ਓਮਾਨ: ਲਾਪਤਾ ਕ੍ਰਿਊ ਮੈਂਬਰਾਂ ’ਚ ਦੇਪੁਰ ਦਾ ਨੌਜਵਾਨ ਵੀ ਸ਼ਾਮਲ
ਜਗਜੀਤ ਸਿੰਘ
ਮੁਕੇਰੀਆਂ, 23 ਜੁਲਾਈ
ਓਮਾਨ ਵਿੱਚ ਬੀਤੇ ਦਿਨੀਂ ਡੁੱਬੇ ਸਮੁੰਦਰੀ ਜਹਾਜ਼ ’ਚੋਂ ਲਾਪਤਾ ਹੋਏ 16 ਕ੍ਰਿਊ ਮੈਂਬਰਾਂ ’ਚ ਕੰਢੀ ਦੇ ਪਿੰਡ ਦੇਪੁਰ ਦਾ ਦੀਪਕ ਸਿੰਘ (22) ਵੀ ਸ਼ਾਮਲ ਹੈ। ਉਸ ਦੇ ਲਾਪਤਾ ਹੋਣ ਦੀ ਖ਼ਬਰ ਮਿਲਣ ਮਗਰੋਂ ਪਰਿਵਾਰ ਕਾਫੀ ਪ੍ਰੇਸ਼ਾਨ ਹੈ। ਦੀਪਕ ਦੇ ਪਿਤਾ ਕੇਵਲ ਸਿੰਘ ਅਤੇ ਮਾਤਾ ਸਵਿਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਪਨੀ ਤੋਂ 16-17 ਜੁਲਾਈ ਨੂੰ ਫੋਨ ਆਇਆ ਸੀ ਕਿ ਦੀਪਕ ਸਿੰਘ ਜਹਾਜ਼ ਡੁੱਬਣ ਕਾਰਨ ਲਾਪਤਾ ਚੱਲ ਰਿਹਾ ਹੈ।
ਕੰਪਨੀ ਪ੍ਰਬੰਧਕਾਂ ਨੇ ਦਾਅਵਾ ਕੀਤਾ ਸੀ ਕਿ ਲਾਪਤਾ ਕ੍ਰਿਊ ਮੈਂਬਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਤਹਿਤ 10 ਮੈਂਬਰਾਂ ਨੂੰ ਬਚਾਅ ਲਿਆ ਗਿਆ ਹੈ। ਕੰਪਨੀ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਲੜਕੇ ਦੀਪਕ ਸਿੰਘ ਸਮੇਤ ਬਾਕੀ ਛੇ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਪਕ ਸਿੰਘ ਉਨ੍ਹਾਂ ਦੇ ਘਰ ਦਾ ਇਕਲੌਤਾ ਕਮਾਊ ਮੈਂਬਰ ਹੈ ਅਤੇ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੰਪਨੀ ਵੱਲੋਂ ਲਾਪਤਾ ਮੈਂਬਰਾਂ ਦੀ ਭਾਲ ਬੰਦ ਕਰ ਦਿੱਤੀ ਗਈ ਹੈ ਜਿਸ ਕਾਰਨ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਉਨ੍ਹਾਂ ਦੇ ਲੜਕੇ ਅਤੇ ਹੋਰ ਲਾਪਤਾ ਕ੍ਰਿਊ ਮੈਂਬਰ ਦੀ ਭਾਲ ਲਈ ਮੁਹਿੰਮ ਜਾਰੀ ਰੱਖਣ ਦੀ ਮੰਗ ਕੀਤੀ ਹੈ।