ਵਾਤਾਵਰਨ ਦਿਵਸ ਮੌਕੇ ਭੂਮੀ ਪੇਡਨੇਕਰ ਨੇ ਤਿੰਨ ਹਜ਼ਾਰ ਪੌਦੇ ਲਾਏ
ਮੁੰਬਈ: ਅਦਾਕਾਰਾ ਭੂਮੀ ਪੇਡਨੇਕਰ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਅੱਜ ਮਹਾਰਾਸ਼ਟਰ ਵਿੱਚ ਤਿੰਨ ਹਜ਼ਾਰ ਦੇ ਕਰੀਬ ਪੌਦੇ ਲਾਏ। ਇਸ ਦੌਰਾਨ ਵਾਤਾਵਰਨ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਬਾਰੇ ਗੱਲ ਕਰਦਿਆਂ ਭੂਮੀ ਨੇ ਕਿਹਾ, ”ਮਨੁੱਖ ਦੀਆਂ ਵੱਖ ਵੱਖ ਗਤੀਵਿਧੀਆਂ ਖਾਸ ਤੌਰ ‘ਤੇ ਜੰਗਲਾਂ ਦੀ ਕਟਾਈ ਕਾਰਨ ਧਰਤੀ ਖ਼ਤਰੇ ਵਿੱਚ ਹੈ। ਜੇ ਅਸੀਂ ਇਸ ਬਾਰੇ ਹੁਣ ਵੀ ਕੁੱਝ ਨਾ ਕੀਤਾ ਤਾਂ ਇਹ ਭਵਿੱਖ ਵਿੱਚ ਸਾਡੇ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੁਦਰਤ ਕਾਫੀ ਲਚਕਦਾਰ ਹੈ ਤੇ ਜਿਨ੍ਹਾਂ ਖੇਤਰਾਂ ਅਤੇ ਸਥਾਨਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਹੈ, ਜੇ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ ਤਾਂ ਇਹ ਇੱਕ ਵਾਰ ਫਿਰ ਸਾਡੇ ਜੀਵਨ ਲਈ ਸਹਾਇਕ ਸਿੱਧ ਹੋ ਸਕਦੇ ਹਨ। ਇਸ ਕਰਕੇ ਮੈਂ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਦੀ ਅਪੀਲ ਕਰਦੀ ਹਾਂ।”ਉਸ ਨੇ ਕਿਹਾ, ”ਪੌਦੇ ਸਾਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ। ਸਾਨੂੰ ਰੁਕ ਕੇ ਸੋਚਣਾ ਚਾਹੀਦਾ ਹੈ ਕਿ ਜੇ ਪੌਦੇ ਨਾ ਹੋਣ ਤਾਂ ਸਾਡਾ ਜੀਵਨ ਵੀ ਸੰਭਵ ਨਹੀਂ ਹੈ। ਸਾਡੇ ਉੱਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਬਚਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਵਿਸ਼ਵ ਵਾਤਾਵਰਨ ਦਿਵਸ ਮੌਕੇ ਮੈਂ ਧਰਤੀ ਨੂੰ ਸਾਫ ਅਤੇ ਹਰਿਆ-ਭਰਿਆ ਬਣਾਉਣ ਲਈ ਆਪਣਾ ਹਿੱਸਾ ਪਾ ਰਹੀ ਹਾਂ। ਮੈਂ ਅਜਿਹਾ ਲਗਾਤਾਰ ਕਰਦੀ ਰਹਾਂਗੀ ਅਤੇ ਉਮੀਦ ਹੈ ਕਿ ਹੋਰ ਲੋਕ ਵੀ ਅਜਿਹਾ ਕਰਨਗੇ।” -ਏਐੱਨਆਈ