ਅਖੀਰਲੇ ਦਿਨ 5390 ਵਿਅਕਤੀਆਂ ਵੱਲੋਂ ਨਾਮਜ਼ਦਗੀਆਂ ਦਾਖ਼ਲ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਅਕਤੂਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅਖੀਰਲੇ ਦਿਨ ਵਿਅਕਤੀਆਂ ਨੇ ਫਾਰਮ ਭਰੇ। ਸ਼ਾਮ ਨੂੰ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਨਗਰ ਨਿਗਮ ਦੇ ਬਾਹਰ ਖੜੇ ਉਮੀਦਵਾਰ ਅਤੇ ਸਮਰਥਕ ਅੰਦਰ ਜਾਣ ਦੀ ਜ਼ਿੱਦ ਕਰਨ ਲੱਗ ਪਏ। ਭੀੜ ’ਤੇ ਕਾਬੂ ਪਾਉਣ ਲਈ ਮੁਹਾਲੀ ਦੇ ਸਾਰੇ ਥਾਣਿਆਂ ਦੇ ਐੱਸਐੱਚਓਜ਼ ਤੇ ਹੋਰ ਪੁਲੀਸ ਫੋਰਸ ਨੂੰ ਮੌਕੇ ’ਤੇ ਸੱਦਿਆ ਗਿਆ। ਸੂਚਨਾ ਮਿਲਦੇ ਹੀ ਡੀਐੱਸਪੀ ਹਰਸਿਮਰਨ ਸਿੰਘ ਬੱਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦੇ ਹੋਏ ਉਨ੍ਹਾਂ ਮਾਹੌਲ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਤਿੰਨ ਵਜੇ ਤੱਕ ਨਿਗਮ ਦਫ਼ਤਰ ਵਿੱਚ ਦਾਖ਼ਲ ਹੋ ਗਏ ਸੀ, ਉਨ੍ਹਾਂ ਸਾਰਿਆਂ ਦੇ ਫਾਰਮ ਭਰੇ ਜਾਣਗੇ। ਦੇਰ ਸ਼ਾਮ ਤੱਕ ਫਾਰਮ ਜਮ੍ਹਾਂ ਕਰਨ ਦਾ ਸਿਲਸਿਲਾ ਜਾਰੀ ਰਿਹਾ।
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 5390 ਵਿਅਕਤੀਆਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਬਲਾਕ-ਵਾਰ ਵੰਡ ਵਿੱਚ ਮੁਹਾਲੀ ਬਲਾਕ ਦੀਆਂ 73 ਗਰਾਮ ਪੰਚਾਇਤਾਂ ਵਿੱਚ ਸਰਪੰਚੀ ਲਈ ਕੁੱਲ 314 ਅਤੇ ਪੰਚੀ ਲਈ 970 ਵਿਅਕਤੀਆਂ ਨੇ ਪੇਪਰ ਜਮ੍ਹਾਂ ਕਰਵਾਏ ਹਨ।
ਖਰੜ ਬਲਾਕ ਦੀਆਂ 65 ਪੰਚਾਇਤਾਂ ਲਈ ਸਰਪੰਚੀ ਲਈ ਕੁੱਲ 275 ਅਤੇ ਪੰਚਾਂ ਲਈ 669 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਇੰਜ ਹੀ ਡੇਰਾਬੱਸੀ ਬਲਾਕ ਵਿੱਚ 93 ਪੰਚਾਇਤਾਂ ਲਈ ਸਰਪੰਚੀ ਲਈ ਕੁੱਲ 505 ਅਤੇ ਪੰਚੀ ਲਈ 1336 ਵਿਅਕਤੀਆਂ ਨੇ ਨਾਮਜ਼ਦਗੀਆਂ ਅਤੇ ਮਾਜਰੀ ਬਲਾਕ ਵਿੱਚ 101 ਪੰਚਾਇਤਾਂ ਲਈ ਸਰਪੰਚੀ ਲਈ ਕੱਲ 352 ਅਤੇ ਪੰਚੀ ਲਈ 915 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸ ਤਰ੍ਹਾਂ ਹੁਣ ਤੱਕ ਸਰਪੰਚੀ ਲਈ 1446 ਅਤੇ ਪੰਚੀ ਲਈ 3890 ਉਮੀਦਵਾਰਾਂ ਨੇ ਫਾਰਮ ਭਰੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਕੋਲ ਐਨਓਸੀ ਨਹੀਂ ਸੀ, ਉਨ੍ਹਾਂ ਤੋਂ ਹਲਫਨਾਮਾ ਲੈ ਕੇ ਫਾਰਮ ਭਰੇ ਗਏ ਹਨ। ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 332 ਗਰਾਮ ਪੰਚਾਇਤਾਂ ਹਨ। ਭਲਕੇ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਸੱਤ ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਬੈਲਟ ਬਕਸਿਆਂ ਰਾਹੀਂ ਮਤਦਾਨ ਦਾ ਸਮਾਂ ਤੈਅ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ, ਮਤਦਾਨ ਹੋਣ ਤੋਂ ਬਾਅਦ ਉਸੇ ਦਿਨ ਕੀਤੀ ਜਾਵੇਗੀ।
ਖਰੜ (ਸ਼ਸ਼ੀ ਪਾਲ ਜੈਨ): ਖਰੜ ਦੇ ਐੱਸਡੀਐੱਮ ਗੁਰਮੰਦਰ ਸਿੰਘ ਦੀ ਸਫਲ ਦੇਖਰੇਖ ਵਿਚ ਖਰੜ ਬਲਾਕ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀ ਕਾਗਜ਼ ਭਰਨ ਦੇ ਆਖਰੀ ਦਿਨ ਵੱਡੀ ਗਿਣਤੀ ਵਿਚ ਉਮੀਦਵਾਰਾਂ ਵਲੋਂ ਆਪਣੇ ਕਾਗਜ਼ਾਤ ਭਰੇ ਗਏ।
ਜ਼ਿਕਰਯੋਗ ਹੈ ਕਿ ਖਰੜ ਵਿੱਚ ਕੁੱਲ 65 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ ਅਤੇ ਇਨਾਂ ਚੋਣਾਂ ਲਈ ਨਾਮਜ਼ਦਗੀ ਕਾਗਜ਼ ਭਰਨ ਲਈ 9 ਕਲੱਸਟਰ ਬਣਾਏ ਗਏ ਹਨ, ਜਿਨ੍ਹਾਂ ਵਿਚ ਵੱਖ-ਵੱਖ ਅਧਿਕਾਰੀਆਂ ਦੀਆਂ ਨਾਮਜ਼ਦਗੀ ਕਾਗਜ਼ ਪ੍ਰਾਪਤ ਕਰਨ ਲਈ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਸਨ।
ਮੁਹਾਲੀ ਨਗਰ ਨਿਗਮ ਤੇ ਹੋਰਨਾਂ ਦਫ਼ਤਰਾਂ ਵਿੱਚ ਲੱਗੀ ਲੋਕਾਂ ਦੀ ਭੀੜ
ਐਸ.ਏ.ਐਸ. ਨਗਰ (ਮੁਹਾਲੀ)(ਪੱਤਰ ਪ੍ਰੇਰਕ): ਅੱਜ ਸਵੇਰ ਤੋਂ ਹੀ ਮੁਹਾਲੀ ਨਗਰ ਨਿਗਮ ਅਤੇ ਹੋਰਨਾਂ ਦਫ਼ਤਰਾਂ ਵਿੱਚ ਚੋਣ ਲੜ ਰਹੇ ਵਿਅਕਤੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਮੇਲਾ ਲੱਗਿਆ ਰਿਹਾ। ਬਾਅਦ ਦੁਪਹਿਰ ਤਿੰਨ ਵਜੇ ਸੁਰੱਖਿਆ ਕਰਮਚਾਰੀਆਂ ਨੇ ਮੁੱਖ ਗੇਟ ਬੰਦ ਕਰ ਦਿੱਤੇ ਪਰ ਇਸ ਦੇ ਬਾਵਜੂਦ ਚਾਰਦੀਵਾਰੀ ਦੇ ਬਾਹਰ ਖੜ੍ਹੇ ਲੋਕ ਕੰਧਾਂ ਟੱਪ ਅੰਦਰ ਆ ਵੜੇ। ਇਹੀ ਨਹੀਂ ਜਦੋਂ ਸੁਰੱਖਿਆ ਗਾਰਡ ਨੇ ਮੀਡੀਆ ਕਰਮੀਆਂ ਨੂੰ ਬਾਹਰ ਜਾਣ ਲਈ ਗੇਟ ਖੋਲ੍ਹਿਆ ਤਾਂ ਕੁਝ ਅਕਾਲੀ ਆਗੂ ਅਤੇ ਸਮਰਥਕ ਧੱਕੇ ਨਾਲ ਅੰਦਰ ਵੜ ਗਏ ਅਤੇ ਸੁਰੱਖਿਆ ਕਰਮੀ ਨੇ ਬੜੀ ਮੁਸ਼ਕਲ ਨਾਲ ਗੇਟ ਬੰਦ ਕੀਤਾ। ਐਂਟਰੀ ਗੇਟ ਵੀ ਲੋਕਾਂ ਨੂੰ ਪੁਲੀਸ ਨਾਲ ਬਹਿਸਦੇ ਹੋਏ ਦੇਖਿਆ ਗਿਆ। ਉਧਰ, ਅੱਜ ਅਖੀਰਲੇ ਦਿਨ ਨਿਗਮ ਦਫ਼ਤਰ ਵਿੱਚ ਅਧਿਕਾਰੀਆਂ ਨੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਕੀਤੇ।
ਨਵਾਂ ਗਰਾਉਂ ਵਿੱਚ ਸਰਪੰਚੀ ਲਈ 45 ਤੇ ਪੰਚੀ ਲਈ 107 ਨੇ ਕਾਗਜ਼ ਦਾਖ਼ਲ ਕੀਤੇ
ਮੁੱਲਾਂਪੁਰ ਗਰੀਬਦਾਸ(ਚਰਨਜੀਤ ਸਿੰਘ ਚੰਨੀ): ਨਵਾਂ ਗਰਾਉਂ ਖੇਤਰ ਦੇ ਪਿੰਡਾਂ ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਲਈ ਕਲੱਸਟਰ ਨੰਬਰ 8 ਜੋ ਕਿ ਪਿੰਡ ਨਾਡਾ ਪੁਲ ਅਤੇ ਪਾਣੀ ਵਾਲੀ ਪੁਰਾਣੀ ਟੈਂਕੀ ਕੋਲ ਸਥਿਤ ਸੇਵਾ ਕੇਂਦਰ ਵਿੱਚ ਬਣਾਇਆ ਗਿਆ ਹੈ। ਇਸ ਸਬੰਧੀ ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੇ ਰਿਟਰਨਿੰਗ ਅਫਸਰ ਰਵੀ ਕੁਮਾਰ ਜਿੰਦਲ ਨੇ ਦੱਸਿਆ ਕਿ ਪਿੰਡ ਬੜੀ ਕਰੌਰਾਂ, ਸ਼ਿਵ ਨਗਰ ਨਾਡਾ, ਮਸੋਲ, ਸੂੰਂਕ, ਮੁੱਲਾਂਪੁਰ ਗਰੀਬਦਾਸ, ਸ਼ਿੰਗਾਰੀਵਾਲ, ਮਿਲਖ ਆਦਿ ਪਿੰਡਾਂ ਤੋਂ ਸਰਪੰਚਾਂ ਲਈ 45 ਅਤੇ ਪੰਚਾਂ ਲਈ 107 ਨਾਮਜ਼ਗੀਆਂ ਪ੍ਰਾਪਤ ਹੋਈਆਂ ਹਨ।
ਦੇਰ ਰਾਤ ਤੱਕ ਚੱਲਦਾ ਰਿਹਾ ਨਾਮਜ਼ਦਗੀਆਂ ਭਰਨ ਦਾ ਅਮਲ
ਐਸ.ਏ.ਐਸ.ਨਗਰ(ਮੁਹਾਲੀ)(ਕਰਮਜੀਤ ਸਿੰਘ ਚਿੱਲਾ): ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖਰੀ ਦਿਨ ਸੈਂਕੜੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ। ਮੁਹਾਲੀ ਬਲਾਕ ਦੀਆਂ 71 ਪਿੰਡਾਂ ਦੀਆਂ ਪੰਚਾਇਤਾਂ ਲਈ ਬਣਾਏ ਗਏ 14 ਕਲੱਸਟਰਾਂ ’ਤੇ ਨਿਯੁਕਤ ਕੀਤੇ ਗਏ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਜ਼ਿਲ੍ਹਾ ਪਰਿਸ਼ਦ ਭਵਨ ਜੁਝਾਰ ਨਗਰ, ਸੀਜੀਸੀ ਲਾਂਡਰਾਂ, ਨਗਰ ਨਿਗਮ ਦਫ਼ਤਰ ਮੁਹਾਲੀ ਵਿੱਚ ਬੈਠ ਕੇ ਕਾਗਜ਼ ਹਾਸਲ ਕੀਤੇ। ਰਾਤ ਅੱਠ ਵਜੇ ਤੱਕ ਇਹ ਖ਼ਬਰ ਲਿਖੇ ਜਾਣ ਤੱਕ ਨਾਮਜ਼ਦਗੀਆਂ ਹਾਸਲ ਕਰਨ ਦਾ ਕੰਮ ਜਾਰੀ ਸੀ। ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਨਾਮਜ਼ਦਗੀਆਂ ਵਾਲੇ ਸਥਾਨਾਂ ’ਤੇ ਆਪਣੇ ਸਮਰਥਕਾਂ ਨੂੰ ਉਤਸ਼ਾਹਿਤ ਕਰਦੇ ਵੇਖੇ ਗਏ।