ਮਜ਼ਦੂਰ ਦਿਵਸ ਮੌਕੇ ‘ਭਾਜਪਾ ਹਟਾਓ, ਦੇਸ਼ ਬਚਾਓ’ ਦੇ ਲੱਗੇ ਨਾਅਰੇ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 1 ਮਈ
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਅਤੇ ਸ਼ਹੀਦ ਭਗਤ ਸਿੰਘ ਲੋਕ ਹਿਤ ਕਮੇਟੀ ਵੱਲੋਂ ਰਾਜਪੁਰਾ ਵਿਚ ਸੀਟੂ ਦਫ਼ਤਰ ਦੇ ਸਾਹਮਣੇ ਮਈ ਦਿਵਸ ਨੂੰ ਮਨਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੀਟੂ ਆਗੂ ਨਾਇਬ ਸਿੰਘ ਲੋਚਮਾ ਨੇ ਉਸਾਰੀ ਕੀਰਤੀਆਂ ਨੂੰ ਮਈ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਕੇਂਦਰ ਸਰਕਾਰ ਵੱਲੋਂ 8 ਘੰਟੇ ਦੀ ਥਾਂ 12 ਘੰਟੇ ਦੀ ਦਿਹਾੜੀ ਕਰਨ ਦੀ ਨਿਖੇਧੀ ਕੀਤੀ। ਲੋਕ ਸਭਾ ਚੋਣਾਂ ਵਿਚ ਫਿਰਕਾਪ੍ਰਸਤ ਭਾਰਤ ਨੂੰ ਸੱਤਾ ਤੋਂ ਬਾਹਰ ਕਰਨ ਅਤੇ ‘ਭਾਜਪਾ ਹਰਾਓ, ਕਾਰਪੋਰੇਟ ਭਜਾਓ ਅਤੇ ਦੇਸ਼ ਬਚਾਓ ਦੇ ਨਾਅਰੇ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਕਿਸਾਨ ਆਗੂ ਹਰਿੰਦਰ ਸਿੰਘ ਲਾਖਾ ਨੇ ਕਿਹਾ ਕਿ ਭਾਜਪਾ ਫਿਰਕੂ ਪੱਤਾ ਖੇਡ ਕੇ ਦੋਬਾਰਾ ਗੱਦੀ ’ਤੇ ਕਾਬਜ਼ ਹੋਣਾ ਚਾਹੁੰਦੀ ਹੈ। ਇਸ ਮੌਕੇ ਰਾਜਿੰਦਰ ਕੁਮਾਰ ਵਾਲਮਿਕਨ ਜ਼ਿਲ੍ਹਾ ਪ੍ਰਧਾਨ ਭੀਮ ਆਰਮੀ, ਸੀਟੂ ਆਗੂ ਸੋਹਣ ਸਿੰਘ, ਭਗਵਾਨ ਸਿੰਘ, ਨਿਸ਼ਾਨ ਸਿੰਘ ਗੁਰਜਿੰਦਰ ਸਿੰਘ, ਕੁਲਦੀਪ ਕੌਰ, ਨਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਅੱਜ ਇੱਥੇ ਵੱਖ ਵੱਖ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ। ਡਾ. ਅੰਬੇਡਕਰ ਚੇਤਨਾ ਮੰਚ ਦੇ ਆਗੂ ਡਾ. ਰਾਮਪਾਲ ਸਿੰਘ, ਹਿੰਦੁਸਤਾਨ ਭਵਨ ਉਸਾਰੀ ਮਜ਼ਦੂਰ ਯੂਨੀਅਨ ਦੇ ਆਗੂ ਹਰਬੰਸ ਸਿੰਘ, ਇੰਡੀਅਨ ਅਕਰੈਲਿਕਸ ਵਰਕਰਜ਼ ਯੂਨੀਅਨ ਦੇ ਆਗੂ ਭੋਲਾ ਖਾਨ, ਪੈਪਸੀਕੋ ਵਰਕਰਜ਼ ਯੂਨੀਅਨ ਦੇ ਗੁਰਤੇਜ ਸਿੰਘ ਕਾਦਰਾਬਾਦ, ਸੁਖਦੀਪ ਸਿੰਘ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਦਲ ਦੇ ਪ੍ਰਧਾਨ ਰਾਮ ਸਿੰਘ ਮੱਟਰਾਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਬਹਾਦਰ ਸਿੰਘ, ਜਸਵਿੰਦਰ ਸਿੰਘ ਚੋਪੜਾ, ਰਾਮ ਸਿੰਘ ਸਿੱਧੂ, ਸੁਖਚੈਨ ਸਿੰਘ ਫੌਜੀ, ਰਣਜੀਤ ਸਿੰਘ, ਬਸਪਾ ਆਗੂ ਹੰਸ ਰਾਜ ਨਫ਼ਰੀਆ, ਕਰਮਜੀਤ ਸਿੰਘ ਰੇਤਗੜ੍ਹ ਤੇ ਪ੍ਰਗਟ ਸਿੰਘ ਗੁੜਥਲੀ ਵੀ ਹਾਜ਼ਰ ਸਨ।
ਸਮਾਣਾ (ਪੱਤਰ ਪ੍ਰੇਰਕ): ਸਥਾਨਕ ਸ਼ਹਿਰ ਵਿੱਚ ਬਿਜਲੀ ਬੋਰਡ, ਨਗਰ ਕੌਂਸਲ ਤੇ ਵਣ ਵਿਭਾਗ ਦਫ਼ਤਰਾ ਵਿੱਚ ਗੌਰਮਿੰਟ ਇਮਪਲਾਈਜ ਯੂਨੀਅਨ, ਸੀਟੂ, ਏਟਕ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਮਜ਼ਦੂਰ ਆਗੂਆਂ ਦੀ ਅਗਵਾਈ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵਣ ਵਿਭਾਗ ਵਿੱਚ ਮਜ਼ਦੂਰਾਂ ਦਾ ਲਾਲ ਝੰਡਾ ਲਹਿਰਾ ਕੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸਲਾਮੀ ਦਿੱਤੀ। ਇਸ ਮੌਕੇ ਜਗਤਾਰ ਲਾਲ, ਸੁਰਜੀਤ ਸਿੰਘ ਫੋਜੀ, ਅਸ਼ੋਕ ਕੁਮਾਰ, ਦਰਸ਼ਨ ਸਿੰਘ ਘੱਗਾ, ਗੁਰਮੇਲ ਸਿੰਘ ਬੰਮਣਾ, ਪਾਲਾ ਸਿੰਘ ਪ੍ਰਧਾਨ, ਸ਼ਬਦਲ ਸਿੰਘ, ਮੰਗਤ ਸਿੰਘ, ਪ੍ਰਦੀਪ ਕੁਮਾਰ, ਪ੍ਰਵੀਨ ਕੁਮਾਰ, ਬਸੰਤ ਕੁਮਾਰ, ਦੇਸ ਰਾਜ, ਹਰਜੀਵਨ ਸਿੰਘ, ਭੁਪਿੰਦਰ ਘੱਗਾ, ਵੀਰਪਾਲ ਸਿੰਘ, ਜਸਵਿੰਦਰ ਸਿੰਘ, ਪਾਲੀ ਕੌਰ, ਅਮਰਜੀਤ ਕੌਰ, ਇੰਦਰਜੀਤ ਕੌਰ ਅਤੇ ਸਮੂਹ ਵਿਭਾਗਾਂ ਦੇ ਮੁਲਾਜ਼ਮ ਅਤੇ ਮਜ਼ਦੂਰ ਹਾਜ਼ਰ ਸਨ।
ਪਾਤੜਾਂ (ਪੱਤਰ ਪ੍ਰੇਰਕ): ਪੈਨਸ਼ਨਰਜ਼, ਟੀਐੱਸਯੂ ਅਤੇ ਐਂਪਲਾਈਜ਼ ਫੈਡਰੇਸ਼ਨ ਨੇ ਸਾਂਝੇ ਤੌਰ ’ਤੇ ਬਿਜਲੀ ਗਰਿੱਡ ਪਾਤੜਾਂ ਵਿੱਚ ਝੰਡਾਂ ਝੁਲਾ ਕੇ ਮਜ਼ਦੂਰ ਦਿਵਸ ਮਨਾਇਆ। ਪ੍ਰਧਾਨ ਖਿਆਲੀ ਰਾਮ ਅਤੇ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਟ ਕਰਦਿਆਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਲੋਕਾਂ ਨੂੰ ਚੁਣ ਕੇ ਭੇਜਿਆ ਜਾਵੇ ਜਿਹੜੇ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਪੱਖੀ ਆਵਾਜ਼ ਸਰਕਾਰ ਬੁਲੰਦ ਕਰਕੇ ਮੁਸ਼ਕਲਾਂ ਹੱਲ ਕਰਵਾ ਸਕਣ। ਇਸ ਮੌਕੇ ਬਲਵੰਤ ਸ਼ਰਮਾ, ਹਰੀ ਸਿੰਘ ਚਹਿਲ, ਰੇਸ਼ਮ ਸਿੰਘ ਨਿਆਲ, ਮੱਖਣ ਸਿੰਘ ਹਾਮਝੇੜ੍ਹੀ, ਬੰਤਾ ਸਿੰਘ ਹਾਮਝੇੜੀ ਅਤੇ ਨਿਰਭੈ ਸਿੰਘ ਨੇ ਸੰਬੋਧਨ ਕੀਤਾ।
ਦੇਵੀਗੜ੍ਹ (ਪੱਤਰ ਪ੍ਰੇਰਕ): ਪੱਲੇਦਾਰ ਯੂਨੀਅਨ ਦੇਵੀਗੜ੍ਹ ਵੱਲੋਂ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਆੜ੍ਹਤੀ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਰਾਜਵਿੰਦਰ ਸਿੰਘ ਹਡਾਣਾ ਨੇ ਨਿਭਾਈ। ਉਨ੍ਹਾਂ ਨਾਲ ਹਰਦੇਵ ਸਿੰਘ ਤੇ ਸਾਹਿਬ ਸਿੰਘ ਘੜਾਮ ਪ੍ਰਧਾਨ ਟਰੱਕ ਯੂਨੀਅਨ, ਗਣੇਸ਼ੀ ਲਾਲ, ਸਿਰੀ ਰਾਮ ਗੁਪਤਾ ਤੇ ਭੂਪਿੰਦਰ ਸਿੰਘ ਮਸੀਂਗਣ ਮੌਜੂਦ ਸਨ। ਮਜ਼ਦੂਰਾਂ ਨੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਬਾਬਾ ਸ਼ੰਕਰ ਗਿਰ ਔਲੀਆਂ ਦੇ ਮੰਦਿਰ ਵਿਖੇ ਮੱਥਾ ਟੇਕਿਆ। ਇਸ ਮੌਕੇ ਬਲਦੇਵ ਸਿੰਘ ਭੰਬੂਆਂ ਪ੍ਰਧਾਨ, ਬੰਤ ਰਾਮ, ਭੋਲੀ, ਜਗਤਾਰ, ਰਾਮ ਸਿੰਘ, ਕਰਮਾ, ਸੱਤੂ, ਸਾਹਿਬ ਸਿੰਘ, ਵਰਿੰਦਰ, ਕਰਮਾ, ਗੁਰਮੇਲ ਸਿੰਘ, ਅਰਜਨ, ਮਨੀ ਅਤੇ ਰਾਜ ਕੁਮਾਰ ਹਾਜ਼ਰ ਸਨ।
ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਸਬ ਡਵੀਜ਼ਨ ਰੌਹੜ ਜਾਗੀਰ ਤੇ ਦੇਵੀਗੜ੍ਹ ਦੇ ਮੁਲਾਜ਼ਮਾਂ ਦੀ ਭਰਵੀਂ ਗੇਟ ਰੈਲੀ ਹੋਈ, ਜਿਸ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਝੰਡਾ ਲਹਿਰਾਇਆ ਗਿਆ। ਇਸ ਮੌਕੇ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਔਲਖ, ਕਰਨੈਲ ਸਿੰਘ ਚੰਮੂ ਕਲਾਂ ਰਿਟਾਇਰੀ, ਕ੍ਰਿਸ਼ਨ ਕੁਮਾਰ, ਗੁਰਮੇਲ ਸਿੰਘ, ਗੁਰਨਾਮ ਸਿੰਘ ਸਬ ਡਵੀਜ਼ਨ ਪ੍ਰਧਾਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਮੁਲਾਜ਼ਮ ਜਥੇਬੰਦੀਆਂ ਨੇ ਬਹੁਤ ਵੱਡੇ ਸੰਘਰਸ਼ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਹਾਸਿਲ ਕੀਤੀਆਂ ਸਨ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਅੱਜ ਫਿਰ ਉਨ੍ਹਾਂ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਉਣ ਲਈ ਜੁਆਇੰਟ ਫੋਰਮ ਅਤੇ ਏਕਤਾ ਮੰਚ ਅਤੇ ਸੇਵਾਮੁਕਤ ਸਾਥੀਆਂ ਦੀਆਂ ਪੰਜ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਸਤਾਧਾਰੀ ਪਾਰਟੀ ਅਤੇ ਖਾਸ ਕਰਕੇ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ।
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਝੰਡਾ ਮਾਰਚ
ਧੂਰੀ (ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ): ਇੱਥੇ ਕੌਮਾਂਤਰੀ ਮਜ਼ਦੂਰ ਦਿਵਸ ਮੁਲਾਜ਼ਮਾਂ ਮਜ਼ਦੂਰਾਂ, ਕਿਸਾਨਾਂ ਨੇ ਫੂਡ ਤੇ ਸਪਲਾਈ ਦਫ਼ਤਰ ਅੱਗੇ ਸਾਂਝੇ ਤੌਰ ’ਤੇ ਮਨਾਇਆ ਗਿਆ ਤੇ ਬਾਜ਼ਾਰਾਂ ਵਿੱਚ ਝੰਡਾ ਮਾਰਚ ਕੀਤਾ। ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ, ਮਜ਼ਦੂਰਾਂ ਲਈ ਬਣੇ 47 ਕਾਨੂੰਨ ਤੋੜ ਕੇ 4 ਕੋਡਾਂ ਵਿੱਚ ਬਦਲਣ ਦੀ ਸਖ਼ਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਬਣਾ ਰਹੀ ਹੈ ਅਤੇ ਕੰਮ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕੀਤੇ ਜਾ ਰਹੇ ਹਨ। ਇਸ ਮੌਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਨ ਦਾ ਪ੍ਰਣ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕਰ ਕੇ ਪੱਕਾ ਰੁਜ਼ਗਾਰ ਦਿੱਤਾ ਜਾਵੇ। ਰੈਲੀ ਨੂੰ ਮੇਲਾ ਸਿੰਘ ਪੁੰਨਾਂਵਾਲ, ਮੇਜਰ ਸਿੰਘ ਪੁੰਨਾਂਵਾਲ, ਮਨਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸ਼ਰਮਾ, ਹੰਸ ਰਾਜ ਦੀਦਾਰਗੜ੍ਹ, ਇੰਦਰ ਸਿੰਘ ਧੂਰੀ, ਸਰਬਜੀਤ ਸਿੰਘ, ਵਿਸਾਖਾ ਸਿੰਘ, ਕੁਲਵਿੰਦਰ ਸਿੰਘ ਬੰਟੀ, ਗੁਰਦਿਆਲ ਨਿਰਮਾਣ, ਮੂਲ ਚੰਦ ਸ਼ਰਮਾ, ਪਵਨ ਹਰਚੰਦਪੁਰੀ, ਅਮਰੀਕ ਸਿੰਘ ਕਾਂਝਲਾ, ਗਗਨਦੀਪ ਸਿੰਘ, ਗੁਰਜੰਟ ਸਿੰਘ ਬੁਗਰਾ, ਲੀਲਾ ਖ਼ਾਂ, ਨਾਜ਼ਰ ਸਿੰਘ ਈਸੜਾ, ਅਮਰਿੰਦਰ ਸਿੰਘ, ਚਰਨਜੀਤ ਸਿੰਘ ਮੀਮਸਾ, ਸਿੰਦਰ ਕੌਰ, ਜਸਪਾਲ ਕੌਰ, ਵਿੰਦਰ ਕੌਰ ਅਤੇ ਸੁਖਦੇਵ ਸਿੰਘ ਗਿਆਨੀ ਨੇ ਸੰਬੋਧਨ ਕੀਤਾ।