ਭੁਪਾਲ ਗੈਸ ਹਾਦਸੇ ਦੀ 40ਵੀਂ ਬਰਸੀ ’ਤੇ ਪੀੜਤਾਂ ਲਈ ਇਨਸਾਫ਼ ਮੰਗਿਆ
ਭੁਪਾਲ, 3 ਦਸੰਬਰ
ਭੁਪਾਲ ਗੈਸ ਹਾਦਸੇ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਜਥੇਬੰਦੀਆਂ ਨੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਸਨਅਤੀ ਤਬਾਹੀ ਦੀ 40ਵੀਂ ਬਰਸੀ ’ਤੇ ਰੋਸ ਰੈਲੀ ਕੀਤੀ ਅਤੇ ਪ੍ਰਭਾਵਿਤ ਲੋਕਾਂ ਨਾਲ ਹੋ ਰਹੀ ‘ਬੇਇਨਸਾਫ਼ੀ’ ਖਤਮ ਕਰਨ ਦੀ ਮੰਗ ਕੀਤੀ। 2-3 ਦਸੰਬਰ 1984 ਦੀ ਦਰਮਿਆਨੀ ਰਾਤ ਨੂੰ ਇੱਥੇ ਯੂਨੀਅਨ ਕਾਰਬਾਈਡ ਦੇ ਕੀਟਨਾਸ਼ਕ ਪਲਾਂਟ ਤੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 5,479 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪੰਜ ਲੱਖ ਤੋਂ ਵੱਧ ਲੋਕ ਅਪੰਗ ਹੋ ਗਏ ਸਨ। ਅੱਜ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ ਨੇ ਵੱਖ-ਵੱਖ ਧਾਰਮਿਕ ਨੁਮਾਇੰਦਿਆਂ ਨਾਲ ਬਰਕਤਉੱਲ੍ਹਾ ਭਵਨ ਦੀ ਕੇਂਦਰੀ ਲਾਇਬ੍ਰੇਰੀ ਵਿੱਚ ਵਿੱਚ ਗੈਸ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਭੋਜ ਓਪਨ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਕਮਲਾਕਰ ਸਿੰਘ ਨੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਇਹ ਤਬਾਹੀ ਦਹਾਕੇ ਪਹਿਲਾਂ ਵਾਪਰੀ ਸੀ ਪਰ ਪੀੜਤ ਅਤੇ ਉਨ੍ਹਾਂ ਦੇ ਬੱਚੇ ਹਾਲੇ ਵੀ ਸਿਹਤ, ਵਾਤਾਵਰਨ ਤੇ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ। -ਪੀਟੀਆਈ