ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਕੱਢਿਆ ਜਾਵੇਗਾ ਨਗਰ ਕੀਰਤਨ
ਪੱਤਰ ਪ੍ਰੇਰਕ
ਸ੍ਰੀ ਅਨੰਦਪੁਰ ਸਾਹਿਬ, 19 ਨਵੰਬਰ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸ੍ਰੀ ਤਖ਼ਤ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਅੰਦਰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ। ਇਹ ਫੈਸਲਾ ਤਖ਼ਤ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਅਗਵਾਈ ਵਿੱਚ ਹੋਈ ਇਕ ਮੀਟਿੰਗ ’ਚ ਲਿਆ ਗਿਆ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਵੇਰੇ 9 ਵਜੇ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਅਗੰਮਪੁਰ, ਝੱਜ ਚੌਕ, ਨੂਰਪੁਰ ਬੇਦੀ, ਬੁੰਗਾ ਸਾਹਿਬ ਤੋਂ ਹੁੰਦਾ ਹੋਇਆ ਗੁਰੂ ਨਾਨਕ ਦੇਵ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਭਾਈ ਚਾਵਲਾ ਨੇ ਦੱਸਿਆ ਕਿ 27 ਨਵੰਬਰ ਨੂੰ ਗੁਰਪੁਰਬ ਮੌਕੇ ਗੁਰਦੁਆਰਾ ਚਰਨ ਕੰਵਲ ਕੀਰਤਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣਗੇ।
ਇਸ ਮੌਕੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਜਥੇਦਾਰ ਰਾਮ ਸਿੰਘ, ਮਨਜਿੰਦਰ ਸਿੰਘ ਬਰਾੜ, ਸੁਰਿੰਦਰ ਸਿੰਘ ਮਟੌਰ, ਖੁਸ਼ਹਾਲ ਸਿੰਘ ਬਰੂਆਲ, ਕੁਲਵਿੰਦਰ ਸਿੰਘ ਦਹਿਨੀ, ਮਹਿੰਦਰ ਸਿੰਘ ਮੱਸੇਵਾਲ, ਬਾਬਾ ਪ੍ਰੇਮ ਸਿੰਘ ਭੱਲੜੀ, ਪਰਮਜੀਤ ਸਿੰਘ ਪ੍ਰਧਾਨ ਭਾਤਪੁਰ, ਜਰਨੈਲ ਸਿੰਘ ਸੂਰੇਵਾਲ, ਨਿਰਮਲ ਸਿੰਘ ਹਰੀਵਾਲ, ਕਰਮ ਸਿੰਘ ਡੱਬਰੀ, ਹਰਦੇਵ ਸਿੰਘ ਦੇਬੀ, ਹਰਜਿੰਦਰ ਸਿੰਘ ਗੱਜਪੁਰ ਆਦਿ ਆਗੂ ਹਾਜ਼ਰ ਸਨ।