ਆਜ਼ਾਦੀ ਦਿਹਾੜੇ ਮੌਕੇ ‘ਗਦਰ-2’ ਨੇ ਮੇਲਾ ਲੁੱਟਿਆ
ਮੁੰਬਈ: ਸਨੀ ਦਿਓਲ ਦੀ ਫ਼ਿਲਮ ‘ਗਦਰ 2’ ਦਾ ਬਾਕਸ ਆਫਿਸ ’ਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਅਤੇ ਕਈ ਰਿਕਾਰਡ ਤੋੜ ਰਹੀ ਹੈ। ਆਜ਼ਾਦੀ ਦਿਹਾੜੇ ਮੌਕੇ ਹੋਈ ਮੋਟੀ ਕਮਾਈ ਨੇ ਇਸ ਨੂੰ ਹੋਰ ਹੁਲਾਰਾ ਦਿੱਤਾ ਹੈ। ਵਪਾਰ ਵਿਸ਼ਲੇਸ਼ਕ ਤਰੁਣ ਆਦਰਸ਼ ਮੁਤਾਬਕ ਨੇ 15 ਅਗਸਤ ਨੂੰ 55.40 ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਟਵੀਟ ਕਰਦਿਆਂ ਆਖਿਆ, ‘‘ਆਜ਼ਾਦੀ ਦਿਵਸ ਮੌਕੇ ਇਤਿਹਾਸ ਸਿਰਜਿਆ। 15 ਅਗਸਤ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ। ਭਾਰਤੀ ਸਿਨੇਮਾ ਵਿੱਚ ਸ਼ੁੱਕਰਵਾਰ ਨੂੰ 40.10 ਕਰੋੜ, ਸ਼ਨਿੱਚਰਵਾਰ ਨੂੰ 43.08 ਕਰੋੜ, ਐਤਵਾਰ ਨੂੰ 51.70 ਕਰੋੜ, ਸੋਮਵਾਰ ਨੂੰ 38.70 ਕਰੋੜ, ਮੰਗਲਵਾਰ ਨੂੰ 55.40 ਕਰੋੜ ਅਤੇ ਕੁੱਲ 228.98 ਕਰੋੜ ਦਾ ਕਾਰੋਬਾਰ ਕੀਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।’’ ਭਾਰਤ ਵਿੱਚ ਇਸ ਫ਼ਿਲਮ ਨੇ ਹੁਣ ਤੱਕ 229 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਨੀ ਦਿਓਲ ਨੇ ਵੀ ਇਸ ਫ਼ਿਲਮ ਦੀ ਕਮਾਈ ਵਾਲਾ ਪੋਸਟਰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। -ਏਐੱਨਆਈ
ਟਰੈਕਟਰਾਂ ’ਤੇ ਫ਼ਿਲਮ ਦੇਖਣ ਪੁੱਜ ਰਹੇ ਨੇ ਲੋਕ
ਜੈਪੁਰ: ਲੋਕ ਸਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ 2’ ਦੇਖਣ ਲਈ ਟਰੈਕਟਰਾਂ ਤੇ ਟਰੱਕਾਂ ਰਾਹੀਂ ਪਹੁੰਚ ਰਹੇ ਹਨ ਅਤੇ ਇੱਥੋਂ ਦੇ ਸਿਨੇਮਾ ਘਰਾਂ ਦੇ ਬਾਹਰ ਵੱਖਰੀ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਸਿਨੇਮਾ ਹਾਲ ਅੰਦਰ ਜਿਵੇਂ ਹੀ ‘ਮੈਂ ਨਿਕਲਾ ਓ ਗੱਡੀ ਲੈ ਕੇ’... ਗਾਣਾ ਚੱਲਦਾ ਹੈ ਤਾਂ ਉਹ ਸਕ੍ਰੀਨ ਵੱਲ ਦੌੜਦੇ ਹਨ ਅਤੇ ਉਨ੍ਹਾਂ ਦੇ ਪੈਰ ਆਪ-ਮੁਹਾਰੇ ਨੱਚਣ ਲੱਗਦੇ ਹਨ। ਅਜਿਹਾ ਨਜ਼ਾਰਾ ਲਗਪਗ ਸਾਰੇ ਸਿਨੇਮਾ ਹਾਲਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ‘ਗਦਰ 2’ ਦੇ ਹਰੇਕ ਦ੍ਰਿਸ਼ ਅਤੇ ਗੀਤ ’ਤੇ ਦਰਸ਼ਕ ਨੱਚ ਰਹੇ ਹਨ ਅਤੇ ਤਾੜੀਆਂ ਮਾਰ ਰਹੇ ਹਨ। -ਆਈਏਐੱਨਐੱਸ