ਘੱਟ ਕੀਮਤਾਂ ਮਿਲਣ ’ਤੇ ਕਿਸਾਨਾਂ ਨੇ ਬਾਸਮਤੀ ਸੜਕ ’ਤੇ ਸੁੱਟੀ
ਗੁਰਬਖਸ਼ਪੁਰੀ
ਤਰਨ ਤਾਰਨ, 28 ਸਤੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਅਗਵਾਈ ਹੇਠ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਕਿਸਾਨਾਂ ਨੂੰ ਬਾਸਮਤੀ ਦੀਆਂ ਕਿਸਮਾਂ ’ਤੇ ਘੱਟ ਕੀਮਤ ਮਿਲਣ ਖਿਲਾਫ਼ ਬਾਸਮਤੀ ਸੁੱਟ ਕੇ ਰੋਸ਼ ਜ਼ਾਹਰ ਕੀਤਾ ਗਿਆ| ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਅਤੇ ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਸਮਤੀ ਦੀ ਕੀਮਤ ਬਹੁਤ ਥੱਲੇ ਡਿੱਗੀ ਹੈ। ਬਾਸਮਤੀ 2200 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਘੱਟ ਕੀਮਤ ’ਤੇ ਵਿਕ ਰਹੀ ਹੈ। ਪਰਮਲ ਦੀ ਕਿਸਮ ਇਸ ਤੋਂ ਉੱਪਰ ਅਤੇ ਸੁਪਰ ਫਾਈਨ ਕਿਸਮਾਂ ਜਿਵੇਂ 1692 ,1509 ਇਸ ਰੇਟ ਤੋਂ ਵੀ ਘੱਟ ਵਿੱਚ ਵਿਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾਅਵੇ ਕਰ ਰਹੇ ਸਨ ਕਿ ਸੂਬੇ ਅੰਦਰ ਨਵਾਂ ਖੇਤੀ ਮਾਡਲ ਲੈ ਕੇ ਆਵਾਂਗੇ ਅਤੇ ਖੇਤੀ ਨੀਤੀ ਖਰੜਾ ਤਿਆਰ ਕਰਾਂਗੇ ਪਰ ਸਰਕਾਰ ਕਿਸਾਨ ਹਿੱਤਾਂ ਦੀ ਪੂਰਤੀ ਕਰਨ ਤੋਂ ਪਾਸਾ ਵੱਟ ਰਹੀ ਹੈ| ਇਸ ਮੌਕੇ ਫਤਹਿ ਸਿੰਘ ਪਿੱਦੀ, ਰੇਸ਼ਮ ਸਿੰਘ ਘੁਰਕਵਿੰਡ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਹਰਬਿੰਦਰਜੀਤ ਸਿੰਘ ਕੰਗ, ਜਰਨੈਲ ਸਿੰਘ ਨੂਰਦੀ, ਰਣਜੋਧ ਸਿੰਘ ਗੱਗੋਬੂਆ, ਨਵਤੇਜ ਸਿੰਘ ਏਕਲਗੱਡਾ, ਭੁਪਿੰਦਰ ਸਿੰਘ ਭਿੰਦਾ ਆਦਿ ਨੇ ਵੀ ਸੰਬੋਧਨ ਕੀਤਾ| ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀ ਬਿਲਕੁਲ ਸਾਰ ਨਹੀਂ ਲਈ ਜਾ ਰਹੀ। ਉਹ ਅਤੇ ਉਨ੍ਹਾਂ ਦੀ ਫ਼ਸਲ ਸੜਕਾਂ ’ਤੇ ਰੁਲਣ ਲਈ ਮਜਬੂਰ ਹਨ।