Om Prakash Chautala: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦੇਹਾਂਤ
ਗੁਰੂਗ੍ਰਾਮ, 20 ਦਸੰਬਰ
ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਅਤੇ ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ (89) ਦਾ ਅੱਜ ਇਥੇ ਦੇਹਾਂਤ ਹੋ ਗਿਆ। ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਦੇ ਪੁੱਤਰ ਚੌਟਾਲਾ ਨੂੰ ਘਰ ’ਚ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਤੁਰੰਤ ਮੇਦਾਂਤਾ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦੁਪਹਿਰ 12 ਵਜੇ ਦੇ ਕਰੀਬ ਦਮ ਤੋੜ ਦਿੱਤਾ। ਉਹ ਕੁਝ ਅਰਸੇ ਤੋਂ ਵੱਡੀ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਚੌਟਾਲਾ ਦਾ ਭਲਕੇ ਸ਼ਨਿਚਰਵਾਰ ਨੂੰ ਦੁਪਹਿਰ ਬਾਅਦ 3 ਵਜੇ ਸਿਰਸਾ ਜ਼ਿਲ੍ਹੇ ’ਚ ਪੈਂਦੇ ਤੇਜਾ ਖੇੜਾ ਫਾਰਮ ’ਤੇ ਰਾਜਸੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋਵੇਗਾ। ਹਰਿਆਣਾ ਸਰਕਾਰ ਨੇ ਉਨ੍ਹਾਂ ਦੇ ਸਨਮਾਨ ’ਚ ਸੂਬੇ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਸੂਬੇ ’ਚ ਸ਼ਨਿਚਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ’ਚ ਦੋ ਪੁੱਤਰ ਅਤੇ ਤਿੰਨ ਧੀਆਂ ਹਨ, ਜਦਕਿ ਪਤਨੀ ਸਨੇਹ ਲਤਾ ਦਾ ਪੰਜ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਪਹਿਲੀ ਜਨਵਰੀ 1935 ਨੂੰ ਜਨਮੇ ਓਮ ਪ੍ਰਕਾਸ਼ ਚੌਟਾਲਾ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਦੇ ਪੰਜ ਬੱਚਿਆਂ ’ਚੋਂ ਸਭ ਤੋਂ ਵੱਡੇ ਪੁੱਤਰ ਸਨ। ਉਨ੍ਹਾਂ ਪ੍ਰਾਇਮਰੀ ਮਗਰੋਂ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ ਪਰ 2013 ’ਚ ਜਦੋਂ ਚੌਟਾਲਾ ਨੂੰ ਅਧਿਆਪਕ ਭਰਤੀ ਘੁਟਾਲੇ ਦੇ ਸਬੰਧ ’ਚ ਤਿਹਾੜ ਜੇਲ੍ਹ ਭੇਜਿਆ ਗਿਆ ਸੀ ਤਾਂ ਉਨ੍ਹਾਂ 10ਵੀਂ ਪਾਸ ਕੀਤੀ ਸੀ। ਇਸ ਮਗਰੋਂ 82 ਸਾਲ ਦੀ ਉਮਰ ’ਚ ਉਨ੍ਹਾਂ 12ਵੀਂ ਵੀ ਕਰ ਲਈ ਸੀ। ਉਹ 2021 ’ਚ ਜੇਲ੍ਹ ਤੋਂ ਰਿਹਾਅ ਹੋਏ ਸਨ। ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਅਤੇ ਆਈਏਐੱਸ ਅਧਿਕਾਰੀ ਸੰਜੀਵ ਕੁਮਾਰ ਸਮੇਤ 53 ਹੋਰਾਂ ਨੂੰ ਸਾਲ 2000 ’ਚ 3,206 ਜੂਨੀਅਰ ਬੇਸਿਕ ਟੀਚਰਾਂ ਦੀ ਗ਼ੈਰਕਾਨੂੰਨੀ ਭਰਤੀ ਮਾਮਲੇ ’ਚ ਸਜ਼ਾ ਸੁਣਾਈ ਗਈ ਸੀ। -ਪੀਟੀਆਈ
ਮੋਦੀ, ਸੈਣੀ, ਹੁੱਡਾ, ਫਾਰੂਕ ਤੇ ਸੁਖਬੀਰ ਸਣੇ ਹੋਰਾਂ ਨੇ ਜਤਾਇਆ ਅਫ਼ਸੋਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਰਾਜਪਾਲ ਬੰਡਾਰੂ ਦੱਤਾਤ੍ਰੇਅ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸਿੰਘ ਸੁਰਜੇਵਾਲਾ ਤੇ ਕੁਮਾਰੀ ਸ਼ੈਲਜਾ, ਨੈਸ਼ਨਲ ਕਾਨਫਰੰਸ ਦੇ ਆਗੂਆਂ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟਾਇਆ ਹੈ। ਮੋਦੀ ਨੇ ‘ਐਕਸ’ ’ਤੇ ਕਿਹਾ ਕਿ ਚੌਟਾਲਾ ਨੇ ਕਈ ਸਾਲਾਂ ਤੱਕ ਹਰਿਆਣਾ ਦੀ ਸਿਆਸਤ ’ਚ ਸਰਗਰਮ ਰਹਿ ਕੇ ਦੇਵੀਲਾਲ ਦੇ ਕੰਮਾਂ ਨੂੰ ਅੱਗੇ ਵਧਾਇਆ। ਸੈਣੀ ਨੇ ਕਿਹਾ ਕਿ ਚੌਟਾਲਾ ਦਾ ਦੇਹਾਂਤ ਮੁਲਕ ਅਤੇ ਹਰਿਆਣਾ ਦੀ ਸਿਆਸਤ ਲਈ ਵੱਡਾ ਘਾਟਾ ਹੈ। ਹੁੱਡਾ ਨੇ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਹਰਿਆਣਾ ਦੇ ਹਰਮਨਪਿਆਰੇ ਆਗੂ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਦੇ ਵਿਛੋੜੇ ਕਾਰਨ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਲਈ ਇਹ ਨਾਸਹਿਣਯੋਗ ਸਦਮਾ ਹੈ। -ਪੀਟੀਆਈ