ਬਠਿੰਡਾ ਪਾਰਕਿੰਗ ਮੁੱਦੇ ’ਤੇ ਵੜਿੰਗ ਨੇ ਗੇਂਦ ਭਾਜਪਾ ਦੇ ਪਾਲੇ ’ਚ ਸੁੱਟੀ
ਸ਼ਗਨ ਕਟਾਰੀਆ
ਬਠਿੰਡਾ, 7 ਅਗਸਤ
ਸ਼ਹਿਰ ਦੀ ਨਵੀਂ ਬਣੀ ਮਲਟੀ ਸਟੋਰੀ ਪਾਰਕਿੰਗ ਬਾਰੇ ਚੱਲ ਰਹੇ ਵਿਵਾਦ ਮਾਮਲੇ ’ਚ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ‘ਆਪ’ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਬਹੁ-ਗਿਣਤੀ ਕਾਂਗਰਸੀ ਕੌਂਸਲਰਾਂ ਵਾਲੀ ਨਗਰ ਨਿਗਮ ਨੂੰ ਨਿਸ਼ਾਨਾ ਬਣਾਏ ਜਾਣ ਮਗਰੋਂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਮੁੱਦੇ ’ਤੇ ਅੱਜ ਬਠਿੰਡਾ ਪਹੁੰਚ ਕੇ ਨਿਗਮ ਦੇ ਕਮਿਸ਼ਨਰ ਰਾਹੁਲ ਨੂੰ ਮਿਲੇ। ਅਹਿਮ ਗੱਲ ਇਹ ਰਹੀ ਕਿ ਉਨ੍ਹਾਂ ਇਹ ਕਹਿ ਕੇ ਕਿ ਗੇਂਦ ਭਾਜਪਾ ਦੇ ਪਾਲ਼ੇ ਵਿਚ ਸੁੱਟ ਦਿੱਤੀ ਕਿ ‘ਨਿਗਮ ਦੀ ਮੇਅਰ ਰਮਨ ਗੋਇਲ ਹੁਣ ਕਾਂਗਰਸੀ ਨਹੀਂ ਰਹੇ, ਅੱਜ-ਕੱਲ੍ਹ ਉਹ ਭਾਜਪਾ ਦੇ ਹੋ ਚੁੱਕੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਹਨ। ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਸ੍ਰੀ ਵੜਿੰਗ ਨੇ ਦੋਸ਼ ਲਾਇਆ ਕਿ ਪਾਰਕਿੰਗ ਵਾਲੇ ਠੇਕੇਦਾਰ ‘ਗੁੰਡਾਗਰਦੀ’ ਕਰ ਰਹੇ ਹਨ ਅਤੇ ਉਹ ਸੜਕਾਂ ’ਤੇ ਖੜ੍ਹੀਆਂ ਗੱਡੀਆਂ ਨੂੰ ਚੁੱਕਣ ਮਗਰੋਂ ਮਗਰੋਂ ਮੋਟਾ ਜੁਰਮਾਨਾ ਵਸੂਲਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਰਸਤੇ ’ਚ ਅਜਿਹੇ ਹੀ ਟੋਅ ਕੀਤੇ ਵਾਹਨ ਨੂੰ ਉਹ ਠੇਕੇਦਾਰਾਂ ਕੋਲੋਂ ਛੁਡਵਾ ਕੇ ਦਫ਼ਤਰ ਪਹੁੰਚੇ ਹਨ। ਗੱਲਬਾਤ ਦੌਰਾਨ ਕਮਿਸ਼ਨਰ ਰਾਹੁਲ ਨੇ ਕਾਂਗਰਸ ਪ੍ਰਧਾਨ ਨੂੰ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਉਲੀਕੇ ਗਏ ਇਸ ਪ੍ਰਾਜੈਕਟ ’ਤੇ ਕਰੀਬ 50 ਕਰੋੜ ਰੁਪਏ ਖ਼ਰਚ ਹੋਏ ਹਨ। ਇੱਥੇ ਵੀ ਵੜਿੰਗ ਆਪਣੇ ਸਿਆਸੀ ਵਿਰੋਧੀ ’ਤੇ ਨਿਸ਼ਾਨਾ ਲਾਉਣੋਂ ਨਾ ਖੁੰਝੇ ਅਤੇ ਕਿਹਾ ਕਿ ‘15 ਕਰੋੜ ਹੋਰ ਵੀ ਨੇ, ਜਦੋਂ ਹਿਸਾਬ ਹੋਏ ਉਦੋਂ ਪਤਾ ਲੱਗੂ’। ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪਾਰਕਿੰਗ ਦਾ ਠੇਕਾ ਤਕਰੀਬਨ ਸਵਾ ਕਰੋੜ ਰੁਪਏ ਸਾਲਾਨਾ ’ਚ ਦਿੱਤਾ ਗਿਆ ਹੈ। ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਵੱਲੋਂ ਕੀਤੇ ਜਾ ਰਹੇ ਇਤਰਾਜ਼ਾਂ ਬਾਰੇ 8 ਜਾਂ 9 ਅਗਸਤ ਨੂੰ ਪਾਰਕਿੰਗ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਸਮੀਖ਼ਿਆ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਬਲਿਕ ਹਿਤਾਂ ਦੇ ਮੱਦੇਨਜ਼ਰ ਜੋ ਵੀ ਸੰਭਵ ਹੋਇਆ ਦਰੁਸਤੀ ਕੀਤੀ ਜਾਵੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਨੂੰ ਇਸ ਪਾਰਕਿੰਗ ਬਾਰੇ ਲੋਕ ਹਿੱਤ ’ਚ ਫੈਸਲਾ ਲੈਣਾ ਚਾਹੀਦਾ ਹੈ। ਪੱਤਰਕਾਰਾਂ ਵੱਲੋਂ ਮੇਅਰ ਨੂੰ ਨਾ ਹਟਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਸ ਲਈ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਕੋਲ 35 ਕੌਂਸਲਰ ਹੋਏ, ਉਦੋਂ ਇਹ ਵੀ ਕਰ ਦਿੱਤਾ ਜਾਵੇਗਾ।