For the best experience, open
https://m.punjabitribuneonline.com
on your mobile browser.
Advertisement

ਨਵੇਂ ਨਾਨਕਸ਼ਾਹੀ ਵਰ੍ਹੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ

10:11 AM Mar 15, 2024 IST
ਨਵੇਂ ਨਾਨਕਸ਼ਾਹੀ ਵਰ੍ਹੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ
ਨਵੇਂ ਸਾਲ ਦਾ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕਰਦੇ ਹੋਏ ਦਲ ਖਾਲਸਾ ਦੇ ਅਹੁਦੇਦਾਰ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਮਾਰਚ
ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵੇਂ ਵਰ੍ਹੇ ਸੰਮਤ 556 ਦੀ ਆਮਦ ’ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਬੰਧ ਵਿੱਚ ਅੱਜ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਵੱਡੀ ਗਿਣਤੀ ਸ਼ਰਧਾਲੂਆਂ ਨੇ ਨਵੇਂ ਵਰ੍ਹੇ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ।
ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਸੰਗਤ ਨੂੰ ਨਾਨਕਸ਼ਾਹੀ ਵਰ੍ਹੇ 556 ਦੀ ਵਧਾਈ ਦਿੱਤੀ ਅਤੇ ਗੁਰਮਤਿ ਅਨੁਸਾਰ ਜੀਵਨ ਜਿਉੂਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਸਿੱਖ ਕੌਮ ਨੂੰ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਦਿਨ ਮਨਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਆਮ ਦਿਨਾਂ ਨਾਲੋਂ ਵਧੇਰੇ ਗਿਣਤੀ ਸੰਗਤ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ। ਸ਼ਰਧਾਲੂਆਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਨਵੇਂ ਵਰ੍ਹੇ ਦੇ ਨਾਨਕਸ਼ਾਹੀ ਕੈਲੰਡਰ ਸੰਗਤ ਨੂੰ ਵੰਡੇ ਗਏ ਸਨ।

Advertisement

ਸਾਲ 2003 ਵਿੱਚ ਸ਼ੁਰੂ ਹੋਇਆ ਸੀ ਨਾਨਕਸ਼ਾਹੀ ਕੈਲੰਡਰ

ਨਾਨਕਸ਼ਾਹੀ ਕੈਲੰਡਰ ਦੀ ਸ਼ੁਰੂਆਤ 2003 ਵਿਚ ਹੋਈ ਸੀ ਅਤੇ ਇਸ ਦੀ ਰਚਨਾ ਪਾਲ ਸਿੰਘ ਪੁਰੇਵਾਲ ਨੇ ਕੀਤੀ ਸੀ। ਇਹ ਕੈਲੰਡਰ ਸੂਰਜ ਚਾਲ ’ਤੇ ਆਧਾਰਿਤ ਸੀ ਅਤੇ ਬਿਕਰਮੀ ਕੈਲੰਡਰ ਨਾਲੋਂ ਵੱਖਰਾ ਸੀ ਜਿਸ ਵਿਚ ਚਾਰ ਗੁਰਪੁਰਬਾਂ ਨੂੰ ਛੱਡ ਕੇ ਬਾਕੀ ਸਾਰੇ ਗੁਰਪੁਰਬ ਅਤੇ ਤਿਉਹਾਰਾਂ ਦੀਆਂ ਤਰੀਕਾਂ ਪੱਕੇ ਤੌਰ ’ਤੇ ਨਿਰਧਾਰਤ ਕਰ ਦਿੱਤੀਆਂ ਗਈਆਂ ਸਨ। 2010 ਵਿਚ ਇਸ ਵਿਚ ਸੋਧ ਕੀਤੀ ਗਈ ਅਤੇ ਬਾਅਦ ਵਿਚ ਇਕ ਹੋਰ ਸੋਧ ਕਰਦਿਆਂ ਇਸ ਦਾ ਰਲੇਵਾਂ ਬਿਕਰਮੀ ਕੈਲੰਡਰ ਨਾਲ ਕਰ ਦਿੱਤਾ ਗਿਆ ਸੀ ਜਿਸ ਦਾ ਅੱਜ ਵੀ ਵਿਰੋਧ ਜਾਰੀ ਹੈ ਅਤੇ ਇਸ ਮਾਮਲੇ ਵਿਚ ਸੰਗਤ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ ਜਿਸ ਕਾਰਨ ਕਈ ਗੁਰਪੁਰਬ ਦੋ ਦੋ ਵਾਰ ਮਨਾਏ ਜਾਂਦੇ ਹਨ।

ਦਲ ਖ਼ਾਲਸਾ ਵੱਲੋਂ ਨਾਨਕਸ਼ਾਹੀ ਕੈਲੰਡਰ ਰਿਲੀਜ਼

ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਦੇ ਕੇ ਨਾਨਕਸ਼ਾਹੀ ਕੈਲੰਡਰ ਸਬੰਧੀ ਚਲ ਰਹੇ ਵਿਵਾਦ ਨੂੰ ਹੱਲ ਕਰਨ ਦੀ ਅਪੀਲ ਕੀਤੀ। ਜਥੇਬੰਦੀ ਨੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਤਖਤ ’ਤੇ ਅਰਦਾਸ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ। ਇਸ ਦੌਰਾਨ ਜਥੇਬੰਦੀ ਵਲੋਂ ਸਰਬਸੰਮਤੀ ਨਾਲ ਨੌਜਵਾਨ ਪਰਮਜੀਤ ਸਿੰਘ ਮੰਡ ਨੂੰ ਦਲ ਖ਼ਾਲਸਾ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਜਥੇਬੰਦੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਛਾਪਿਆ ਸੰਮਤ 556 ਕੈਲੰਡਰ, ਨਾਨਕਸ਼ਾਹੀ ਦੇ ਲੇਬਲ ਹੇਠ ਅਸਲ ਵਿੱਚ ਬਿਕਰਮੀ ਕੈਲੰਡਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 9 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਬਿਕਰਮੀ ਕੈਲੰਡਰ ‘ਨਾਨਕਸ਼ਾਹੀ’ ਦੇ ਨਾਂ ਹੇਠ ਛਾਪ ਕੇ ਕੌਮ ਨੂੰ ਗੁੰਮਰਾਹ ਕਰ ਰਹੀ ਹੈ। ਨਾਨਕਸ਼ਾਹੀ ਕੈਲੰਡਰ ਵਿਵਾਦ ਨੇ ਪਿਛਲੇ ਇੱਕ ਦਹਾਕੇ ਤੋਂ ਕੌਮ ਨੂੰ ਵੰਡਿਆ ਹੋਇਆ ਹੈ। ਉਨ੍ਹਾਂ ਇਸ ਵਿਵਾਦ ਨੂੰ ਸੁਲਝਾਉਣ ਦੀ ਅਪੀਲ ਕੀਤੀ।

Advertisement
Author Image

sukhwinder singh

View all posts

Advertisement
Advertisement
×