ਦੀਵਾਲੀ ਮੌਕੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ
ਪੱਤਰ ਪ੍ਰੇਰਕ/ਏਜੰਸੀ
ਨਵੀਂ ਦਿੱਲੀ, 11 ਨਵੰਬਰ
ਦੀਵਾਲੀ ਮੌਕੇ ਕੌਮੀ ਰਾਜਧਾਨੀ ਦਿੱਲੀ ਦੇ ਅਹਿਮ ਬਾਜ਼ਾਰਾਂ ਵਿੱਚ ਸਾਰਾ ਦਿਨ ਰੌਣਕ ਬਣੀ ਰਹੀ। ਹਾਲਾਂਕਿ ਦਿੱਲੀ ਦੀਆਂ ਅੰਦਰੂਨੀ ਸੜਕਾਂ ਉਪਰ ਘੱਟ ਆਵਾਜਾਈ ਸੀ ਪਰ ਰਿਹਾਇਸ਼ੀ ਇਲਾਕਿਆਂ ਵਿੱਚ ਬਾਜ਼ਾਰ ਸਜੇ ਹੋਏ ਹਨ। ਦੀਵਾਲੀ ਦੇ ਜਸ਼ਨਾਂ ਦੌਰਾਨ ਚਾਂਦਨੀ ਚੌਕ, ਖਾਰੀ ਬਾਉਲੀ, ਕਨਾਟ ਪਲੇਸ, ਕਰੋਲ ਬਾਗ, ਸਰੋਜਨੀ ਨਗਰ, ਸਦਰ ਬਾਜ਼ਾਰ, ਲਾਜਪਤ ਨਗਰ, ਯੂਸਫ ਸਰਾਏ ਮਾਰਕੀਟ, ਨਹਿਰੂ ਪਲੇਸ, ਗ੍ਰੇਟਰ ਕੈਲਾਸ਼, ਤਿਲਕ ਨਗਰ, ਗਾਂਧੀ ਨਗਰ, ਕਮਲਾ ਨਗਰ, ਰਾਜੌਰੀ ਗਾਰਡਨ, ਸਾਕੇਤ ਜੇ-ਬਲਾਕ, ਅਨੁਪਮ ਸਿਨੇਮਾ ਮਾਰਕੀਟ, ਅਤੇ ਦਵਾਰਕਾ ਸੈਕਟਰ 6 ਅਤੇ 10 ਸਮੇਤ ਹੋਰ ਬਾਜ਼ਾਰਾਂ ਵਿੱਚ ਰੌਣਕ ਰਹੀ ਤੇ ਲੋਕਾਂ ਨੇ ਜਮ ਕੇ ਖਰੀਦਦਾਰੀ ਕੀਤੀ। ਪਟਾਕਿਆਂ ਉਪਰ ਰੋਕ ਹੋਣ ਦੇ ਬਾਵਜੂਦ ਦਿੱਲੀ ਐਨਸੀਆਰ ਵਿੱਚ ਪਟਾਕੇ ਚਲਾਏ ਜਾ ਰਹੇ ਹਨ। ਸ਼ਰਾਬ ਦੀ ਵਿਕਰੀ ਵੀ ਜ਼ੋਰਾਂ ’ਤੇ ਹੋ ਰਹੀ ਹੈ। ਸਦਰ ਬਾਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਆਗੂ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦੀਵਾਲੀ ਮੌਕੇ ਉਤਰੀ ਭਾਰਤ ਵਿੱਚ ਕਰੋੜਾਂ ਦਾ ਕਾਰੋਬਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਵਾਰ ਵੀ ਚੰਗੇ ਕਾਰੋਬਾਰ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਬੀਤੇ ਦੋ-ਤਿੰਨ ਸਾਲ ਵਪਾਰੀਆਂ ਲਈ ਮੰਦੇ ਲੰਘੇ ਹਨ ਪਰ ਇਸ ਵਾਰ ਲੋਕਾਂ ਵਿੱਚ ਤਿਓਹਾਰਾਂ ਲਈ ਉਤਸ਼ਾਹ ਪਾਇਆ ਜਾ ਰਿਹਾ ਹੈ।
ਦਿੱਲੀ ਦੇ ਸਿਹਤ ਵਿਭਾਗ ਨੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਮੱਦੇਨਜ਼ਰ ਲੋਕਾਂ ਨੂੰ ਬਾਹਰ ਘੁੰਮਣ ਤੋਂ ਪਰਹੇਜ਼ ਕਰਨ ਅਤੇ ਪਟਾਕੇ ਨਾ ਚਲਾਉਣ ਦੀ ਸਲਾਹ ਦਿੱਤੀ ਹੈ। ਐਡਵਾਈਜ਼ਰੀ ਅਨੁਸਾਰ ਗਰਭਵਤੀ ਔਰਤਾਂ, ਮਰੀਜ਼ਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਧ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਹਾਲਾਂਕਿ ਕੌਮੀ ਰਾਜਧਾਨੀ ਵਿੱਚ ਦੋ ਹਫ਼ਤਿਆਂ ਤੋਂ ਖਤਰਨਾਕ ਪ੍ਰਦੂਸ਼ਣ ਪੱਧਰ ਤੋਂ ਜੂਝ ਰਹੇ ਲੋਕਾਂ ਨੂੰ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਨੂੰ ਰੁਕ-ਰੁਕ ਕੇ ਮੀਂਹ ਪੈਣ ਮਗਰੋਂ ਕੁੱਝ ਰਾਹਤ ਮਿਲੀ ਹੈ। ਕੌਮੀ ਰਾਜਧਾਨੀ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਅੱਜ ਸਵੇਰੇ 219 ਦਰਜ ਕੀਤਾ ਗਿਆ, ਜੋ ਵੀਰਵਾਰ ਨੂੰ 437 ਸੀ। ਆਮ ਤੌਰ ’ਤੇ ਦੀਵਾਲੀ ਤੋਂ ਬਾਅਦ ਇੱਕ ਦਮ ਹਵਾ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ, ਜਿਸ ਕਰਕੇ ਦਿੱਲੀ ਸਰਕਾਰ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਨੇ ਇੱਕ ਜਨਤਕ ਸਿਹਤ ਸਲਾਹ ਜਾਰੀ ਕਰਕੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਲਈ ਕਿਹਾ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, “ਉੱਚ ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ਜਿਵੇਂ ਕਿ ਹੌਲੀ ਅਤੇ ਭਾਰੀ ਆਵਾਜਾਈ ਵਾਲੀਆਂ ਸੜਕਾਂ, ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਦੇ ਨੇੜੇ ਦੇ ਖੇਤਰਾਂ ਅਤੇ ਉਸਾਰੀ ਵਾਲੀਆਂ ਥਾਵਾਂ ਆਦਿ ਤੋਂ ਬਚੋ। ਵਿਸ਼ੇਸ ਰੂਪ ਵਿੱਚ ਗੰਭੀਰ ਏਕਿਊਆਈ ਵਿੱਚ ਸਵੇਰੇ ਅਤੇ ਦੇਰ ਸ਼ਾਮ ਦੀ ਸੈਰ ਕਰਨ, ਦੌੜ ਲਾਉਣ, ਸਰੀਰਕ ਕਸਰਤ ਕਰਨ ਤੋਂ ਪਰਹੇਜ਼ ਕਰੋ।’’
ਇਸ ਵਿੱਚ ਲੋਕਾਂ ਨੂੰ ਸਿਗਰਟ ਨਾ ਪੀਣ ਅਚੇ ਮੱਛਰ ਭਜਾਉਣ ਵਾਲੀਆਂ ਕੋਇਲਾਂ ਦੀ ਵਰਤੋਂ ਨਾ ਕਰਨ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ ਲੱਕੜਾਂ, ਪੱਤਿਆਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ। ਐਡਵਾਈਜ਼ਰੀ ਵਿੱਚ ਲੋਕਾਂ ਨੂੰ ਤਾਜ਼ੇ ਪਾਣੀ ਨਾਲ ਆਪਣੀਆਂ ਅੱਖਾਂ ਧੋਣ, ਕੋਸੇ ਪਾਣੀ ਨਾਲ ਗਰਾਰੇ ਕਰਨ ਅਤੇ ਫਲਾਂ ਤੇ ਸਬਜ਼ੀਆਂ ਸਮੇਤ ਸਿਹਤਮੰਦ ਅਤੇ ਸੰਤੁਲਿਤ ਭੋਜਨ ਖਾਣ ਲਈ ਕਿਹਾ ਗਿਆ ਹੈ।
ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਵੱਲੋਂ ਫਲੈਗ ਮਾਰਚ
ਦਿੱਲੀ ਪੁਲੀਸ ਨੇ ਅੱਜ ਦੀਵਾਲੀ ਦੇ ਮੱਦੇਨਜ਼ਰ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਦਿੱਲੀ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਵਿਰਾਟ ਚੌਕ, ਜਨਪਥ ਮਾਰਕੀਟ, ਕਨਾਟ ਪਲੇਸ, ਸਰੋਜਨੀ ਮਾਰਕੀਟ, ਖਾਨ ਮਾਰਕੀਟ, ਚਾਂਦਨੀ ਚੌਕ ਅਤੇ ਸਦਰ ਬਾਜ਼ਾਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲੀਸ ਨੇ ਦੱਸਿਆ ਕਿ ਤਿਓਹਾਰਾਂ ਦੇ ਮੱਦੇਨਜ਼ਰ ਵੱਖ-ਵੱਖ ਇਲਾਕਿਆਂ ਦੇ ਐੱਸਐੱਚਓਜ਼ ਨੂੰ ਪਹਿਲਾਂ ਹੀ ਆਪਣੇ ਇਲਾਕਿਆਂ ’ਚ ਸਖ਼ਤ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ |