For the best experience, open
https://m.punjabitribuneonline.com
on your mobile browser.
Advertisement

ਲੋਹੜੀ ਮੌਕੇ ਧੜੱਲੇ ਨਾਲ ਲੱਗੇ ਚੀਨੀ ਡੋਰ ਦੇ ਤੁਣਕੇ

07:44 AM Jan 14, 2024 IST
ਲੋਹੜੀ ਮੌਕੇ ਧੜੱਲੇ ਨਾਲ ਲੱਗੇ ਚੀਨੀ ਡੋਰ ਦੇ ਤੁਣਕੇ
ਲੁਧਿਆਣਾ ਵਿੱਚ ਸ਼ਨਿਚਰਵਾਰ ਨੂੰ ਲੋਹੜੀ ਮੌਕੇ ਪਤੰਗ ਉਡਾਉਂਦੇ ਹੋਏ ਸ਼ਹਿਰ ਵਾਸੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਜਸ਼ਨਾਂ ਦੌਰਾਨ ਨਿਯਮਾਂ ਦੀ ਉਲੰਘਣਾ

Advertisement

ਗਗਨਦੀਪ ਅਰੋੜਾ
ਲੁਧਿਆਣਾ, 13 ਜਨਵਰੀ
ਸਮਾਰਟ ਸਿਟੀ ਲੁਧਿਆਣਾ ਵਿੱਚ ਅੱਜ ਲੋਹੜੀ ਦਾ ਤਿਉਹਾਰ ਪੂਰੇ ਜੋਸ਼ ਦੇ ਨਾਲ ਮਨਾਇਆ ਗਿਆ। ਸਵੇਰੇ ਤੋਂ ਨੌਜਵਾਨਾਂ ਨੇ ਛੱਤਾਂ ’ਤੇ ਡੀਜੇ ਲਾ ਕੇ ਪਤੰਗਬਾਜ਼ੀ ਦਾ ਦੌਰ ਸ਼ੁਰੂ ਕੀਤਾ, ਜੋ ਦੇਰ ਸ਼ਾਮ ਤੱਕ ਜਾਰੀ ਰਿਹਾ। ਉਧਰ ਮੌਸਮ ਵਿਗਿਆਨੀਆਂ ਦੇ ਅਲਰਟ ਮੁਤਾਬਕ ਸਵੇਰੇ 11 ਵਜੇ ਤੱਕ ਧੁੰਦ ਛਾਈ ਰਹੀ। ਉਸ ਤੋਂ ਬਾਅਦ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ, ਜਿਸ ਤੋਂ ਬਾਅਦ ਮੁੜ ਪਤੰਗਬਾਜ਼ੀ ਸ਼ੁਰੂ ਹੋਈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਬੈਨ ਕੀਤੀ ਗਈ ਪਲਾਸਟਿਕ (ਚੀਨੀ) ਡੋਰ ਦੇ ਨਾਲ ਹੀ ਜ਼ਿਆਦਾਤਰ ਪਤੰਗ ਉੱਡਦੇ ਨਜ਼ਰ ਆਏ। ਪੁਲੀਸ ਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਰੇ ਦਾਅਵਿਆਂ ਦੇ ਉਲਟ ਨੌਜਵਾਨਾਂ ਨੇ 80 ਫੀਸਦੀ ਪਤੰਗਬਾਜ਼ੀ ਪਲਾਸਟਿਕ ਡੋਰ ਨਾਲ ਕੀਤੀ, ਜਿਸ ਕਾਰਨ ਕਈ ਲੋਕ ਜ਼ਖ਼ਮੀ ਵੀ ਹੋਏ। ਹਾਲਾਂਕਿ ਇਸ ਵਾਰ ਇਹ ਖਾਸ ਦੇਖਣ ਨੂੰ ਮਿਲਿਆ ਕਿ ਕਈ ਥਾਵਾਂ ’ਤੇ ਨੌਜਵਾਨ ਧਾਗੇ ਦੀ ਦੇਸੀ ਡੋਰ ਨਾਲ ਹੀ ਪਤੰਗ ਉਡਾਉਂਦੇ ਦਿਖਾਈ ਦਿੱਤੇ। ਦੂਜੇ ਪਾਸੇ ਬਿਜਲੀ ਦੀਆਂ ਤਾਰਾਂ ਵਿੱਚ ਡੋਰ ਫੱਸਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਵੀ ਬੰਦ ਰਹੀ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਉਥੇ ਹੀ ਸ਼ਾਮ ਹੁੰਦੇ ਹੀ ਲੋਕਾਂ ਨੇ ਘਰਾਂ ਦੇ ਅੱਗੇ ਧੂਣੀ ਬਾਲ ਕੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ।

Advertisement

ਸੜਕ ’ਤੇ ਫਸੀ ਡੋਰ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਰਾਹਗੀਰ। -ਫੋਟੋ: ਹਿਮਾਂਸ਼ੂ ਮਹਾਜਨ

ਲੁਧਿਆਣਾ ਵਿੱਚ ਲੋਹੜੀ ਵਾਲੇ ਦਿਨ ਹੀ ਪਤੰਗਬਾਜ਼ੀ ਕੀਤੀ ਜਾਂਦੀ ਹੈ। ਇਸ ਦੀ ਤਿਆਰੀ ਨੌਜਵਾਨ ਕਈ ਦਿਨ ਪਹਿਲਾਂ ਸ਼ੁਰੂ ਕਰ ਦਿੰਦੇ ਹਨ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆ ਵਿੱਚ ਬੱਚੇ, ਨੌਜਵਾਨ ਤੇ ਬਜ਼ੁਰਗ ਸਾਰੇ ਹੀ ਪਤੰਗ ਚੜ੍ਹਾਉਂਦੇ ਨਜ਼ਰ ਆਏ। ਪੁਰਾਣੇ ਸ਼ਹਿਰ ਵਿੱਚ ਤਾਂ ਨੌਜਵਾਨਾਂ ਵਿੱਚ ਪਤੰਗ ਚੜ੍ਹਾਉਣ ਦਾ ਖਾਸਾ ਕਰੇਜ਼ ਹੈ। ਪੁਲੀਸ ਤੇ ਪ੍ਰਸ਼ਾਸਨ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਲਾਸਟਿਕ ਡੋਰ ਦੀ ਵਿਕਰੀ ’ਤੇ ਪਾਬੰਦੀ ਲਗਾਈ ਹੋਈ ਸੀ। ਪੁਲੀਸ ਦਾ ਦਾਅਵਾ ਸੀ ਕਿ ਪਲਾਸਟਿਕ ਡੋਰ ਦੀ ਵਿਕਰੀ ਬਿਲਕੁਲ ਜ਼ੀਰੋ ਹੈ, ਇਸ ਦੇ ਨਾਲ ਹੀ ਇਸ ਵਾਰ ਪੁਲੀਸ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਵੇਚਣ ਵਾਲੇ ਦੇ ਨਾਲ ਅਗਰ ਕੋਈ ਪਲਾਸਟਿਕ ਦੀ ਡੋਰ ਨਾਲ ਪਤੰਗ ਉਡਾਉਂਦਾ ਨਜ਼ਰ ਆਇਆ ਤਾਂ ਉਸ ਖ਼ਿਲਾਫ਼ ਵੀ ਐੱਫਆਈਆਰ ਦਰਜ ਹੋਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ। ਪਾਬੰਦੀ ਦੇ ਬਾਵਜੂਦ ਹਰ ਛੱਤ ’ਤੇ ਬੱਚਿਆਂ ਤੇ ਨੌਜਵਾਨਾਂ ਦੇ ਹੱਥ ਵਿੱਚ ਪਲਾਸਟਿਕ ਡੋਰ ਹੀ ਨਜ਼ਰ ਆਈ।
ਲੁਧਿਆਣਾ (ਗੁਰਿੰਦਰ ਸਿੰਘ): ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਪੰਜਾਬ ਸਰਕਾਰ ਵੱਲੋਂ ਚੀਨੀ ਡੋਰ ਦੀ ਵਿਕਰੀ ਅਤੇ ਵਰਤੋਂ ਰੋਕਣ ਲਈ ਬਣਾਏ ਸਖ਼ਤ ਕਾਨੂੰਨ ਦੇ ਤਹਿਤ ਤਿੰਨ ਜਣਿਆਂ ਨੂੰ ਡੋਰ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 3 ਦੇ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਬਾਬਾ ਥਾਨ ਸਿੰਘ ਚੌਕ ’ਚੋਂ ਗਸ਼ਤ ਦੌਰਾਨ ਵਿਪਨ ਕੁਮਾਰ ਵਾਸੀ ਮੁਹੱਲਾ ਤਾਜ ਗੰਜ ਨੂੰ ਆਪਣੇ ਘਰ ਵਿੱਚ ਪਤੰਗਾਂ ਦੇ ਨਾਲ ਪਾਬੰਦੀਸ਼ੁਦਾ ਚੀਨੀ ਡੋਰ ਵੇਚਣ ਲਈ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰ ਕੇ 62 ਗੱਟੂ ਚੀਨੀ ਡੋਰ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸੀਆਈਏ ਦੇ ਥਾਣੇਦਾਰ ਬਲਜਿੰਦਰ ਸਿੰਘ ਨੇ ਥਾਣਾ ਟਿੱਬਾ ਦੇ ਇਲਾਕੇ ਤਾਜਪੁਰ ਰੋਡ ਕੰਡਾ ਚੌਕ ਤੋਂ ਸੁਖਵਿੰਦਰ ਸਿੰਘ ਵਾਸੀ ਚੰਦਰ ਲੋਕ ਕਲੋਨੀ ਨਿਊ ਸੁਭਾਸ਼ ਨਗਰ ਨੂੰ ਕਾਬੂ ਕੀਤਾ ਹੈ। ਤਲਾਸ਼ੀ ਦੌਰਾਨ ਉਸ ਪਾਸੋਂ 60 ਗੱਟੂ ਡੋਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਥਾਣੇਦਾਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਰਜਤ ਸ਼ਰਮਾ ਵਾਸੀ ਗੁਲਚਮਨ ਗਲੀ ਸ਼ਿਵਾਲਾ ਰੋਡ ਨੂੰ ਜੀਟੀ ਰੋਡ ਸ਼ਕਤੀ ਨਗਰ ਤੋਂ ਕਾਬੂ ਕਰ ਕੇ ਉਸ ਪਾਸੋਂ 22 ਗੱਟੂ ਡੋਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਸਾਰੇ ਥਾਣਿਆਂ ਦੀ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪਾਬੰਦੀ ਦੇ ਬਾਵਜੂਦ ਵੱਖ-ਵੱਖ ਥਾਵਾਂ ’ਤੇ ਚੀਨੀ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ ਅਤੇ ਪੁਲੀਸ ਵੱਲੋਂ ਹਰ ਰੋਜ਼ ਭਾਰੀ ਮਾਤਰਾ ਵਿੱਚ ਇਹ ਮਨੁੱਖਾਂ ਅਤੇ ਪੰਛੀਆਂ ਲਈ ਕਾਤਲ ਡੋਰ ਜ਼ਬਤ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਕਮਿਸ਼ਨਰ ਵੱਲੋਂ ਪਾਬੰਦੀਸ਼ੁਦਾ ਚੀਨੀ ਡੋਰ ਦੇ ਭੰਡਾਰ ਜਮ੍ਹਾਂ ਕਰਨ, ਵਿਕਰੀ ਕਰਨ ਅਤੇ ਵਰਤੋਂ ਕਰਨ ’ਤੇ ਪਾਬੰਦੀ ਲਈ ਕਾਨੂੰਨ ਵੀ ਬਣਾਇਆ ਗਿਆ ਹੈ ਪਰ ਬੇਖੌਫ਼ ਦੁਕਾਨਦਾਰ ਸਿਆਸੀ ਸਰਪ੍ਰਸਤੀ ਅਤੇ ਪੁਲੀਸ ਦੀ ਮਿਲੀਭੁਗਤ ਨਾਲ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।

Advertisement
Author Image

Advertisement