ਛਠ ਪੂਜਾ ਮੌਕੇ ਔਰਤਾਂ ਨੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ
ਮੁਕੇਸ਼ ਕੁਮਾਰ
ਚੰਡੀਗੜ੍ਹ, 19 ਨਵੰਬਰ
ਇੱਥੇ ਅੱਜ ਛਠ ਪੂਜਾ ਨੂੰ ਲੈ ਕੇ ਚੰਡੀਗੜ੍ਹ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮ ਕੀਤੇ ਗਏ। ਛਠ ਪੂਜਾ ਨੂੰ ਲੈ ਕੇ ਪੂਰਵਾਂਚਲ ਵਾਸੀਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਵੱਖ ਵੱਖ ਥਾਵਾਂ ਤੇ ਹੋਏ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਆਪਣੇ ਰਿਵਾਇਤੀ ਰੀਤੀ-ਰਿਵਾਜ਼ਾਂ ਅਨੁਸਾਰ ਛਠ ਮਾਤਾ ਦੀ ਪੂਜਾ ਕੀਤੀ।
ਇੱਥੇ ਸੈਕਟਰ 42 ਸਥਿਤ ਨਵੀਂ ਝੀਲ ਵਿਖੇ ਕੀਤੇ ਮੁੱਖ ਪ੍ਰੋਗਰਾਮ ਦੌਰਾਨ ਪੂਰਵਾਂਚਲ ਦੇ ਵੱਡੀ ਗਿਣਤੀ ਲੋਕ ਇਕੱਠੇ ਹੋਏ ਅਤੇ ਛਠ ਮਾਤਾ ਦੀ ਪੂਜਾ ਕੀਤੀ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ, ਨਗਰ ਨਿਗਮ ਦੇ ਕੌਂਸਲਰ ਅਤੇ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਸਣੇ ਕਈ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਹੋਏ ਸਨ। ਉਨ੍ਹਾਂ ਸਾਰਿਆਂ ਨੂੰ ਛਠ ਪੂਜਾ ਦੀ ਵਧਾਈ ਦਿੱਤੀ। ਇਸ ਮੌਕੇ ਸਾਬਕਾ ਸੰਸਦ ਮੈਂਬਰ ਅਤੇ ਭਾਰਤ ਸਰਕਾਰ ਦੇ ਵਧੀਕ ਸੌਲੀਸਿਟਰ ਜਨਰਲ ਸਤਪਾਲ ਜੈਨ ਨੇ ਅੱਜ ਸ਼ਾਮ ਚੰਡੀਗੜ੍ਹ ਦੇ ਸੈਕਟਰ 42 ਸਥਿਤ ਨਵੀਂ ਝੀਲ ਵਿਖੇ ਪੂਰਵਾਂਚਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕੀਤੇ ਛਠ ਪੂਜਾ ਸਮਾਰੋਹ ਵਿੱਚ ਸ਼ਿਰਕਤ ਕੀਤੀ। ਸਤਪਾਲ ਜੈਨ ਨੇ ਸਾਰਿਆਂ ਨੂੰ ਛਠ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਜੈਨ ਨੇ ਕਿਹਾ ਕਿ ਇਹ ਤਿਉਹਾਰ ਦੇਸ਼ ਦੇ ਲੋਕਾਂ ਦੀ ਆਪਣੇ ਧਰਮ ਅਤੇ ਸੰਸਕ੍ਰਿਤੀ ਪ੍ਰਤੀ ਪੂਰੀ ਆਸਥਾ ਦਾ ਤਿਉਹਾਰ ਹੈ, ਜੋ ਕਿ ਅੱਜ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਮੌਜੂਦ ਭਾਰੀ ਭੀੜ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਪੂਰਾ ਚੰਡੀਗੜ੍ਹ ਸ਼ਹਿਰ ਹੀ ਇੱਥੇ ਛਠ ਪੂਜਾ ਕਰਨ ਆਇਆ ਹੋਵੇ।
ਇਸੇ ਤਰ੍ਹਾਂ ਸੈਕਟਰ 56 ਦੇ ਰਾਮਲੀਲਾ ਗਰਾਊਂਡ ਵਿੱਚ ਛਠ ਦੇ ਤਿਉਹਾਰ ਮੌਕੇ ਸਥਾਨਕ ਕੌਂਸਲਰ ਮਨੌਰ ਨੇ ਵਾਰਡ ਵਾਸੀਆਂ ਨੂੰ ਐਂਬੂਲੈਂਸ ਸੇਵਾ ਪ੍ਰਦਾਨ ਕਰਨ ਲਈ ਪ੍ਰੋਗਰਾਮ ਕਰਵਾਇਆ। ਜਨ ਕਲਿਆਣ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਡਾ. ਐੱਸਐੱਸ ਆਹਲੂਵਾਲੀਆ ਅਤੇ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਐਂਬੂਲੈਂਸ ਸੁਸਾਇਟੀ ਦੇ ਮੈਂਬਰਾਂ ਨੂੂੰ ਸੌਂਪੀ। ਪ੍ਰੋਗਰਾਮ ਨੂੂੰ ਸੰਬੋਧਨ ਕਰਦਿਆਂ ਸਥਾਨਕ ਕੌਂਸਲਰ ਮਨੌਰ ਨੇ ਇਸ ਮੌਕੇ ਪ੍ਰੋਗਰਾਮ ਵਿੱਚ ਪੁੱਜੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੋਨੀ ਵਾਸੀਆਂ ਦੀ ਹਰ ਸਮੱਸਿਆ ਲਈ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਛੱਠ ਪੂਜਾ ਮੌਕੇ ਇਸ ਸੇਵਾ ਨੂੰ ਜਾਰੀ ਰੱਖਦਿਆਂ ਐਂਬੂਲੈਂਸ ਸੇਵਾ ਵੀ ਚਲਾਈ ਗਈ ਹੈ। ਇਸ ਮੌਕੇ ਪੰਜਾਬ ਦੇ ਮੰਤਰੀ ਜੌੜਾਮਾਜਰਾ ਨੇ ਕੌਂਸਲਰ ਵੱਲੋਂ ਆਪਣੇ ਖਰਚੇ ’ਤੇ ਕਲੋਨੀ ਵਾਸੀਆਂ ਨੂੰ ਮੁਹੱਈਆ ਕਰਵਾਈ ਗਈ ਐਂਬੂਲੈਂਸ ਸੇਵਾ ਦੀ ਸ਼ਲਾਘਾ ਕੀਤੀ ਸਨ। ਇਸ ਤੋਂ ਇਲਾਵਾ ਇੱਥੇ ਇੰਦਰਾ ਕਲੋਨੀ, ਸੈਕਟਰ 47 ਸਥਿਤ ਸ੍ਰੀ ਰਾਮ ਮੰਦਰ ਵਿਖੇ ਵੀ ਛਠ ਪੂਜਾ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇੱਥੇ ਵੱਡੀ ਗਿਣਤੀ ਪੂਰਵਾਂਚਲ ਵਾਸੀਆਂ ਨੇ ਸ਼ਮੂਲੀਅਤ ਕਰ ਕੇ ਛਠ ਪੂਜਾ ਕੀਤੀ ਅਤੇ ਇੱਕ-ਦੂਸਰੇ ਨੂੰ ਵਧਾਈ ਦਿੱਤੀ।