ਬੰਦੀ ਛੋੜ ਦਿਵਸ ਮੌਕੇ ਦਿੱਲੀ ਦੇ ਗੁਰੂ ਘਰਾਂ ਵਿੱਚ ਨਹੀਂ ਹੋਵੇਗੀ ਦੀਪਮਾਲਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਦੀਪਮਾਲਾ ਨਹੀਂ ਕੀਤੀ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਫ਼ੈਸਲਾ ਬੰਦੀ ਛੋੜ ਦਿਵਸ (ਦੀਵਾਲੀ) ਵਾਲੀਆਂ ਤਰੀਕਾਂ ਦੌਰਾਨ ਨਵੰਬਰ 1984 ਦੇ ਸਿੱਖ ਕਤਲੇਆਮ ਦੀ 40ਵੀਂ ਬਰਸੀ ਆਉਣ ਕਾਰਨ ਲਿਆ ਗਿਆ। ਇਸ ਤਹਿਤ ਇਤਿਹਾਸਕ ਗੁਰਦੁਆਰਿਆਂ ਵਿਖੇ ਦੀਪਮਾਲਾ ਨਹੀਂ ਕੀਤੀ ਜਾਵੇਗੀ। ਕਾਲਕਾ ਨੇ ਕਿਹਾ ਕਿ ਨਵੰਬਰ 1984 ਦੇ ਸਿੱਖਾਂ ਦਾ ਕਤਲੇਆਮ ਨਾ ਭੁੱਲਣਯੋਗ ਹੈ ਅਤੇ ਨਾ ਹੀ ਬਖਸ਼ਣਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖ ਇਸ ਜਬਰ ਲਈ ਬੀਤੇ ਚਾਲੀ ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਨੂੰ 40 ਸਾਲ ਪੂਰੇ ਹੋਣ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਇਸ ਵਾਰ ਦੀਪਮਾਲਾ ਨਹੀਂ ਕੀਤੀ ਜਾਵੇਗੀ।’ ਸ੍ਰੀ ਕਾਲਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਘਰਾਂ ਵਿੱਚ ਦੀਪਮਾਲਾ ਨਾ ਕਰਨ ਅਤੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸਿੱਖੀ ਸਰੂਪ ਕਾਇਮ ਰੱਖਦਿਆਂ ਆਪਣੀਆਂ ਜਾਨਾਂ ਵਾਰੀਆਂ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੌਰਾਨ ਹੀ ਸਿੱਖ ਕਤਲੇਆਮ ਦੇ ਦਿਨ 31 ਅਕਤੂਬਰ ਤੋਂ 2 ਨਵੰਬਰ ਆ ਰਹੇ ਹਨ। ਇਸ ਲਈ ਕੌਮ ਘਰਾਂ ਵਿੱਚ ਦੀਪਮਾਲਾ ਨਾ ਕਰੇ।