For the best experience, open
https://m.punjabitribuneonline.com
on your mobile browser.
Advertisement

ਲਤੀਫ਼ਪੁਰਾ ਉਜਾੜੇ ਦਾ ਸਾਲ ਪੂਰਾ ਹੋਣ ’ਤੇ ਪੀੜਤਾਂ ਨੇ ਕਾਲਾ ਦਿਨ ਮਨਾਇਆ

08:34 AM Dec 10, 2023 IST
ਲਤੀਫ਼ਪੁਰਾ ਉਜਾੜੇ ਦਾ ਸਾਲ ਪੂਰਾ ਹੋਣ ’ਤੇ ਪੀੜਤਾਂ ਨੇ ਕਾਲਾ ਦਿਨ ਮਨਾਇਆ
ਜਲੰਧਰ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲਤੀਫ਼ਪੁਰਾ ਮੁੜਵਸੇਬਾ ਮੋਰਚਾ ਦੇ ਕਾਰਕੁਨ। -ਫੋਟੋ ਮਲਕੀਅਤ ਸਿੰਘ
Advertisement

ਪਾਲ ਸਿੰਘ ਨੌਲੀ
ਜਲੰਧਰ, 9 ਦਸੰਬਰ
ਲਤੀਫ਼ਪੁਰਾ ਮੁੜਵਸੇਬਾ ਮੋਰਚਾ ਨੇ ਪੰਜਾਬ ਸਰਕਾਰ ਵੱਲੋਂ ਲਤੀਫ਼ਪੁਰਾ ਵਿੱਚ ਕੀਤੇ ਗਏ ਉਜਾੜੇ ਦਾ ਸਾਲ ਪੂਰਾ ਹੋਣ ’ਤੇ ਅੱਜ ਦੇ ਦਿਨ ਨੂੰ ‘ਕਾਲੇ ਦਿਨ’ ਵਜੋਂ ਮਨਾਇਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਮੋਰਚੇ ਦੇ ਕਾਰਕੁਨਾਂ ਨੇ ਸ੍ਰੀ ਗੁਰੂ ਰਵਿਦਾਸ ਚੌਕ ਵਿੱਚ ਜਲੰਧਰ ਨਗਰ ਸੁਧਾਰ ਟਰੱਸਟ ਤੇ ਸੂਬਾ ਸਰਕਾਰ ਦੀ ਅਰਥੀ ਸਾੜੀ।
ਲਤੀਫਾਪੁਰਾ ਮੁੜਵਸੇਬਾ ਮੋਰਚੇ ਦੇ ਆਗੂਆਂ ਨੇ ਹਰ ਰੋਜ਼ ਲੜੀਵਾਰ ਭੁੱਖ ਹੜਤਾਲ ਹਾਲੇ ਵੀ ਜਾਰੀ ਰੱਖੀ ਹੋਈ ਹੈ। ਇਸੇ ਲੜੀ ਤਹਿਤ ਅੱਜ ਬਾਪੂ ਰਸ਼ਪਾਲ ਸਿੰਘ ਭੁੱਖ ਹੜਤਾਲ ’ਤੇ ਬੈਠੇ। ਮੋਰਚੇ ਨੇ 10 ਦਸੰਬਰ ਨੂੰ ਵੀ ਜਮਹੂਰੀਅਤ ਦਾ ਕਤਲ ਅਤੇ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਨੇ 9 ਤੇ 10 ਦਸੰਬਰ 2022 ਨੂੰ ਜੇਸੀਬੀ ਮਸ਼ੀਨਾਂ ਨਾਲ ਲਤੀਫਪੁਰਾ ਵਿੱਚ ਲਗਪਗ 70 ਘਰ ਢਾਹ ਦਿੱਤੇ ਸਨ। ਇਹ ਪਰਿਵਾਰ 1947 ਦੀ ਵੰਡ ਵੇਲੇ ਉੱਜੜ ਕੇ ਇੱਥੇ ਆ ਕੇ ਵੱਸੇ ਸਨ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਥਾਂ ਨਗਰ ਸੁਧਾਰ ਟਰੱਸਟ ਨੇ ਗ੍ਰਹਿਣ ਕੀਤੀ ਹੋਈ ਸੀ ਅਤੇ ਉਕਤ ਪਰਿਵਾਰ ਇੱਥੇ ਕਬਜ਼ਾ ਕਰ ਕੇ ਬੈਠੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਉਜਾੜੇ ਗਏ ਇਨ੍ਹਾਂ ਪਰਿਵਾਰਾਂ ਵਿੱਚੋਂ ਹਾਲੇ ਵੀ ਲਗਪਗ 40 ਪਰਿਵਾਰ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਾ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲਤੀਫ਼ਪੁਰਾ ਇੱਕ ਪਿੰਡ ਸੀ ਜੋ ਜਲੰਧਰ ਨੇੜੇ ਸਥਿਤ ਸੀ। ਆਬਾਦੀ ਵਧਣ ਤੇ ਸ਼ਹਿਰ ਵਿੱਚ ਹੋਏ ਵਿਕਾਸ ਦੌਰਾਨ ਇਹ ਪਿੰਡ ਸ਼ਹਿਰ ਦੀ ਜੱਦ ਵਿੱਚ ਆ ਗਿਆ। ਅੱਜ ਦਾ ਕਾਲਾ ਦਿਨ ਮਨਾਉਣ ਵਾਸਤੇ ਲਤੀਫ਼ਪੁਰਾ ਵਿੱਚ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫ਼ਤਹਿ) ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਲਖਵੀਰ ਸਿੰਘ ਖ਼ਾਲਸਾ ਜਥੇਬੰਦੀ ਦੇ ਕਾਰਕੁਨਾਂ ਸਮੇਤ ਪਹੁੰਚੇ ਹੋਏ ਸਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ, ਜ਼ਿਲ੍ਹੇ ਦੇ ਆਗੂ ਸੰਤੋਖ ਸਿੰਘ ਸੰਧੂ ਵੀ ਜਥੇਬੰਦੀ ਦੇ ਕਾਰਕੁਨਾਂ ਸਮੇਤ ਪਹੁੰਚੇ। ਇਸੇ ਤਰ੍ਹਾਂ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਜ਼ਿਲ੍ਹੇ ਦੇ ਆਗੂ ਭਗਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਵੀ ਹਾਜ਼ਰ ਸਨ। ਮੋਰਚੇ ਦੇ ਆਗੂ ਲਖਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ 2 ਜਨਵਰੀ ਨੂੰ ਲਤੀਫ਼ਪੁਰਾ ਮੋਰਚੇ ਵੱਲੋਂ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement