ਪ੍ਰਕਾਸ਼ ਪੁਰਬ ਮੌਕੇ ਢਾਈ ਕੁਇੰਟਲ ਦੀ ਪਾਲਕੀ ਪਾਕਿਸਤਾਨ ਭੇਜੀ
ਚੰਡੀਗੜ੍ਹ (ਟਨਸ):
ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ 250 ਕਿਲੋ ਵਜ਼ਨੀ ਸੁੰਦਰ ਗੋਲਡਨ ਸਟੀਲ ਦੀ ਪਾਲਕੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜੀ। ਵਾਹਗਾ ਸਰਹੱਦ ’ਤੇ ਇਹ ਪਾਲਕੀ ਸ੍ਰੀ ਕਰਤਾਰਪੁਰ ਸਾਹਿਬ ਦੇ ਇੰਦਰਜੀਤ ਸਿੰਘ ਤੇ ਹੋਰਨਾਂ ਪ੍ਰਬੰਧਕਾਂ ਨੇ ਸਾਂਭੀ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਬਲੋਚਿਸਤਾਨ ਕੋਇਟਾ (ਪਾਕਿਸਤਾਨ) ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਭੇਜੇ ਗਏ। ਇਹ ਸੇਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅੰਤ੍ਰਿਮ ਕਮੇਟੀ ਦੀ ਪ੍ਰਵਾਨਗੀ ਨਾਲ ਨਿਭਾਈ ਗਈ। ਇਸ ਗੱਲ ਦਾ ਪ੍ਰਗਟਾਵਾ ਨਿਰੋਲ ਸੇਵਾ ਸੰਸਥਾ ਦੇ ਪ੍ਰਧਾਨ ਡਾ. ਜਗਦੀਪ ਸਿੰਘ ਸੋਢੀ ਨੇ ਕੀਤਾ। ਸ੍ਰੀ ਸੋਢੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਇਕ ਲਿਖਤੀ ਪੱਤਰ ਰਾਹੀਂ ਪਾਲਕੀ ਸਾਹਿਬ ਦੀ ਸੇਵਾ ਦੀ ਮੰਗ ਕੀਤੀ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਦੋ ਮਹੀਨਿਆਂ ਵਿੱਚ 250 ਕਿਲੋ ਵਜ਼ਨੀ ਗੋਲਡਨ ਸਟੀਲ ਦੀ ਪਾਲਕੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸੰਗਤ ਨੇ ਸ਼ਰਧਾ ਤੇ ਉਤਸ਼ਾਹ ਨਾਲ ਵਾਹਗਾ ਸਰਹੱਦ ’ਤੇ ਪਾਲਕੀ ਦਾ ਸਵਾਗਤ ਕੀਤਾ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਸਵੀਰ ਸਿੰਘ, ਨਿਰੋਲ ਸੇਵਾ ਸੰਸਥਾ ਦੇ ਜਗਸੀਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਬਰਾੜ, ਜਗਭਿੰਦਰ ਸਿੰਘ ਧਾਲੀਵਾਲ ਤੇ ਚਰਨਜੀਤ ਸਿੰਘ ਬਰਾੜ ਤੋਂ ਇਲਾਵਾ ਬਾਰਡਰ ਸੁਰੱਖਿਆ ਫੋਰਸ, ਕਸਟਮ ਤੇ ਸਾਰੀਆਂ ਭਾਰਤੀ ਏਜੰਸੀਆਂ ਦੇ ਨੁਮਾਇੰਦੇ ਮੌਜੂਦ ਰਹੇ।