ਗੁਰਪੁਰਬ ਮੌਕੇ ਸਕੂਲਾਂ ਅਤੇ ਜਨਤਕ ਥਾਵਾਂ ’ਤੇ ਲਾਏ ਜਾਣਗੇ ਸਜਾਵਟੀ ਬੂਟੇ: ਭੱਲਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 8 ਨਵੰਬਰ
ਟ੍ਰੀ ਲਵਰ ਸੁਸਾਇਟੀ ਬਠਿੰਡਾ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ, ਵਾਤਾਵਰਨ ਦੀ ਸ਼ੁੱਧਤਾ ਅਤੇ ਆਲੇ ਦੁਆਲੇ ਦੀ ਖੂਬਸੂਰਤੀ ਲਈ ਫੁੱਲਾਂ ਵਾਲੇ ਬੂਟੇ ਲਾਉਣ ਲਈ ਅੱਗੇ ਆਏ ਹਨ। ਇਸ ਸਬੰਧ ’ਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਲਿਖ਼ੇ ਵੱਖ-ਵੱਖ ਪੱਤਰਾਂ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਅਤੇ ਸਮਾਂ-ਬੱਧ ਤਰੀਕੇ ਨਾਲ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨਾ ਯਕੀਨੀ ਬਣਾਉਣ ਬਾਰੇ ਹਦਾਇਤ ਜਾਰੀ ਕੀਤੀ ਹੈ। ਪੱਤਰ ’ਚ ਲਿਖ਼ਿਆ ਹੈ ਕਿ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਅਤੇ ਜ਼ਿਲ੍ਹੇ ਦੇ ਸਕੂਲਾਂ ਦੀ ਸੁੰਦਰਤਾ ਲਈ ਸੀਜ਼ਨਲ ਫੁੱਲਾਂ ਵਾਲੇ ਬੂਟੇ ਲਗਾਉਣ ਦੇ ਸਬੰਧ ਵਿੱਚ ਵੱਖ-ਵੱਖ ਫੁੱਲਾਂ ਦੀ ਪਨੀਰੀ ਤਿਆਰ ਕਰਵਾਈ ਗਈ ਹੈ, ਜਿਨ੍ਹਾਂ ਦੀ ਵੰਡ ਗੁਰੂ ਨਾਨਕ ਦੇਵ ਦੇ ਆਗਮਨ ਪੁਰਬ ਦੇ ਸੰਦਰਭ ਵਿੱਚ ਕੀਤੀ ਜਾਣੀ ਹੈ। ਪੱਤਰ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਪਨੀਰੀ ਪ੍ਰਾਪਤ ਕਰਨ ਲਈ ਸਮੂਹ ਪ੍ਰਿੰਸੀਪਲ/ਮੁੱਖ ਅਧਿਆਪਕ ਸਹਿਬਾਨ ਨੂੰ ਹਦਾਇਤ ਕਰਨ ਦੀ ਖੇਚਲ ਕੀਤੀ ਜਾਵੇ ਕਿ ਪਨੀਰੀ ਨਗਰ ਸੁਧਾਰ ਟਰਸਟ ਬਠਿੰਡਾ ਦੇ ਦਫਤਰ ਤੋਂ ਮਿਤੀ 12 ਨਵੰਬਰ ਨੂੰ ਬਾਅਦ ਦੁਪਿਹਰ ਪ੍ਰਾਪਤ ਕਰਕੇ ਸਕੂਲਾਂ ਵਿੱਚ ਲਾਉਣ ਦੇ ਉਪਰਾਲੇ ਕੀਤੇ ਜਾਣ, ਤਾਂ ਜੋ ਸਕੂਲਾਂ ਦੀ ਸੁੰਦਰਤਾ ਵਿੱਚ ਹੋਰ ਵਾਧਾ ਹੋ ਸਕੇ।