ਦਸਹਿਰੇ ਮੌਕੇ ਠੇਕਾ ਕਾਮਿਆਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਸ਼ਗਨ ਕਟਾਰੀਆ
ਬਠਿੰਡਾ, 23 ਅਕਤੂਬਰ
ਠੇਕਾ ਮੁਲਾਜ਼ਮਾਂ ਨੇ ਦਸਹਿਰੇ ਦੇ ਸੰਦਰਭ ਵਿੱਚ ਇੱਥੇ ਘਨ੍ਹੱਈਆ ਚੌਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ 22 ਫੁੱਟ ਉੱਚਾ ਪੁਤਲਾ ਸਾੜ ਕੇ ਮੁਜ਼ਾਹਰਾ ਕੀਤਾ। ਇਸ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂਆਂ ਗੁਰਵਿੰਦਰ ਸਿੰਘ ਪੰਨੂ, ਰਾਮ ਵਰਨ, ਇਕਬਾਲ ਸਿੰਘ ਪੂਹਲਾ, ਸੀਐੱਚਬੀ ਦੇ ਆਗੂ ਜਸਵਿੰਦਰ ਸਿੰਘ ਅਤੇ ਵੇਰਕਾ ਮਿਲਕ ਪਲਾਂਟ ਕਰਮਚਾਰੀ ਯੂਨੀਅਨ ਦੇ ਅਮਨਦੀਪ ਸਿੰਘ ਨੇ ਕਿਹਾ ਕਿ ਭਾਵੇਂ ਰਾਵਣ ਮਰ ਚੁੱਕਾ ਹੈ ਅਤੇ ਲੋਕ ਦਸਹਿਰੇ ਵਾਲੇ ਦਿਨ ਉਸ ਦਾ ਪੁਤਲਾ ਫੂਕ ਕੇ ਖੁਸ਼ੀ ਦੇ ਰੂਪ ਵਿੱਚ ਇਹ ਦਿਨ ਮਨਾਉਂਦੇ ਹਨ, ਪਰ ਬਦੀ ਦਾ ਦੌਰ ਪਹਿਲਾਂ ਵਾਂਗ ਜਿਉਂ ਦਾ ਤਿਉਂ ਜਾਰੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਹਿੰਦੋਸਤਾਨ ਅੰਦਰ ਧੀਆਂ-ਭੈਣਾਂ ਨੂੰ ਅਗਵਾ ਕਰਕੇ ਜਬਰ-ਜਨਾਹ ਅਤੇ ਕਤਲ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਹਿੰਦੋਸਤਾਨ ਦੀ ਸਰਕਾਰ ਵੱਲੋਂ ਕਾਰਪੋਰੇਟੀ ਲੁੱਟ ਦੇ ਮੁਨਾਫ਼ੇ ਦੀ ਹੋੜ ਵਿੱਚ ਲੋਕਾਂ ਦੇ ਪੈਸੇ ਨਾਲ ਬਣੇ ਅਦਾਰਿਆਂ ਦਾ ਨਿੱਜੀਕਰਨ ਜਾਰੀ ਹੈ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮ ਜਦੋਂ ਮੁੱਖ ਮੰਤਰੀ ਨਾਲ ਆਪਣੀਆਂ ਮੰਗਾਂ ਨੂੰ ਸਾਂਝੀਆਂ ਕਰਨ ਵਾਸਤੇ ਮੀਟਿੰਗ ਦੇ ਸਮੇਂ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਮੋੜ ਦਿੱਤਾ ਜਾਂਦਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਪਿਛਲੇ ਡੇਢ ਸਾਲ ਦੌਰਾਨ ਮੁੱਖ ਮੰਤਰੀ ਵੱਲੋਂ ਮੋਰਚੇ ਨੂੰ 18 ਵਾਰ ਮੀਟਿੰਗਾਂ ਦਾ ਸਮਾਂ ਦਿੱਤਾ ਗਿਆ ਅਤੇ ਹਰ ਵਾਰ ਇਨਕਾਰ ਕਰ ਦਿੱਤਾ ਗਿਆ।
ਆਗੂਆਂ ਨੇ ਅੱਜ ਅਹਿਦ ਕੀਤਾ ਕਿ ਲੋਕ ਮਾਰੂ ਫ਼ੈਸਲਿਆਂ ਦੇ ਵਿਰੋਧ ਵਿੱਚ ਵੱਡੇ ਸੰਘਰਸ਼ ਉਲੀਕੇ ਜਾਣਗੇ ਤੇ ਕਾਰਪੋਰੇਟ ਘਰਾਣਿਆਂ ਦੇ ਹੱਲਿਆਂ ਖ਼ਿਲਾਫ਼ ਲੋਕਾਂ ਵਿੱਚ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਾਜਬਿ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਜੰਗ ਜਾਰੀ ਰੱਖੀ ਜਾਵੇਗੀ। ਇਸ ਮੌਕੇ ਮੁਲਾਜ਼ਮ ਆਗੂ ਕਰਮਜੀਤ ਸਿੰਘ ਦਿਓਣ, ਅਨਿਲ ਕੁਮਾਰ, ਕੁਲਦੀਪ ਸਿੰਘ, ਅਰੁਣ ਕੁਮਾਰ, ਸੰਦੀਪ ਕੁਮਾਰ, ਗਗਨਦੀਪ ਸਿੰਘ, ਗੁਰਜੀਤ ਸਿੰਘ, ਰੁਪਿੰਦਰ ਸਿੰਘ ਵਿੱਕੀ, ਗੋਰਾ ਭੁੱਚੋ, ਰਤਨ ਲਾਲ, ਮਹਿੰਦਰ ਕੁਮਾਰ, ਰਾਜੇਸ਼ ਕੁਮਾਰ, ਰਾਮ ਲਾਲ, ਮਾਨ ਸਿੰਘ, ਦਰਵੇਸ਼ ਸਿੰਘ, ਸੋਨੂੰ ਕੁਮਾਰ, ਦਿਨੇਸ਼ ਕੁਮਾਰ ਤੇ ਗੁਰਵਿੰਦਰ ਸਿੰਘ ਹਾਜ਼ਰ ਸਨ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪਿੰਡ ਲਹਿਰਾ ਰੋਹੀ ਵਿੱਚ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਰਾਵਣ ਦੀ ਜਗ੍ਹਾ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਦਸਹਿਰਾ ਮਨਾਇਆ ਗਿਆ। ਇਸ ਮੌਕੇ ਸੂਬਾ ਜਰਨਲ ਸਕੱਤਰ ਸੁਖਵਿੰਦਰ ਕੌਰ ਨੇ ਆਖਿਆ ਕਿ ਅੱਜ ਪੰਜਾਬ, ਹਰਿਆਣਾ ਤੇ ਯੂਪੀ ਵਿੱਚ ਵੀ ਮੋਦੀ ਸਰਕਾਰ ਦੇ ਵੱਡੇ ਪੁਤਲੇ ਬਣਾ ਕੇ ਫੂਕੇ ਗਏ ਹਨ, ਜੇਕਰ ਸਰਕਾਰ ਅਜੇ ਵੀ ਕਿਸਾਨਾਂ ਦੇ ਮਸਲਿਆਂ ਤੇ ਚੁੱਪ ਰਹੀ ਤਾਂ ਅੱਧ ਨਵੰਬਰ ਤੋਂ ਬਾਅਦ ਲੰਮੇ ਸਮੇਂ ਲਈ ਟੌਲ ਪਲਾਜ਼ਾ ਫਰੀ ਕੀਤੇ ਜਾਣਗੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇ ਵਾਲਾ, ਪਰਮਜੀਤ ਕੌਰ ਮੁੱਦਕੀ, ਜਗਮੋਹਣ ਸਿੰਘ ਚੂਹੜਚੱਕ, ਬਲਜੀਤ ਕੌਰ ਮੱਖੂ ਨੇ ਸੰਬੋਧਨ ਕੀਤਾ। ਇਸ ਮੌਕੇ ਤੀਰਥ ਚੜਿੱਕ ਦੇ ਨਿਰਦੇਸ਼ਨ ਹੇਠ ਖੇਡੇ ਗਏ ਇਨਕਲਾਬੀ ਨਾਟਕਾਂ ਨੇ ਭਾਰੀ ਇਕੱਠ ਨੂੰ ਕੀਲ ਕੇ ਬਿਠਾਈ ਰੱਖਿਆ। ਇਸ ਦੌਰਾਨ ਸਲਿਆਣੀ ਦੀ ਗੱਤਕਾ ਟੀਮ ਨੇ ਵੀ ਆਪਣੇ ਜੌਹਰ ਵਿਖਾਏ।
ਠੇਕਾ ਮੁਲਾਜ਼ਮਾਂ ਅਤੇ ਪਰਿਵਾਰਾਂ ਨੇ ਕੌਮੀ ਮਾਰਗ ਕੀਤਾ ਜਾਮ
ਭੁੱਚੋ ਮੰਡੀ (ਪਵਨ ਗੋਇਲ): ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਅਤੇ ਪਰਿਵਾਰਾਂ ਨੇ ਦਸਹਿਰੇ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਦਸਹਿਰੇ ਮੌਕੇ ਅੱਜ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਜਾਮ ਕੀਤਾ ਅਤੇ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਰਾਵਣ ਰੂਪੀ ਪੁਤਲਾ ਫੂਕਿਆ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਤਜਰਬੇ ਦੇ ਆਧਾਰ ’ਤੇ ਵਿਭਾਗਾਂ ਵਿੱਚ ਮਰਜ਼ ਕਰ ਕੇ ਪੱਕਾ ਕੀਤਾ ਜਾਵੇ, ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਅਤੇ ਵਧ ਰਹੀ ਮਹਿੰਗਾਈ ਅਨੁਸਾਰ ਘੱਟੋ ਘੱਟ ਤਨਖ਼ਾਹ 30 ਹਜ਼ਾਰ ਰੁਪਏ ਕੀਤੀ ਜਾਵੇ ਅਤੇ ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ। ਇਸ ਮੌਕੇ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ ਅਤੇ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਅੱਠ ਘੰਟੇ ਦੀ ਕੰਮ ਦਿਹਾੜੀ ਨੂੰ ਵਧਾ ਕੇ ਬਾਰਾਂ ਘੰਟੇ ਕਰ ਕੇ ਕਿਰਤੀਆਂ ਨੂੰ ਬੰਧੂਆ ਮਜ਼ਦੂਰੀ ਵੱਲ ਧੱਕਿਆ ਜਾ ਰਿਹਾ ਹੈ ਅਤੇ ਯੂਨੀਅਨ ਬਣਾਉਣ ਦਾ ਹੱਕ ਖੋਹਿਆ ਜਾ ਰਿਹਾ ਹੈ। ਇਸ ਮੌਕੇ ਬਲਜਿੰਦਰ ਸਿੰਘ ਮਾਨ, ਹਰਜਿੰਦਰ ਰਾਜੂ, ਹਰਦੀਪ ਢੱਡੇ, ਸਲੱਖਣ ਸਿੰਘ, ਕ੍ਰਿਸ਼ਨ ਕੁਮਾਰ, ਰਮਜ਼ਾਨ ਖ਼ਾਨ, ਜੁਗਰਾਜ਼ ਸਿੰਘ, ਲਵਪ੍ਰੀਤ ਬੇਗਾ, ਨਾਇਬ ਸਿੰਘ ਤੇ ਜਸਕਰਨ ਜੱਸੀ ਨੇ ਸੰਬੋਧਨ ਕੀਤਾ।