ਸਰਸ ਮੇਲੇ ਦੇ ਅੰਤਿਮ ਦਿਨ ਮੇਲੀਆਂ ਨੇ ਬੰਨ੍ਹਿਆ ਰੰਗ
ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 27 ਅਕਤੂਬਰ
ਮੁਹਾਲੀ ਦੇ ਸੈਕਟਰ-8 ਵਿੱਚ ਪਿਛਲੇ ਦਸ ਦਿਨਾਂ ਤੋਂ ਲੱਗੇ ਸਰਸ ਮੇਲੇ ਦੇ ਆਖ਼ਰੀ ਦਿਨ ਵਿੱਚ ਮੇਲੀਆਂ ਦੀ ਵੱਡੀ ਭੀੜ ਜੁੜੀ। ਇੱਥੇ 20 ਸੂਬਿਆਂ ਦੇ 600 ਤੋਂ ਵੱਧ ਦਸਤਕਾਰਾਂ ਵੱਲੋਂ 300 ਤੋਂ ਵੱਧ ਸਟਾਲਾਂ ਰਾਹੀਂ ਜੁੱਤੇ, ਕੱਪੜੇ, ਮੂਰਤੀਆਂ, ਮਿੱਟੀ ਦੇ ਭਾਂਡੇ, ਸਜਾਵਟੀ ਵਸਤਾਂ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਅਤੇ ਹੋਰ ਸਮੱਗਰੀ ਵੇਚੀ ਗਈ।
ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਅਤੇ ਮੇਲੇ ਦੀ ਨੋਡਲ ਅਫ਼ਸਰ ਤੇ ਏਡੀਸੀ (ਵਿਕਾਸ) ਸੋਨਮ ਚੌਧਰੀ ਦੀ ਦੇਖ-ਰੇਖ ਹੇਠ ਮੁਹਾਲੀ ਜ਼ਿਲ੍ਹੇ ਦੇ ਇਸ ਪਹਿਲੇ ਸਰਸ ਮੇਲੇ ਨੂੰ ਸਫ਼ਲ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਪੂਰੀ ਵਾਹ ਲਾਈ ਗਈ। ਮੇਲੇ ਵਿੱਚ ਜਿੱਥੇ ਵੱਖ-ਵੱਖ ਕਾਰੀਗਰਾਂ ਦੇ ਹੱਥਾਂ ਨਾਲ਼ ਤਰਾਸ਼ੀਆਂ ਕਲਾਕ੍ਰਿਤਾਂ ਮੇਲੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ, ਉੱਥੇ ਹੀ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਤੇ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਦੇ ਬਣਾਏ ਤੇਲ ਚਿੱਤਰ ਅਤੇ ਪੈਨਸਿਲ ਸਕੈੱਚ ਵੀ ਦਰਸ਼ਕਾਂ ਦਾ ਧਿਆਨ ਖਿੱਚਦੇ ਰਹੇ। ਸੰਗੀਤਕ ਸ਼ਾਮ ਵਿੱਚ ਸ਼ਿਵਜੋਤ, ਮੰਨਤ ਨੂਰ, ਸਵੀਤਾਜ ਬਰਾੜ ਅਤੇ ਬਸੰਤ ਕੁਰ, ਲਖਵਿੰਦਰ ਵਡਾਲੀ, ਕਾਮੇਡੀਅਨ ਜਸਪ੍ਰੀਤ ਸਿੰਘ ਅਤੇ ਆਸ਼ੀਸ਼ ਸੋਲੰਕੀ, ਜੋਬਨ ਸੰਧੂ, ਰਾਣੀ ਰਣਦੀਪ, ਸ਼ਨੀ ਸ਼ਾਹ, ਨਿੰਜਾ ਬੈਂਡ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਇਸੇ ਤਰ੍ਹਾਂ ਬੀਤੀ ਰਾਤ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਗਾਇਕ ਬਿੱਲਾ ਅਤੇ ਮਾਲਵੇ ਦੇ ਪ੍ਰਸਿੱਧ ਕਵੀਸ਼ਰੀ ਜਥਾ ਦੇਸ ਰਾਜ ਲਚਕਾਣੀ ਦੀ ਸਟੇਜ ’ਤੇ ਜੁਗਲਬੰਦੀ ਵਿੱਚ ਗਾਈ ਕਵੀਸ਼ਰੀ ‘ਢੱਡ ਸਾਰੰਗੀ ਵੱਜੇ ਮਾਲਵੇ, ਜੋੜੀ ਵੱਜਦੀ ਅੰਮ੍ਰਿਤਸਰ’ ਨਾਲ ਕਵੀਸ਼ਰੀ ਕਲਾ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਉਪਰਾਲਾ ਸਿੱਧ ਹੋਈ।
ਨੋਡਲ ਅਫ਼ਸਰ ਮੇਲਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਪੇਂਡੂ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਲਈ ਅਜੀਵਿਕਾ ਸਰਸ ਮੇਲਾ ਕਰਵਾਉਣ ਦਾ ਕੀਤਾ ਗਿਆ ਉਪਰਾਲਾ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਸਵਾਦੀ ਖਾਣਿਆਂ ਦੀਆਂ ਸਟਾਲਾਂ ਭੋਜਨ ਪ੍ਰੇਮੀਆਂ ਲਈ ਵੀ ਯਾਦਗਾਰੀ ਅਨੁਭਵ ਬਣਿਆ ਹੈ।