ਪੰਚਮੀ ਦੇ ਦਿਹਾੜੇ ਮੌਕੇ ਗੁਰੂ ਘਰ ਮਾਸਕ ਪਹਿਨਕੇ ਨਤਮਸਤਕ ਹੋਈ ਸੰਗਤ
ਰਵੇਲ ਸਿੰਘ ਭਿੰਡਰ
ਪਟਿਆਲਾ 23 ਅਗਸਤ
ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵੱਲੋਂ ਗੁਰੂ ਘਰ ਮੱਥਾ ਟੇਕ ਕੇ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਕਵਾੜ ਖੁੱਲ੍ਹਣ ਉਪਰੰਤ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਕਰੋਨਾ ਮਹਾਮਾਰੀ ਤੋਂ ਮਾਨਵਤਾ ਨੂੰ ਨਿਜ਼ਾਤ ਦਿਵਾਉਣ ਲਈ ਮਨੁੱਖਤਾ ਦੇ ਕਲਿਆਣ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੰਗਤਾਂ ਨੇ ਮੱਥਾ ਟੇਕਣ ਮੌਕੇ ਮਾਸਕ ਪਹਿਨੇ ਹੋਏ ਸਨ। ਗੁਰਦੁਆਰਾ ਸਾਹਿਬ ਦੀਆਂ ਵੱਖ-ਵੱਖ ਥਾਵਾਂ ’ਤੇ ਸੰਗਤਾਂ ਨੂੰ ਕਰੋਨਾ ਦੀ ਲਾਗ ਨੂੰ ਬਚਾਉਣ ਲਈ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਤਾਇਨਾਤ ਮੁਲਾਜ਼ਮਾਂ ਵੱਲੋਂ ਸੰਗਤਾਂ ਨੂੰ ਮਾਸਕ ਪਹਿਨਣ ਤੇ ਹੱਥਾਂ ਨੂੰ ਸੈਨੇਟਾਈਜ਼ ਕਰਕੇ ਮੱਥਾ ਟੇਕਣ ਲਈ ਪ੍ਰੇਰਿਆ ਜਾ ਰਿਹਾ ਸੀ।
ਪੰਚਮੀ ਮੌਕੇ ਸੰਗਤਾਂ ਨੇ ਜਿਥੇ ਪੰਗਤ ਤੇ ਸੰਗਤ ਕੀਤੀ, ਉਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸੰਗਤਾਂ ਨੂੰ ਸ਼ਬਦ ਗੁਰੂ ਪ੍ਰਤੀ ਦ੍ਰਿੜ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਪ੍ਰਤੀ ਨਿਸ਼ਠਾ ਰੱਖਣ ਵਾਲਿਆਂ ਨੂੰ ਹਮੇਸ਼ਾ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
ਕਰੋਨਾ ਤੋਂ ਬਚਣ ਲਈ ਸੰਗਤ ਮਾਸਕ ਜ਼ਰੂਰ ਪਹਿਨੇ: ਮੈਨੇਜਰ
ਕੋਵਿੱਡ-19 ਦੀਆਂ ਹਦਾਇਤਾਂ ਪਾਲਣਾ ਨੂੰ ਯਕੀਨੀ ਬਣਾਈ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਜਾਰੀ ਹੋਏ ਦਿਸ਼ਾ-ਨਿਰਦੇਸ਼ ਅਨੁਸਾਰ ਗੁਰੂ ਘਰ ਨਤਮਸਤਕ ਹੋਣ ਵਾਲੀ ਸੰਗਤ ਲਈ ਜ਼ਰੂਰੀ ਹੈ ਕਿ ਮੂੰਹ ’ਤੇ ਮਾਸਕ ਪਹਿਨ ਕੇ ਹੀ ਮੱਥਾ ਟੇਕਿਆ ਜਾਵੇ। ਉਨਾਂ ਕਿਹਾ ਕਿ ਕਰੋਨਾ ਲਾਗ ਤੋਂ ਬਚਣ ਲਈ ਤਾਇਨਾਤ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਸੰਗਤਾਂ ਨੂੰ ਕਤਾਰਾਂ ’ਚ ਲੱਗ ਕੇ ਮੱਥਾ ਟੇਕਣ ਲਈ ਪ੍ਰੇਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਵਿੱਡ-19 ਦੀਆਂ ਹਦਾਇਤਾਂ ਤਹਿਤ ਹੱਥਾਂ ਨੂੰ ਸਾਫ-ਸੁਥਰਾ ਰੱਖਣ ਲਈ ਸੈਨੇਟਾਈਜੇਸ਼ਨ ਤੇ ਮਾਸਕ ਪਹਿਨਣ ਪ੍ਰਤੀ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।