਸਿੰਘ ਜੱਗੀ, ਸਰਪੰਚ ਸੁਰਿੰਦਰ ਕੌਰ,ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਇਕਬਾਲ ਕੌਰ ਉਦਾਸੀ, ਮੋਹਕਮ ਉਦਾਸੀ, ਜਗਦੀਸ਼ ਸਿੰਘ ਤੇ ਇੰਦਰਜੀਤ ਬਿੱਕੀ ਆਦਿ ਨੇ ਕਿਹਾ ਕਿ ਸੰਤ ਰਾਮ ਉਦਾਸੀ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਹੱਕਾਂ ਖਾਤਰ ਸੰਘਰਸ਼ ਕਰਨ ਦਾ ਸੱਦਾ ਦਿੱਤਾ, ਇਸ ਲਈ ਪਿੰਡ ਵਾਸੀਆਂ ਵੱਲੋਂ ਤੈਅ ਕੀਤਾ ਗਿਆ ਹੈ ਕਿ ਸਮੁੱਚਾ ਪਿੰਡ ਸਾਂਝੇ ਰੂਪ ਵਿੱਚ ਉਨ੍ਹਾਂ ਦੀ ਬਰਸੀ ਮੌਕੇ ਸਾਹਿਤਕ ਸਮਾਗਮ ਵਿੱਚ ਸ਼ਮੂਲੀਅਤ ਕਰੇਗਾ।