ਲੁਧਿਆਣਾ ਪੁੱਜਦਿਆਂ ਹੀ ਰਵਨੀਤ ਬਿੱਟੂ ਨੇ ਕੱਢਿਆ ਰੋਡ ਸ਼ੋਅ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਪਰੈਲ
ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਲੁਧਿਆਣਾ ਤੋਂ ਉਮੀਦਵਾਰ ਐਲਾਨ ਦਿੱਤਾ ਸੀ। ਇਸ ਮਗਰੋਂ ਸ੍ਰੀ ਬਿੱਟੂ ਭਾਜਪਾ ਦੇ ਵੱਡੇ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੰਗਲਵਾਰ ਸਵੇਰੇ ਰੇਲ ਗੱਡੀ ਰਾਹੀਂ ਲੁਧਿਆਣਾ ਪੁੱਜੇ। ਭਾਜਪਾ ਕਾਰਕੁਨਾਂ ਨੇ ਫੁੱਲਾਂ ਦੀ ਵਰਖਾ ਨਾਲ ਆਪਣੇ ਉਮੀਦਵਾਰ ਦਾ ਸਵਾਗਤ ਕੀਤਾ। ਇਸ ਸਮੇਂ ਜੈ ਸ੍ਰੀ ਰਾਮ ਤੇ ਹਰ ਹਰ ਮਹਾਂਦੇਵ ਦੇ ਜੈਕਾਰੇ ਲਾਏ ਗਏ। ਬਿੱਟੂ ਦੇ ਸਵਾਗਤ ਲਈ ਤਾਂ ਭਾਜਪਈ ਇਕੱਠੇ ਦਿਖੇ, ਪਰ ਸੂਤਰਾਂ ਦੀ ਮੰਨੀਏ ਤਾਂ ਉਹ ਹਜ਼ਮ ਨਹੀਂ ਕਰ ਪਾ ਰਹੇ ਕਿ ਪੰਜਾਬ ’ਚ ਇਕੱਲੇ ਚੋਣਾਂ ਲੜਨ ਦਾ ਐਲਾਨ ਕਰਨ ਤੋਂ ਬਾਅਦ ਭਾਜਪਾ ਹਾਈਕਮਾਂਡ ਨੇ ਦੂਜੀ ਪਾਰਟੀ ਤੋਂ ਉਮੀਦਵਾਰ ਲਿਆ ਕੇ ਭਾਜਪਾ ਆਗੂਆਂ ਦੇ ਸਿਰ ’ਤੇ ਬਿਠਾ ਦਿੱਤਾ ਹੈ। ਉਹ ਹੁਣ ਪਾਰਟੀ ਹਾਈਕਮਾਂਡ ਦੇ ਫ਼ੈਸਲੇ ਨੂੰ ਮਨ੍ਹਾਂ ਵੀ ਨਹੀਂ ਕਰ ਸਕਦੇ।
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਕਰੀਬ 11 ਵਜੇ ਗੁਰੂ ਨਾਨਕ ਸਟੇਡੀਅਮ ਵੱਲੋਂ ਰੇਲਵੇ ਸਟੇਸ਼ਨ ਪੁੱਜੇ। ਜਿੱਥੇਂ ਪਹਿਲਾਂ ਤੋਂ ਹੀ ਸ਼ਹਿਰ ਦੇ ਸਾਰੇ ਭਾਜਪਾ ਆਗੂ ਮੌਜੂਦ ਸਨ। ਸ੍ਰੀ ਬਿੱਟੂ ਦੇ ਬਾਹਰ ਆਉਂਦਿਆਂ ਹੀ ਜੈ ਸ੍ਰੀ ਰਾਮ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਫੁੱਲਾਂ ਦੀ ਮਾਲਾ ਅਤੇ ਫੁੱਲਾਂ ਦੀ ਵਰਖਾ ਨਾਲ ਬਿੱਟੂ ਦਾ ਸਵਾਗਤ ਹੋਇਆ। ਇਸ ਤੋਂ ਬਾਅਦ ਟਰੱਕ ’ਚ ਸਵਾਰ ਹੋ ਕੇ ਸ੍ਰੀ ਬਿੱਟੂ ਰੋਡ ਸ਼ੋਅ ਕੱਢਿਆ। ਰਸਤੇ ’ਚ ਉਨ੍ਹਾਂ ਨੇ ਜਗਰਾਉਂ ਪੁਲ ਕੋਲ ਸਥਿਤ ਦੁਰਗਾ ਮਾਤਾ ਮੰਦਰ ਦੇ ਨਾਲ ਨਾਲ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਆ ਅਤੇ ਕਰੀਬ ਡੇਢ ਘੰਟੇ ਬਾਅਦ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਪੁੱਜੇ।
ਸ੍ਰੀ ਬਿੱਟੂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ। ਬਹੁਤ ਅਜਿਹੀਆਂ ਤਾਕਤਾਂ ਹਨ, ਜੋ ਸ਼ਾਂਤੀ ਭੰਗ ਕਰਨੀਆਂ ਚਾਹੁੰਦੀਆਂ ਹਨ। ਅੱਜ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤਾਂ ਉਹ ਸਿਰਫ਼ ਭਾਜਪਾ ਹੈ। ਬਿੱਟੂ ਨੇ ਕਿਹਾ ਕਿ ਅੱਜ ਦਾ ਅਤਿਵਾਦ ਬਦਲ ਗਿਆ ਹੈ, ਗੈਂਗਸਟਰਾਂ ਦੀ ਸ਼ਕਲ ’ਚ ਅਤਿਵਾਦ ਵਿਦੇਸ਼ ਤੋਂ ਚੱਲ ਰਿਹਾ ਹੈ। ਰੋਜ਼ਾਨਾ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾਂ ਰਹੀ ਹੈ। ਬਿੱਟੂ ਨੇ ਕਿਹਾ ਕਿ ਵਪਾਰੀ ਪੰਜਾਬ ਛੱਡ ਕੇ ਉੱਤਰ ਪ੍ਰਦੇਸ਼ ਜਾ ਰਹੇ ਹਨ ਕਿਉਂਕਿ ਉੱਥੇ ਭਾਜਪਾ ਦੀ ਸਰਕਾਰ ਪੂਰੀ ਸੁਰੱਖਿਆ ਦਿੰਦੀ ਹੈ। ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ’ਚ ਸ਼ਾਮਲ ਹੋਣ ਦਾ ਕਾਰਨ ਇਹ ਹੈ ਕਿ ਭਾਜਪਾ ਨੇ ਇਕੱਲੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।
‘ਜਿਸ ਵਿਧਾਇਕ ਨੇ ਪਾਰਟੀ ਛੱਡਣੀ ਹੈ, ਉਹ ਜਾ ਸਕਦੈ’
ਸੰਦੀਪ ਪਾਠਕ ਨੇ ਪਾਰਟੀ ਦੇ ਵਿਧਾਇਕਾਂ ਅਤੇ ਉਨ੍ਹਾਂ ਲੀਡਰਾਂ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੋ-ਜੋ ਵਿਧਾਇਕ ਜਾਂ ਆਗੂ ‘ਆਪ’ ਛੱਡ ਕੇ ਦੂਜੀ ਪਾਰਟੀ ’ਚ ਜਾਣਾ ਚਾਹੁੰਦੇ ਹਨ, ਉਹ ਖੁਸ਼ੀ-ਖੁਸ਼ੀ ਜਾ ਸਕਦੇ ਹਨ, ਉਨ੍ਹਾਂ ਨੂੰ ਜਵਾਬ ਜਨਤਾ ਦੇਵੇਗੀ। ਮੀਟਿੰਗ ਦੌਰਾਨ ਡਾ. ਪਾਠਕ ਨੇ ਪਾਰਟੀ ਦੇ ਵਿਧਾਇਕਾਂ, ਆਗੂਆਂ, ਵਰਕਰਾਂ, ਬਲਾਕ ਪ੍ਰਧਾਨਾਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾਇਆ।