For the best experience, open
https://m.punjabitribuneonline.com
on your mobile browser.
Advertisement

ਦਸਹਿਰੇ ਮੌਕੇ ਪੁਲੀਸ ਨੇ ਸੁਰੱਖਿਆ ਪ੍ਰਬੰਧ ਵਧਾਏ

07:56 AM Oct 04, 2024 IST
ਦਸਹਿਰੇ ਮੌਕੇ ਪੁਲੀਸ ਨੇ ਸੁਰੱਖਿਆ ਪ੍ਰਬੰਧ ਵਧਾਏ
Advertisement

ਗਗਨਦੀਪ ਅਰੋੜਾ
ਲੁਧਿਆਣਾ, 3 ਅਕਤੂਬਰ
ਦਸਹਿਰੇ ਦੇ ਤਿਉਹਾਰ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਲੱਗਣ ਵਾਲੇ ਮੇਲਿਆਂ ਦੀ ਸੁਰੱਖਿਆ ਨੂੰ ਲੈ ਕੇ ਇਸ ਵਾਰ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ। ਪੁਲੀਸ ਨੇ ਸੁਰੱਖਿਆ ਦੇ ਅਜਿਹੇ ਇੰਤਜ਼ਾਮ ਕੀਤੇ ਹਨ ਕਿ ਕਈ ਥਾਵਾਂ ’ਤੇ ਪੁਲੀਸ ਤੀਜੀ ਅੱਖ ਨਾਲ ਨਜ਼ਰ ਰੱਖ ਰਹੀ ਹੈ ਅਤੇ ਕਈ ਥਾਵਾਂ ’ਤੇ ਪੁਲੀਸ ਨੇ ਸਾਦੀ ਵਰਦੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ।
ਇਸ ਤੋਂ ਇਲਾਵਾ ਪੁਲੀਸ ਵੱਲੋਂ ਸਮੇਂ-ਸਮੇਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਨਾਲ ਹੀ ਮੇਲੇ ਦੇ ਠੇਕੇਦਾਰਾਂ ਅਤੇ ਮੇਲਾ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਲਗਾਤਾਰ ਨਿਰਦੇਸ਼ ਦਿੱਤੇ ਜਾ ਰਹੇ ਹਨ। ਪੁਲੀਸ ਸਾਫ਼ ਤੌਰ ’ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰ ਰਹੀ ਹੈ ਮੇਲੇ ’ਚ ਕਿਸੇ ਨੂੰ ਵੀ ਲਾਵਾਰਿਸ ਸਾਮਾਨ ਨਜ਼ਰ ਆਵੇ ਤਾਂ ਉਹ ਖੁਦ ਹਟਾਉਣ ਦੀ ਥਾਂ ਤਰੁੰਤ ਇਸ ਦੀ ਸੂਚਨਾ ਪੁਲੀਸ ਨੂੰ ਦੇਵੇ ਤਾਂ ਜੋ ਕੋਈ ਅਣਹੋਣੀ ਨਾ ਹੋਵੇ। ਪੁਲੀਸ ਨੇ ਸ਼ਹਿਰ ਦੇ ਇਤਿਹਾਸਕ ਮੈਦਾਨ ਦਰੇਸੀ, ਸਿਵਲ ਲਾਈਨ, ਜਮਾਲਪੁਰ, ਭਾਈ ਰਣਧੀਰ ਸਿੰਘ ਨਗਰ, ਸਰਾਭਾ ਨਗਰ, ਕਿਚਲੂ ਨਗਰ, ਨੇੜੇ ਪੁਰਾਣੀ ਕਚਹਿਰੀ ਅਤੇ ਹੋਰ ਥਾਵਾਂ ’ਤੇ ਹੋਣ ਵਾਲੇ ਮੁੱਖ ਦਸਹਿਰਾ ਮੇਲੇ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਦਿੱਤੇ ਹਨ ਅਤੇ ਹਰ ਆਉਣ ਜਾਣ ਵਾਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਦਸਹਿਰੇ ਦਾ ਤਿਉਹਾਰ ਇਸ ਵਾਰ 12 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਸਬੰਧ ਵਿਚ ਸ਼ਹਿਰ ਵਿਚ ਕਈ ਥਾਵਾਂ ’ਤੇ ਮੇਲੇ ਲੱਗੇ ਹਨ। ਵੱਡੇ-ਵੱਡੇ ਝੂਲੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਮਨੋਰੰਜਨ ਦੀਆਂ ਆਈਟਮਾਂ ਦੇਖਣ ਲਈ ਲੋਕ ਵੀ ਤਿਆਰ ਹਨ। ਮੇਲੇ ਵਿੱਚ ਆਉਣ ਵਾਲੀ ਭਾਰੀ ਭੀੜ ਨੂੰ ਲੈ ਕੇ ਪੁਲੀਸ ਵੀ ਪੂਰੀ ਤਰ੍ਹਾਂ ਚੌਕਸ ਹੈ। ਪੁਲੀਸ ਨੇ ਮੇਲੇ ਦੇ ਅੰਦਰ ਪਾਰਕਿੰਗ ਦੇ ਸਮੁੱਚੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਹੈ। ਇਤਿਹਾਸਕ ਦਰੇਸੀ ਮੈਦਾਨ ਜਿੱਥੇ ਪਿਛਲੇ 100 ਸਾਲਾਂ ਤੋਂ ਦਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਹਨ। ਮੁੱਖ ਗੇਟ ਤੋਂ ਲੈ ਕੇ ਮੈਦਾਨ ਤੱਕ ਵੱਖ-ਵੱਖ ਥਾਵਾਂ ’ਤੇ ਪੁਲੀਸ ਬੈਠੀ ਹੈ ਨਾਲ ਹੀ ਸਾਦੀ ਵਰਦੀ ਵਿੱਚ ਵੀ ਮੁਲਾਜ਼ਮ ਤਾਇਨਾਤ ਹਨ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜਿਸਦੇ ਜਰੀਏ ਮੇਲੇ ’ਚ ਆਉਣ ਵਾਲੇ ਲੋਕਾਂ ’ਤੇ ਵੀ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪ੍ਰਾਚੀਨ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਦੇ ਸਾਹਮਣੇ ਕਾਲਜ ਗਰਾਊਂਡ ਵਿੱਚ ਵੀ ਮੇਲਾ ਲਗਾਇਆ ਗਿਆ ਹੈ। ਉਥੇ ਵੀ ਬਾਹਰੋਂ ਲੈ ਕੇ ਅੰਦਰ ਤੱਕ ਪੁਲੀਸ ਦਾ ਸਖ਼ਤ ਪਹਿਰਾ ਹੈ। ਇਸ ਤੋਂ ਇਲਾਵਾ ਮੇਲੇ ਵਿੱਚ ਸਿਵਲ ਲਾਇਨਜ਼ ਅਤੇ ਹੋਰ ਥਾਵਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।

Advertisement

ਅਧਿਕਾਰੀਆਂ ਨੂੰ ਲਗਾਤਾਰ ਰਿਪੋਰਟ ਕਰ ਰਹੇ ਨੇ ਥਾਣਾ ਇੰਚਾਰਜ: ਪੁਲੀਸ ਕਮਿਸ਼ਨਰ

ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਿਸ ਇਲਾਕੇ ਵਿੱਚ ਮੇਲਾ ਲੱਗਦਾ ਹੈ, ਉਸ ਇਲਾਕੇ ਦੇ ਥਾਣਾ ਇੰਚਾਰਜ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਰੋਜ਼ਾਨਾ ਰਿਪੋਰਟ ਦੇ ਰਹੇ ਹਨ। ਜਿਸ ਹਿਸਾਬ ਨਾਲ ਉਥੇ ਸੁਰੱਖਿਆ ਦੀ ਜ਼ਰੂਰਤ ਹੈ, ਉਸ ਹਿਸਾਬ ਨਾਲ ਹੀ ਫੋਰਸ ਵੀ ਤਾਇਨਾਤੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੇਲਾ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਬਾਕੀ ਲੁਧਿਆਣਾ ਪੁਲੀਸ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। ਲੋਕਾਂ ਦੇ ਸਾਥ ਦੀ ਲੋੜ ਹੈ ਅਤੇ ਲੋਕਾਂ ਨੂੰ ਆਪਣਾ ਤਿਉਹਾਰ ਚੰਗੀ ਤਰ੍ਹਾਂ ਮਨਾਉਣ।

Advertisement

Advertisement
Author Image

sukhwinder singh

View all posts

Advertisement