ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰਾਂ ’ਚ ਲੱਗੀਆਂ ਰੌਣਕਾਂ
ਪਵਨ ਗੋਇਲ
ਭੁੱਚੋ ਮੰਡੀ, 27 ਅਗਸਤ
ਪੰਚਾਇਤੀ ਸ਼ਿਵ ਮੰਦਰ ਭੁੱਚੋ ਮੰਡੀ ਵਿੱਚ ਮੰਦਰ ਕਮੇਟੀ ਵੱਲੋਂ ਪ੍ਰਧਾਨ ਨਰਦੀਪ ਗਰਗ, ਮਨੋਜ ਟੈਣੀ ਅਤੇ ਲਾਜਪਤ ਰਾਏ ਲੱਕੀ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਜਨ ਗਾਇਕਾ ਇਤੀ ਵਰਮਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਭਗਵਾਨ ਕ੍ਰਿਸ਼ਨ ਦਾ ਗੁਣਗਾਨ ਕੀਤਾ। ਰਾਤ 12.05 ਵਜੇ ਭਗਵਾਨ ਕ੍ਰਿਸ਼ਨ ਨੂੰ ਇਸ਼ਨਾਨ ਅਤੇ ਭੋਜਨ ਭੇਟ ਕਰਨ ਦੀ ਰਸਮ ਅਦਾ ਕੀਤੀ ਗਈ। ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਮੰਦਰ ਦੇ ਸੰਸਥਾਪਕ ਜੋਗਿੰਦਰ ਕਾਕਾ ਅਤੇ ਚੇਅਰਮੈਨ ਪਵਨ ਬਾਂਸਲ ਦੀ ਅਗਵਾਈ ਹੇਠ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ ਗਈ। ਰਾਤ ਸਮੇਂ ਮੰਦਰ ’ਚ ਭਜਨ ਗਾਏ ਗਏ ਅਤੇ ਕੀਰਤਨ ਹੋਏ। ਛੋਟੇ-ਛੋਟੇ ਬੱਚੇ ਭਗਵਾਨ ਕ੍ਰਿਸ਼ਨ ਦੀ ਵੇਸ਼ਭੂਸ਼ਾ ਵਿੱਚ ਸਜੇ ਹੋਏ ਸਨ। ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਅਤੇ ਸਕੱਤਰ ਕੇਵਲ ਬਾਂਸਲ ਨੇ ਸੰਗਤਾਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਇਸ ਇਸ ਮੌਕੇ ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਦਲ ਦੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਸ਼ਹਿਣਾ (ਪ੍ਰਮੋਦ ਸਿੰਗਲਾ): ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਕਸਬਾ ਸ਼ਹਿਣਾ ਦੇ ਮੰਦਰਾਂ ’ਚ ਖੀਰ ਪੂੜੇ ਦੇ ਲੰਗਰ ਲਗਾਏ ਗਏ। ਜੈਲ ਸਭਾ ਦੀ ਬਿਲਡਿੰਗ ’ਚ ਲਾਜਪਤ ਰਾਏ, ਨਰਿੰਦਰ ਸਦਿਓੜਾ, ਧਰਮਪਾਲ ਚੌਹਾਨ ਆਦਿ ਦੀ ਦੇਖ ਰੇਖ ਹੇਠ ਖੀਰ ਪੂੜੇ ਦੇ ਲੰਗਰ ਚਲਾਏ ਗਏ। ਬਾਬਾ ਰਾਮ ਥੰਮਨ ਮੰਦਰ ਵਿੱਚ ਵੀ ਜਨਮ ਅਸ਼ਟਮੀ ਮਨਾਈ ਗਈ ਅਤੇ ਲੰਗਰ ਚਲਾਏ ਗਏ।
ਸਕੂਲ ਵਿੱਚ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ
ਚਾਉਕੇ (ਰਮਨਦੀਪ ਸਿੰਘ): ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਦੇ ਬੱਚੇ ਕ੍ਰਿਸ਼ਨ, ਰਾਧਾ, ਮੀਰਾ ਅਤੇ ਗੋਪੀਆ ਦੇ ਪਹਿਰਾਵੇ ਵਿੱਚ ਸਕੂਲ ਆਏ। ਇਸ ਗਤੀਵਿਧੀ ਦੀ ਅਗਵਾਈ ਪ੍ਰਿੰਸੀਪਲ ਪਰਮਜੀਤ ਕੌਰ ਨੇ ਕੀਤੀ। ਬੱਚਿਆਂ ਵੱਲੋਂ ਡਾਂਸ ਆਈਟਮਾਂ ਪੇਸ਼ ਕੀਤੀਆਂ ਗਈਆਂ। ਪ੍ਰਿੰਸੀਪਲ ਪਰਮਜੀਤ ਕੌਰ ਨੇ ਝੂਲਾ ਝੁਲਾਉਣ ਦੀ ਰਸਮ ਤੋਂ ਬਾਅਦ ਲੱਡੂ ਗੋਪਾਲ ਨੂੰ ਭੋਗ ਲਗਵਾ ਕੇ ਮਟਕੀ ਭੰਨੀ। ਮੈਨੇਜਮੈਂਟ ਕਮੇਟੀ ਚੇਅਰਪਰਸਨ ਮਨਦੀਪ ਸਿੰਘ ਮਾਨ, ਡਾਇਰੈਕਟਰ ਕਿਰਨਦੀਪ ਕੌਰ ਤੇ ਬਲਵਿੰਦਰ ਸਿੰਘ ਨੇ ਬੱਚਿਆ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ।
ਸਜ ਧਜ ਕੇ ਪੁੱਜੇ ਸਮਰਹਿੱਲ ਪਬਲਿਕ ਸਕੂਲ ਦੇ ਵਿਦਿਆਰਥੀ
ਭਾਈ ਰੂਪਾ (ਰਾਜਿੰਦਰ ਸਿੰਘ ਮਰਾਹੜ): ਸਮਰਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਬੱਚਿਆਂ ਨੇ ਭਗਵਾਨ ਕ੍ਰਿਸ਼ਨ ਅਤੇ ਰਾਧਾ ਦੀਆਂ ਪੁਸ਼ਾਕਾਂ ਪਹਿਨ ਕੇ ਸੁੰਦਰ ਪੇਸ਼ਕਾਰੀਆਂ ਕੀਤੀਆਂ। ਵਿਦਿਆਰਥੀਆਂ ਨੇ ਭਗਵਾਨ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ। ਬੱਚਿਆਂ ਨੇ ਕ੍ਰਿਸ਼ਨ ਜੀ ਦੇ ਜੀਵਨ ’ਤੇ ਅਧਾਰਿਤ ਗੀਤ ਸੁਣਾਏ। ਇਸ ਮੌਕੇ ਲੈਕਚਰਾਰ ਜਸਵੀਰ ਸਿੰਘ, ਕੁਲਵੰਤ ਸਿੱਧੂ, ਗੁਰਪ੍ਰੀਤ ਚੋਪੜਾ, ਜਸਪ੍ਰੀਤ ਕੌਰ, ਸਰਬਜੀਤ ਕੌਰ, ਜਸਪਾਲ ਕੌਰ, ਬਲਜਿੰਦਰ ਕੌਰ, ਵਿੰਦਰਪਾਲ ਕੌਰ, ਕਮਲਪ੍ਰੀਤ ਕੌਰ, ਚਿੰਤਪਾਲ ਕੌਰ, ਅਮਨਦੀਪ ਕੌਰ, ਜਸਪ੍ਰੀਤ ਸੈਣੀ ਤੇ ਹਰਵਿੰਦਰ ਕੌਰ ਹਾਜ਼ਰ ਸਨ।