ਔਜਲਾ ਦੀ ਜਿੱਤ ’ਤੇ ਸਮਰਥਕਾਂ ਨੇ ਲੱਡੂ ਵੰਡੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਜੂਨ
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਲਗਾਤਾਰ ਤੀਜੀ ਵਾਰ ਜਿੱਤ ਤੋਂ ਬਾਅਦ ਇਥੇ ਕਾਂਗਰਸੀ ਖੇਮ੍ਹੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਦੋਂ ਕਿ ਚੋਣ ਹਾਰਨ ਵਾਲੇ ਆਮ ਆਦਮੀ ਪਾਰਟੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖੇਮ੍ਹੇ ਵਿੱਚ ਖਾਮੋਸ਼ੀ ਵਾਲਾ ਮਾਹੌਲ ਹੈ।
ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕੁੱਲ 16 ਲੱਖ ਤੋਂ ਵੱਧ ਵੋਟਾਂ ਵਿੱਚੋਂ 2,55,181 ਵੋਟਾਂ ਹਾਸਿਲ ਕੀਤੀਆਂ ਹਨ ਅਤੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 40,301 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਔਜਲਾ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਦੀ ਲੋਕ ਸਭਾ ਚੋਣਾਂ ’ਚ ਲਗਾਤਾਰ ਦੂਜੀ ਹਾਰ ਹੈ।
ਕਾਂਗਰਸੀ ਉਮੀਦਵਾਰ ਦੀ ਜਿੱਤ ਤੋਂ ਬਾਅਦ ਕਾਂਗਰਸੀ ਵਰਕਰਾਂ ਤੇ ਆਗੂਆਂ ਸਮੇਤ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਅਤੇ ਵਧਾਈਆਂ ਦੇ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਕਾਂਗਰਸੀ ਉਮੀਦਵਾਰ ਦੇ ਘਰ, ਦਫਤਰ ਅਤੇ ਕਾਂਗਰਸ ਭਵਨ ਵਿੱਚ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ, ਜਿੱਥੇ ਵੱਡੀ ਗਿਣਤੀ ਵਿੱਚ ਸਮਰਥਕਾਂ ਦੀ ਆਵਾਜਾਈ ਲੱਗੀ ਹੋਈ ਹੈ ਤੇ ਵਿਆਹ ਵਰਗਾ ਮਾਹੌਲ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਜਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ, ਲਈ ਸੱਤਾ ਹਾਸਲ ਕਰਨ ਦੇ ਦੋ ਸਾਲਾਂ ਬਾਅਦ ਹੀ ਇਹ ਵੱਡੀ ਤੇ ਕਰਾਰੀ ਹਾਰ ਹੈ। ਇਹ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਵਾਸਤੇ ਇੱਕ ਵੱਡੀ ਚੁਣੌਤੀ ਸਨ। ਆਮ ਆਦਮੀ ਪਾਰਟੀ ਨੇ ਇਹ ਲੋਕ ਸਭਾ ਚੋਣਾਂ 13-0 ਨਾਲ ਜਿੱਤਣ ਦਾ ਦਾਅਵਾ ਕੀਤਾ ਸੀ। ਪਰ ਉਸ ਨੂੰ ਸੂਬੇ ਵਿੱਚ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਹੈ, ਜਿਸ ਤੋਂ ਬਾਅਦ ‘ਆਪ’ ਦੇ ਖੇਮ੍ਹੇ ਵਿੱਚ ਖਾਮੋਸ਼ੀ ਵਾਲਾ ਮਾਹੌਲ ਹੈ।
ਇਸੇ ਤਰ੍ਹਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖੇਮ੍ਹੇ ਵਿੱਚ ਵੀ ਖਾਮੋਸ਼ੀ ਤੇ ਚੁੱਪ ਵਾਲਾ ਮਾਹੌਲ ਹੈ। ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ 2,07,205 ਵੋਟਾਂ ਲੈ ਕੇ ਤੀਜੇ ਸਥਾਨ ਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਇਕ ਲੱਖ 62896 ਵੋਟਾਂ ਲੈ ਕੇ ਚੌਥੇ ਸਥਾਨ ’ਤੇ ਹਨ। ਅਕਾਲੀ ਦਲ-ਭਾਜਪਾ ਗੱਠਜੋੜ ਟੁੱਟਣ ਮਗਰੋਂ ਦੋਵਾਂ ਸਿਆਸੀ ਧਿਰਾਂ ਨੇ ਪਹਿਲੀ ਵਾਰ ਵੱਖ-ਵੱਖ ਤੌਰ ’ਤੇ ਚੋਣ ਲੜੀ, ਜਿਸ ਕਾਰਨ ਦੋਵਾਂ ਦੀ ਵੋਟ ਵੰਡੀ ਗਈ ਹੈ। ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦੀ ਹਾਰ ਤੋਂ ਬਾਅਦ ਇਨ੍ਹਾਂ ਦੇ ਖੇਮ੍ਹੇ ਵਿੱਚ ਵੀ ਖਾਮੋਸ਼ੀ ਵਾਲਾ ਮਾਹੌਲ ਹੈ।