ਪ੍ਰਕਾਸ਼ ਪੁਰਬ ਮੌਕੇ ਗੁਰੂ ਕੀ ਨਗਰੀ ਵਿੱਚ ਨਗਰ ਕੀਰਤਨ ਸਜਾਇਆ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 14 ਨਵੰਬਰ
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਮੂਹ ਵਿੱਦਿਅਕ ਅਦਾਰਿਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਖ਼ਾਲਸਾ ਯੂਨੀਵਰਸਿਟੀ ਸਮੂਹ ਕਾਲਜਾਂ, ਸਕੂਲਾਂ ਦੇ ਪ੍ਰਿੰਸੀਪਲਾਂ, ਸਟਾਫ਼ ਮੈਂਬਰਾਂ ਅਤੇ 30 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਨਗਰ ਕੀਰਤਨ ’ਚ ਹਾਜ਼ਰੀ ਭਰੀ। ਖਾਲਸਾ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਹਿਜ-ਧਰਮ ਦਾ ਪ੍ਰਚਾਰ ਕਿਸੇ ਇੱਕ ਥਾਂ ’ਤੇ ਟਿਕ ਕੇ ਕਰਨ ਦੀ ਥਾਂ ਘੁੰਮ ਫਿਰ ਕੇ ਲੋਕਾਂ ਨੂੰ ਉਪਦੇਸ਼ ਦਿੰਦਿਆਂ ਕੀਤਾ।
ਇਸ ਨਗਰ ਕੀਰਤਨ ’ਚ ਵਿਦਿਆਰਥੀ ਗੁਰਬਾਣੀ ਸ਼ਬਦ ਦਾ ਉਚਾਰਣ ਕਰਦੇ ਪੁਤਲੀਘਰ ਚੌਕ, ਰੇਲਵੇ ਸਟੇਸ਼ਨ, ਭੰਡਾਰੀ ਪੁਲ ਅਤੇ ਹਾਲ ਬਾਜ਼ਾਰ, ਵੱਖ-ਵੱਖ ਪੜਾਵਾਂ ਤੋਂ ਹੁੰਦਿਆਂ ਹੋਇਆਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪਹੁੰਚੇ। ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ। ਨਗਰ ਕੀਰਤਨ ’ਚ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਦਰੁਸਤ ਰੱਖਣ ਲਈ ਵਿਦਿਆਰਥੀਆਂ ਨੇ ਪੜਾਅ-ਦਰ-ਪੜਾਅ ’ਤੇ ਸੇਵਾ ਕੀਤੀ।
ਕਪੂਰਥਲਾ: ਡੀਸੀ ਵੱਲੋਂ ਨਗਰ ਕੀਰਤਨ ’ਚ ਕੀਤੀ ਸ਼ਿਰਕਤ
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਡੀਸੀ ਅਮਿਤ ਕੁਮਾਰ ਪੰਚਾਲ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ ਤੇ ਜ਼ਿਲ੍ਹਾ ਵਾਸੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਡੀਸੀ ਵੱਲੋਂ ਨਗਰ ਕੀਰਤਨ ਦੌਰਾਨ ਜਿੱਥੇ ਮੱਥਾ ਟੇਕਿਆ ਗਿਆ, ਉੱਥੇ ਹੀ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਐੱਸਡੀਐੱਮ ਅਰਪਨਾ, ਐੱਸਪੀ ਜਾਂਚ ਸਰਬਜੀਤ ਰਾਏ, ਐੱਸਪੀ ਹੈੱਡ ਕੁਆਰਟਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀਆਂ ਨੇ ਵੀ ਨਗਰ ਕੀਰਤਨ ਦੌਰਾਨ ਮੱਥਾ ਟੇਕਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਅਤੇ ਸਹੂਲਤਾਂ ਸਬੰਧੀ ਜਾਇਜ਼ਾ ਲੈਣ ਦੇ ਨਾਲ ਸਥਾਪਤ ਕੀਤੇ ਗਏ ਕੰਟਰੋਲ ਰੂਮ ਦਾ ਵੀ ਦੌਰਾ ਕੀਤਾ।