For the best experience, open
https://m.punjabitribuneonline.com
on your mobile browser.
Advertisement

ਐਨਜ਼ੈਕ ਡੇਅ ਮੌਕੇ ਆਸਟਰੇਲਿਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

07:54 AM Apr 26, 2024 IST
ਐਨਜ਼ੈਕ ਡੇਅ ਮੌਕੇ ਆਸਟਰੇਲਿਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ
ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਧਿਕਾਰੀ। -ਫੋਟੋ: ਰਾਇਟਰਜ਼
Advertisement

ਹਰਜੀਤ ਲਸਾੜਾ
ਬ੍ਰਿਸਬੇਨ 25 ਅਪਰੈਲ
ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹਜ਼ਾਰਾਂ ਲੋਕਾਂ ਨੇ ਐਨਜ਼ੈਕ ਡੇਅ ਪਰੇਡ ਸਮਾਰੋਹਾਂ ਵਿੱਚ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਾਪੂਆ ਨਿਊ ਗਿਨੀ ਵਿੱਚ ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਨੁਸਾਰ ਇਹ ਦਿਨ 1.5 ਮਿਲੀਅਨ ਤੋਂ ਵੱਧ ਮਰਦਾਂ ਅਤੇ ਔਰਤਾਂ ਦਾ ਸਨਮਾਨ ਕਰਦਾ ਹੈ, ਜਿਨ੍ਹਾਂ ਨੇ ਸਾਰੇ ਸੰਘਰਸ਼ਾਂ, ਯੁੱਧਾਂ ਅਤੇ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਦੋਵਾਂ ਦੇਸ਼ਾਂ ਦੀ ਸੇਵਾ ਕੀਤੀ ਹੈ। ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿੱਚ ਤਕਰੀਬਨ 15,000 ਲੋਕ ਐਨਜ਼ੈਕ ਸੁਕੇਅਰ ਵਿੱਚ ਤੜਕੇ 3.30 ਵਜੇ ਇਕੱਠੇ ਹੋਏ। ਗਵਰਨਰ ਜੀਨੇਟ ਯੰਗ ਨੇ 16,000 ਆਸਟਰੇਲਿਆਈ ਅਤੇ ਨਿਊਜ਼ੀਲੈਂਡ ਸੈਨਿਕਾਂ ਨੂੰ ਯਾਦ ਕੀਤਾ। ਬ੍ਰਿਸਬੇਨ ਤੋਂ ਪ੍ਰਣਾਮ ਸਿੰਘ ਹੇਅਰ ਅਤੇ ਰਛਪਾਲ ਸਿੰਘ ਹੇਅਰ ਅਨੁਸਾਰ ਸਨੀਬੈਂਕ ਆਰਐੱਸਐੱਲ ਵਿੱਚ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਵਿਸ਼ੇਸ਼ ਸਿੱਖ ਪਰੇਡ ਕਰਵਾਈ ਗਈ। ਸਮਾਗਮ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਕੈਨਬਰਾ ਵਿੱਚ ਤਕਰੀਬਨ 32,000 ਲੋਕਾਂ ਨੇ ਵਾਰ ਮੈਮੋਰੀਅਲ ਵਿੱਚ ਤੜਕੇ 5.30 ਵਜੇ ਇੱਕ ਮਿੰਟ ਦੇ ਮੌਨ ਨਾਲ ਸ਼ਰਧਾਂਜਲੀ ਸਮਾਰੋਹ ਸ਼ੁਰੂ ਕੀਤਾ। ਇੱਥੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਉਪ-ਮੁਖੀ ਡੇਵਿਡ ਜੌਹਨਸਟਨ ਅਤੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਦੋਵਾਂ ਦੇਸ਼ਾਂ ਦੇ ਸੈਨਿਕਾਂ ਦੀ ਬਹਾਦਰੀ, ਦੋਸਤੀ ਅਤੇ ਧੀਰਜ ਦੀ ਪ੍ਰਸ਼ੰਸਾ ਕੀਤੀ। ਮੈਲਬਰਨ ਵਿੱਚ ਤਕਰੀਬਨ 40,000 ਤੋਂ ਵੱਧ ਲੋਕਾਂ ਨੇ ਸ਼ਰਾਈਨ ਆਫ ਰੀਮੇਮਬਰੈਂਸ ਜੰਗੀ ਯਾਦਗਾਰ ’ਚ ਸ਼ਿਰਕਤ ਕੀਤੀ। ਇੱਥੇ ਪ੍ਰੀਮੀਅਰ ਜੈਕਿੰਟਾ ਐਲਨ, ਵਿਕਟੋਰੀਆ ਪੁਲੀਸ ਦੇ ਮੁੱਖ ਕਮਿਸ਼ਨਰ ਸ਼ੇਨ ਪੈਟਨ, ਰਾਜ ਦੇ ਵਿਰੋਧੀ ਧਿਰ ਦੇ ਨੇਤਾ ਜੌਨ ਪੇਸੂਟੋ ਅਤੇ ਵਿਕਟੋਰੀਆ ਦੀ ਗਵਰਨਰ ਮਾਰਗਰੇਟ ਗਾਰਡਨਰ ਹਾਜ਼ਰ ਸਨ। ਸਿਡਨੀ ਦੇ ਮਾਰਟਿਨ ਪਲੇਸ ਵਿੱਚ ਮੌਜੂਦਾ ਅਤੇ ਸਾਬਕਾ ਸੈਨਿਕਾਂ ਨੂੰ ਦੇਖਣ ਅਤੇ ਸਨਮਾਨਿਤ ਕਰਨ ਲਈ ਹਜ਼ਾਰਾਂ ਲੋਕ ਸ਼ਹਿਰ ਦੀਆਂ ਸੜਕਾਂ ’ਤੇ ਸਵੇਰ ਤੋਂ ਖੜ੍ਹੇ ਸਨ। ਪਰੇਡ ਵਿੱਚ ਦੂਜੇ ਵਿਸ਼ਵ ਯੁੱਧ, ਕੋਰੀਆ, ਮਲਾਇਆ, ਬੋਰਨੀਓ, ਵੀਅਤਨਾਮ, ਖਾੜੀ ਯੁੱਧ, ਪੂਰਬੀ ਤਿਮੋਰ ਅਤੇ ਅਫਗਾਨਿਸਤਾਨ ਵਿੱਚ ਸੇਵਾ ਕਰਨ ਵਾਲੇ ਸਾਬਕਾ ਸੈਨਿਕ ਸ਼ਾਮਲ ਸਨ।

Advertisement

Advertisement
Author Image

sukhwinder singh

View all posts

Advertisement
Advertisement
×