For the best experience, open
https://m.punjabitribuneonline.com
on your mobile browser.
Advertisement

ਘਰਾਚੋਂ ਦੀ ਪੇਸ਼ੀ ਮੌਕੇ ਉਗਰਾਹਾਂ ਜਥੇਬੰਦੀ ਵੱਲੋਂ ਵੱਡਾ ਇਕੱਠ ਕਰਨ ਦਾ ਐਲਾਨ

06:51 AM Jun 27, 2024 IST
ਘਰਾਚੋਂ ਦੀ ਪੇਸ਼ੀ ਮੌਕੇ ਉਗਰਾਹਾਂ ਜਥੇਬੰਦੀ ਵੱਲੋਂ ਵੱਡਾ ਇਕੱਠ ਕਰਨ ਦਾ ਐਲਾਨ
ਧਰਨੇ ਦੀ ਰੂਪ-ਰੇਖਾ ਉਲੀਕਦੇ ਹੋਏ ਕਿਸਾਨ ਆਗੂ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਜੂਨ
ਦੋ ਨੌਜਵਾਨਾਂ ਦੀ ਕੁੱਟਮਾਰ ਦੇ ਦੋਸ਼ ਹੇਠ ਪੁਲੀਸ ਨੂੰ ਲੋੜੀਂਦੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਨੂੰ ਭਲਕੇ 27 ਜੂਨ ਨੂੰ ਐੱਸਐੱਸਪੀ ਕੋਲ ਪੇਸ਼ ਕਰਨ ਮੌਕੇ ਵੱਡਾ ਇਕੱਠ ਕਰਨ ਲਈ ਭਾਕਿਯੂ ਏਕਤਾ ਉਗਰਾਹਾਂ ਵਲੋਂ ਅੱਜ ਮੀਟਿੰਗ ਕਰਕੇ ਪ੍ਰੋਗਰਾਮ ਉਲੀਕ ਦਿੱਤਾ ਹੈ।
ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਵਲੋਂ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਸੂਬਾ ਪ੍ਰੈਸ ਸਕੱਤਰ ਜਗਤਾਰ ਸਿੰਘ ਕਾਲਾਝਾੜ ਵੀ ਸ਼ਾਮਲ ਹੋਏ।
ਮੀਟਿੰਗ ਉਪਰੰਤ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਦੱਸਿਆ ਕਿ ਭਲਕੇ 27 ਜੂਨ ਨੂੰ ਜ਼ਿਲ੍ਹਾ ਭਰ ਤੋਂ ਵੱਡੀ ਤਾਦਾਦ ’ਚ ਕਿਸਾਨ ਐੱਸਐੱਸਪੀ ਦਫ਼ਤਰ ਅੱਗੇ ਪੁੱਜਣਗੇ ਅਤੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਸਟੇਜ ਚੱਲੇਗੀ, ਜਿਸ ਮਗਰੋਂ ਮਨਜੀਤ ਸਿੰਘ ਘਰਾਚੋਂ ਨੂੰ ਐੱਸਐੱਸਪੀ ਕੋਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਘਰਾਚੋਂ ਖ਼ਿਲਾਫ਼ ਕੇਸ ਵਿਚ ਐੱਸਸੀ/ਐੱਸਟੀ ਐਕਟ ਗਲਤ ਲਗਾਇਆ ਗਿਆ ਹੈ ਜਦੋਂ ਕਿ ਜਗਤਾਰ ਸਿੰਘ ਲੱਡੀ ਨੂੰ ਕੇਸ ਵਿਚ ਨਾਜਾਇਜ਼ ਫਸਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ, ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਕਿਸਾਨ ਜਥੇਬੰਦੀ ਖ਼ਿਲਾਫ਼ ਸਿਆਸੀ ਖੇਡ ਖੇਡੀ ਜਾ ਰਹੀ ਹੈ ਕਿਉਂਕਿ ਕਿਸਾਨ-ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਭਾਕਿਯੂ ਏਕਤਾ ਉਗਰਾਹਾਂ ਇਨ੍ਹਾਂ ਨੂੰ ਰੜਕਦੀ ਹੈ। ਉਨ੍ਹਾਂ ਦੱਸਿਆ ਕਿ ਭਲਕੇ 27 ਜੂਨ ਨੂੰ ਮਨਜੀਤ ਸਿੰਘ ਘਰਾਚੋਂ ਨੂੰ ਪੇਸ਼ ਕਰਨ ਤੋਂ ਇਲਾਵਾ ਐੱਸਐੱਸਪੀ ਮੰਗ ਕੀਤੀ ਜਾਵੇਗੀ ਕਿ ਕੇਸ ਵਿਚ ਲਗਾਇਆ ਐੱਸਸੀ/ਐੱਸਟੀ ਐਕਟ ਰੱਦ ਕੀਤਾ ਜਾਵੇ, ਕੇਸ ਵਿਚ ਨਾਮਜ਼ਦ ਕੀਤੇ ਕਿਸਾਨ ਆਗੂ ਜਗਤਾਰ ਸਿੰਘ ਲੱਡੀ ਨੂੰ ਕੇਸ ਵਿਚੋਂ ਬਾਹਰ ਕੀਤਾ ਜਾਵੇ, ਥਾਣਾ ਸਦਰ ਬਾਲੀਆਂ ਦੇ ਐੱਸਐੱਚਓ ਨੂੰ ਮੁਅੱਤਲ ਕੀਤਾ ਜਾਵੇ।
ਆਗੂਆਂ ਨੇ ਸਮੂਹ ਕਿਸਾਨ-ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਿਆਸੀ ਚਾਲਾਂ ਤੋਂ ਸੁਚੇਤ ਰਹਿ ਕੇ ਆਪਸੀ ਭਾਈਚਾਰਾ ਕਾਇਮ ਰੱਖਿਆ ਜਾਵੇ। ਮੀਟਿੰਗ ’ਚ ਯੂਨੀਅਨ ਆਗੂ ਬਹਾਲ ਸਿੰਘ ਢੀਂਡਸਾ, ਗੋਬਿੰਦਰ ਸਿੰਘ ਮੰਗਵਾਲ, ਜਸਵੰਤ ਸਿੰਘ ਤੋਲਾਵਾਲ, ਅਜੈਬ ਸਿੰਘ ਲੱਖੇਵਾਲ, ਰਿੰਕੂ ਮੂਨਕ, ਬਹਾਦਰ ਸਿੰਘ ਭੁਟਾਲ, ਰਾਮ ਸਿੰਘ ਕੱਕੜਵਾਲ, ਨਾਇਬ ਸਿੰਘ ਗੁੱਜਰਾਂ, ਹੈਪੀ ਸ਼ੇਰੋਂ ਅਤੇ ਕਰਮਜੀਤ ਸਿੰਘ ਮੰਗਵਾਲ ਸ਼ਾਮਲ ਸਨ।

Advertisement

Advertisement
Author Image

Advertisement
Advertisement
×