For the best experience, open
https://m.punjabitribuneonline.com
on your mobile browser.
Advertisement

ਨਵੇਂ ਸਾਲ ਦੀ ਆਮਦ ’ਤੇ ਕਲੱਬਾਂ ਵਿੱਚ ਲੱਗੀਆਂ ਰੌਣਕਾਂ

08:05 AM Jan 01, 2024 IST
ਨਵੇਂ ਸਾਲ ਦੀ ਆਮਦ ’ਤੇ ਕਲੱਬਾਂ ਵਿੱਚ ਲੱਗੀਆਂ ਰੌਣਕਾਂ
ਚੰਡੀਗੜ੍ਹ ਵਿੱਚ ਐਤਵਾਰ ਦੇਰ ਰਾਤ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਕੇਕ ਖਰੀਦਦੇ ਹੋਏ ਲੋਕ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 31 ਦਸੰਬਰ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਨਵਾਂ ਸਾਲ 2024 ਦਾ ਸਵਾਗਤ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਲੱਗਭਗ 100 ਤੋਂ ਵੱਧ ਕਲੱਬ ਅਤੇ ਹੋਟਲਾਂ ਵਿੱਚ ਸਮਾਗਮ ਰੱਖੇ ਗਏ, ਜਿਸ ਕਰਕੇ ਕਲੱਬਾਂ ਵਿੱਚ ਨੌਜਵਾਨ ਮੂੰਡੇ-ਕੁੜੀਆਂ ਅਤੇ ਹਰੇਕ ਵਰਗ ਦੇ ਲੋਕ ਆਨੰਦ ਮਾਨਦੇ ਦਿਖਾਈ ਦਿੱਤੇ। ਅੱਜ ਸ਼ਹਿਰ ਵਿੱਚ ਪੈ ਰਹੀ ਅੱਤ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਏਲਾਂਤੇ ਮਾਲ ਸਣੇ ਸ਼ਹਿਰ ਵਿੱਚ ਹੋਰ ਘੁੰਮਣ ਫਿਰਨ ਵਾਲੀਆਂ ਥਾਵਾਂ ’ਤੇ ਪਹੁੰਚੇ ਹਨ। ਜਿੱਥੇ ਸਾਰਿਆਂ ਨੇ ਖੁਸ਼ੀ-ਖੁਸ਼ੀ ਨੱਚਦੇ-ਟਪਦੇ ਹੋਏ ਨਵੇਂ ਸਾਲ ਦਾ ਸਵਾਗਤ ਕੀਤਾ। ਇਸੇ ਦੌਰਾਨ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਦੀਆਂ ਸੜਕਾਂ ’ਤੇ ਜਾਮ ਵਰਗੇ ਹਾਲਾਤ ਬਣੇ ਰਹੇ। ਵਿਸ਼ੇਸ਼ ਤੌਰ ’ਤੇ ਏਲਾਂਤੇ ਮਾਲ ਨੇੜੇ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ।
ਨਵੇਂ ਸਾਲ ਦੇ ਸਵਾਗਤ ਲਈ ਵੱਖ-ਵੱਖ ਕਲੱਬਾਂ ਵੱਲੋਂ ਪ੍ਰਸਿੱਧ ਗਾਇਕਾਂ ਨੂੰ ਸੱਦਿਆ ਗਿਆ। ਇਸ ਮੌਕੇ ਮੁਹਾਲੀ ਦੇ ਹੋਟਲ ਰੈਡੀਸਨ ਰੈੱਡ ਵਿੱਚ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਨਾਲ ਰੰਗ ਬਨ੍ਹਿਆ। ਇਸੇ ਤਰ੍ਹਾਂ ਸੈਕਟਰ-26, 7, 8, 9, 10, 22, 35, 43, 17 ਸਣੇ ਹੋਰਨਾਂ ਸੈਕਟਰਾਂ ਵਿੱਚ ਸਥਿਤ ਹੋਟਲਾਂ ਤੇ ਕਲੱਬਾਂ ਵਿੱਚ ਵੀ ਰੌਣਕਾਂ ਲੱਗੀਆਂ ਰਹੀਆਂ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਵੱਲੋਂ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਅਮਨ-ਕਾਨੂੰਨ, ਸੁਰੱਖਿਆ ਅਤੇ ਟਰੈਫਿਕ ਵਿਵਸਥਾ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ। ਚੰਡੀਗੜ੍ਹ ਪੁਲੀਸ ਦੇ 1500 ਮੁਲਾਜ਼ਮਾਂ ਨੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਅਤੇ ਬਾਹਰੀ ਸੜਕਾਂ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਰੋਕਣ ਲਈ ਵੀ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕੀਤੀ।

Advertisement

ਪੁਰੋਹਿਤ ਵੱਲੋਂ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਸਾਲ 2024 ਦੇ ਖੁਸ਼ੀ ਦੇ ਮੌਕੇ ’ਤੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ‘‘ਨਵਾਂ ਸਾਲ ਸਾਡੇ ਲਈ ਆਪਣੇ ਵਿਚਾਰਾਂ ਨੂੰ ਨਵਾਂ ਨਰੋਆ ਬਣਾਉਣ ਅਤੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੇ ਆਪਣੇ ਸੰਕਲਪ ਨੂੰ ਨਵਿਆਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਇਹ ਨਵੀਆਂ ਉਮੀਦਾਂ, ਕੋਸ਼ਿਸ਼ਾਂ ਅਤੇ ਇੱਛਾਵਾਂ ਲੈ ਕੇ ਆਉਂਦਾ ਹੈ। ਆਓ ਅਸੀਂ ਨਵੇਂ ਸਾਲ ਨੂੰ ਪਿਛਲੇ ਸਾਲ ਨਾਲੋਂ ਬਿਹਤਰ ਅਤੇ ਵਧੀਆ ਬਣਾਉਣ ਲਈ ਯਤਨ ਕਰੀਏ। ਇਸ ਖੁਸ਼ੀ ਦੇ ਮੌਕੇ ਆਓ ਅਸੀਂ ਇੱਕ ਮਜ਼ਬੂਤ, ਸ਼ਾਂਤੀਪੂਰਨ ਅਤੇ ਸੰਯੁਕਤ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਕਰੀਏ।’’

Advertisement

ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲੇ 21 ਗ੍ਰਿਫ਼ਤਾਰ

ਚੰਡੀਗੜ੍ਹ ਪੁਲੀਸ ਵੱਲੋਂ ਨਵੇਂ ਸਾਲ ਦੀ ਆਮਦ ’ਤੇ ਸ਼ਹਿਰ ਵਿੱਚ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਵੀ ਸਖਤ ਰੁੱਖ ਅਖਤਿਆਰ ਕੀਤਾ ਗਿਆ। ਪੁਲੀਸ ਨੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਸਬੰਧੀ 23 ਜਣਿਆਂ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸੈਕਟਰ-26, ਥਾਣਾ ਇੰਡਸਟਰੀਅਲ ਏਰੀਆ, ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ 3-3, ਥਾਣਾ ਸੈਕਟਰ-11, ਥਾਣਾ ਸੈਕਟਰ-17, ਥਾਣਾ ਸਾਰੰਗਪੁਰ ਦੀ ਪੁਲੀਸ ਨੇ 2-2 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਥਾਣਾ ਸੈਕਟਰ-3, ਥਾਣਾ ਸੈਕਟਰ-19, ਥਾਣਾ ਮਨੀਮਾਜਰਾ, ਥਾਣਾ ਆਈਟੀ ਪਾਰਕ, ਥਾਣਾ ਸੈਕਟਰ-39 ਅਤੇ ਥਾਣਾ ਮਲੋਆ ਦੀ ਪੁਲੀਸ ਨੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਸਬੰਧੀ ਇਕ-ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement
Author Image

Advertisement