ਤਿਉਹਾਰਾਂ ਦੀ ਆਮਦ ’ਤੇ ਥਾਂ-ਥਾਂ ਲੱਗੇ ਜਾਮ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਕਤੂਬਰ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਦੀਵਾਲੀ ਦੇ ਨੇੜੇ ਆਉਣ ’ਤੇ ਥਾਂ-ਥਾਂ ਜਾਮ ਲੱਗ ਰਹੇ ਹਨ। ਇਸ ਕਾਰਨ ਲੋਕਾਂ ਨੂੰ ਆਵਾਜਾਈ ਜਾਮ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉੱਧਰ, ਲੋਕਾਂ ਦੀ ਵਧ ਰਹੀ ਭੀੜ ਅੱਗੇ ਟਰੈਫਿਕ ਪੁਲੀਸ ਦੇ ਮੁਲਾਜ਼ਮ ਵੀ ਬੇਵੱਸ ਦਿਖਾਈ ਦੇ ਰਹੇ ਹਨ। ਅੱਜ ਸ਼ਹਿਰ ਦੀਆਂ ਮੁੱਖ ਮਾਰਕੀਟਾਂ ਸੈਕਟਰ-22, 18, 19, 35, 36, 10, 7, 8, 9, 26, ਮਨੀਮਾਜਰਾ, ਕਿਸ਼ਨਗੜ੍ਹ ਵਿੱਚ ਸਾਰਾ ਦਿਨ ਆਵਾਜਾਈ ਜਾਮ ਰਹੀ ਹੈ। ਲੋਕਾਂ ਨੂੰ ਅੱਧਾ-ਅੱਧਾ ਘੰਟਾ ਜਾਮ ਵਿੱਚ ਫਸਣਾ ਪਿਆ। ਇੰਨਾ ਹੀ ਨਹੀਂ ਸ਼ਹਿਰ ਦੇ ਮੁੱਖ ਚੌਕਾਂ ’ਤੇ ਵੀ ਆਵਾਜਾਈ ਠੱਪ ਰਹੀ।
ਦੀਵਾਲੀ ਦੇ ਨਜ਼ਦੀਕ ਆਉਣ ’ਤੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਨਾਜਾਇਜ਼ ਤੌਰ ’ਤੇ ਫੁੱਟਪਾਥਾਂ ’ਤੇ ਵੀ ਵੱਡੀ ਗਿਣਤੀ ਵਿੱਚ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਵਿਰੁੱਧ ਚੰਡੀਗੜ੍ਹ ਨਗਰ ਨਿਗਮ ਵੱਲੋਂ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਵਿੱਚ ਨਾਜਾਇਜ਼ ਤੌਰ ’ਤੇ ਦੁਕਾਨਾਂ ਲਗਾਉਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇ ਕੋਈ ਵੀ ਨਾਜਾਇਜ਼ ਤੌਰ ’ਤੇ ਦੁਕਾਨ ਲਗਾਉਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਸ਼ਹਿਰ ਵਿੱਚ ਵਿਗੜ ਰਹੀ ਟਰੈਫਿਕ ਵਿਵਸਥਾ ਬਾਰੇ ਚੰਡੀਗੜ੍ਹ ਟਰੈਫਿਕ ਪੁਲੀਸ ਵੀ ਚੌਕਸ ਹੋ ਗਈ ਹੈ। ਪੁਲੀਸ ਵੱਲੋਂ ਸ਼ਹਿਰ ਦੀਆਂ ਮੁੱਖ ਮਾਰਕੀਟਾਂ ਵਿੱਚ ਟਰੈਫਿਕ ਜਾਮ ਘਟਾਉਣ ਲਈ ਸ਼ਹਿਰ ਵਿੱਚ ਤਿੰਨ ਦਰਜਨ ਦੇ ਕਰੀਬ ਆਰਜ਼ੀ ਪਾਰਕਿੰਗਾਂ ਤਿਆਰ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਟਰੈਫਿਕ ਪੁਲੀਸ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਆਪਣੇ ਵਾਹਨ ਸੜਕਾਂ ’ਤੇ ਖੜ੍ਹੇ ਕਰਨ ਦੀ ਥਾਂ ਸ਼ਹਿਰ ਦੀਆਂ ਪਾਰਕਿੰਗਾਂ ਵਿੱਚ ਖੜ੍ਹਾਉਣ ਦੀ ਅਪੀਲ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਆਵਾਜਾਈ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਸ਼ਹਿਰ ਵਿੱਚ ਬਣਾਈਆਂ ਆਰਜ਼ੀ ਪਾਰਕਿੰਗਾਂ
ਟਰੈਫਿਕ ਪੁਲੀਸ ਵੱਲੋਂ ਸੈਕਟਰ-8 ਦੀ ਮਾਰਕੀਟ ਨਾਲ ਲਗਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-8 ਬੀ, ਸੈਕਟਰ-15 ਦੀ ਮਾਰਕੀਟ ਦੇ ਨਾਲ ਲਗਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-15 ਸੀ ਵਿੱਚ ਆਰਜ਼ੀ ਤੌਰ ’ਤੇ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਹੈ। ਇਸੇ ਤਰ੍ਹਾਂ ਪੁਲੀਸ ਨੇ ਸੈਕਟਰ-18-ਡੀ, 19-ਡੀ, 19-ਸੀ, 20-ਬੀ, 20-ਡੀ, 22- ਏ ਤੇ ਸੀ, ਸੈਕਟਰ- 29-ਬੀ ਤੇ ਏ, ਸੈਕਟਰ-30, ਸੈਕਟਰ-32 ਸੀ, 34-ਸੀ, 35 ਡੀ ਤੇ ਸੀ, 36-ਸੀ, 37-ਸੀ, 38-ਡੀ, 40-ਏ ਤੇ ਬੀ, 41 ਡੀ ਵਿਸ਼ੇ ਸਥਿਤ ਸਰਕਾਰੀ ਸਕੂਲਾਂ ਵਿੱਚ ਆਰਜ਼ੀ ਤੌਰ ’ਤੇ ਪਾਰਕਿੰਗ ਬਣਾਈ ਗਈਆਂ ਹਨ। ਇਸ ਤੋਂ ਇਲਾਵਾ ਪੁਲੀਸ ਨੇ ਸੈਕਟਰ-44, 45-ਏ, 46, 47 ਤੇ ਮਨੀਮਾਜਰਾ ਵਿੱਚ ਤਿੰਨ ਸਰਕਾਰੀ ਸਕੂਲਾਂ ਵਿੱਚ ਪਾਰਕਿੰਗਾਂ ਬਣਾਈਆਂ ਗਈਆਂ ਹਨ। ਪੁਲੀਸ ਨੇ ਲੋਕਾਂ ਨੂੰ ਇਨ੍ਹਾਂ ਪਾਰਕਿੰਗ ਵਾਲੀਆਂ ਥਾਵਾਂ ’ਤੇ ਹੀ ਵਾਹਨ ਖੜ੍ਹਾਉਣ ਦੀ ਅਪੀਲ ਕੀਤੀ ਹੈ।