ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਓਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣੇ

06:50 AM Jun 27, 2024 IST
ਲੋਕ ਸਭਾ ਸਪੀਕਰ ਓਮ ਬਿਰਲਾ ਉਨ੍ਹਾਂ ਦੀ ਸੀਟ ’ਤੇ ਲਿਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੱਥ ਮਿਲਾਉਂਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ

* ਬਿਰਲਾ ਵੱਲੋਂ ਐਮਰਜੈਂਸੀ ਨੂੰ ਲੈ ਕੇ ਪੇਸ਼ ਮਤੇ ’ਤੇ ਵਿਰੋਧੀ ਧਿਰਾਂ ਵੱਲੋਂ ਨਾਅਰੇਬਾਜ਼ੀ

Advertisement

ਨਵੀਂ ਦਿੱਲੀ, 26 ਜੂਨ
ਐੱਨਡੀਓ ਦੇ ਉਮੀਦਵਾਰ ਓਮ ਬਿਰਲਾ ਅੱਜ ਜ਼ੁਬਾਨੀ ਵੋਟ ਨਾਲ ਲਗਾਤਾਰ ਦੂਜੇ ਕਾਰਜਕਾਲ ਲਈ ਲੋਕ ਸਭਾ ਦੇ ਸਪੀਕਰ ਚੁਣੇ ਗਏ। ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਨੇ ਬਿਰਲਾ ਦੇ ਮੁਕਾਬਲੇ ਅੱਠ ਵਾਰ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਵੀਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੀਕਰ ਵਜੋਂ ਚੋਣ ਲਈ ਬਿਰਲਾ ਦੇ ਨਾਂ ਦੀ ਤਜਵੀਜ਼ ਵਾਲਾ ਮਤਾ ਸਦਨ ਵਿਚ ਰੱਖਿਆ, ਜਿਸ ਦੀ ਤਾਈਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਉਧਰ ਸੁਰੇਸ਼ ਦੇ ਹੱਕ ਵਿਚ ਵੀ ਵਿਰੋਧੀ ਧਿਰਾਂ ਵੱਲੋਂ ਮਤੇ ਰੱਖੇ ਗਏ।

ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਬਣਨ ’ਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂ ਰਾਹੁਲ ਗਾਂਧੀ ਤੇ ਭਾਜਪਾ ਆਗੂ ਕਿਰਨ ਰਿਜਿਜੂ। -ਫੋਟੋ: ਪੀਟੀਆਈ

ਵਿਰੋਧੀ ਧਿਰ ਵੱਲੋਂ ਹਾਲਾਂਕਿ ਮਤੇ ’ਤੇ ਵੋਟਿੰਗ ਲਈ ਦਬਾਅ ਨਾ ਪਾਏ ਜਾਣ ਮਗਰੋਂ ਪ੍ਰੋ-ਟੈੱਮ ਸਪੀਕਰ ਭਰਤਰੀਹਰੀ ਮਹਿਤਾਬ ਨੇ ਜ਼ੁਬਾਨੀ ਵੋਟਿੰਗ ਮਗਰੋਂ ਬਿਰਲਾ ਦੀ ਸਪੀਕਰ ਵਜੋਂ ਚੋਣ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਉਨ੍ਹਾਂ ਦੀ ਸੀਟ ’ਤੇ ਜਾ ਕੇ ਵਧਾਈ ਦਿੱਤੀ। ਉਪਰੰਤ ਸ੍ਰੀ ਮੋਦੀ ਤੇ ਗਾਂਧੀ, ਓਮ ਬਿਰਲਾ ਨੂੰ ਨਾਲ ਲੈ ਕੇ ਸਪੀਕਰ ਦੀ ਸੀਟ ’ਤੇ ਪਹੁੰਚੇ, ਜਿੱਥੇ ਬਿਰਲਾ ਨੇ ਸਪੀਕਰ ਦੇ ਆਸਣ ’ਤੇ ਬੈਠ ਕੇ ਰਸਮੀ ਤੌਰ ’ਤੇ ਅਹੁਦਾ ਗ੍ਰਹਿਣ ਕਰ ਲਿਆ। ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਤੇ ਸਦਨ ਵਿਚ ਪ੍ਰਮੁੱਖ ਪਾਰਟੀਆਂ ਦੇ ਹੋਰਨਾਂ ਆਗੂਆਂ ਨੇ ਆਪਣੇ ਸੰਬੋਧਨ ਵਿਚ ਬਿਰਲਾ ਨੂੰ ਸਪੀਕਰ ਚੁਣੇ ਜਾਣ ਦੀ ਵਧਾਈ ਦਿੱਤੀ।
ਓਮ ਬਿਰਲਾ ਨੇ ਸਪੀਕਰ ਦਾ ਚਾਰਜ ਲੈਣ ਮਗਰੋਂ ਇਕ ਮਤਾ ਪੜ੍ਹਦਿਆਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿਚ ਥੋਪੀ ਐਮਰਜੈਂਸੀ ਦੀ ਨਿਖੇਧੀ ਕੀਤੀ ਤੇ ਮੈਂਬਰਾਂ ਨੂੰ ਇਕ ਮਿੰਟ ਦਾ ਮੌਨ ਰੱਖਣ ਲਈ ਕਿਹਾ, ਜਿਸ ਦਾ ਵਿਰੋਧੀ ਧਿਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਬਿਰਲਾ ਨੇ ਮਤਾ ਪੜ੍ਹਦੇ ਹੋਏ ਕਿਹਾ, ‘‘ਭਾਰਤ ਵਿਚ ਜਮਹੂਰੀ ਕਦਰਾਂ ਕੀਮਤਾਂ ਤੇ ਵਾਦ-ਵਿਵਾਦ ਦੀ ਹਮੇਸ਼ਾ ਹਮਾਇਤ ਕੀਤੀ ਗਈ ਹੈ... ਇੰਦਰਾ ਗਾਂਧੀ ਨੇ ਅਜਿਹੇ ਭਾਰਤ ’ਤੇ ਤਾਨਾਸ਼ਾਹੀ ਥੋਪੀ। ਭਾਰਤ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਮਧੋਲਿਆ ਗਿਆ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਗ਼ਲਾ ਘੁੱਟਿਆ ਗਿਆ।’’ ਵਿਰੋਧੀ ਧਿਰਾਂ ਵੱਲੋਂ ਕੀਤੀ ਨਾਅਰੇਬਾਜ਼ੀ ਦਰਮਿਆਨ ਬਿਰਲਾ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਹੀ ਸਦਨ ਦੀ ਕਾਰਵਾਈ ਨੂੰ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤਾ। ਵਿਰੋਧੀ ਧਿਰਾਂ ਨੇ ਐਮਰਜੈਂਸੀ ਨਾਲ ਸਬੰਧਤ ਮਤੇ ਨੂੰ ਲੈ ਕੇ ਜਿੱਥੇ ਸਦਨ ਦੇ ਅੰਦਰ ਪ੍ਰਦਰਸ਼ਨ ਕੀਤਾ, ਉਥੇ ਭਾਜਪਾ ਮੈਂਬਰਾਂ ਨੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦਿਆਂ ਐਮਰਜੈਂਸੀ ਲਈ ਕਾਂਗਰਸ ਤੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ।

Advertisement

ਐਮਰਜੈਂਸੀ ਖਿ਼ਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਭਾਜਪਾ ਦੇ ਸੰਸਦ ਮੈਂਬਰ। -ਫੋਟੋਆਂ: ਪੀਟੀਆਈ

ਇਸ ਤੋਂ ਪਹਿਲਾਂ ਬਿਰਲਾ ਨੇ ਸਪੀਕਰ ਦਾ ਅਹੁਦਾ ਸੰਭਾਲਣ ਮਗਰੋਂ ਸਦਨ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਸੱਤਾਧਾਰੀ ਤੇ ਵਿਰੋਧੀ ਧਿਰਾਂ ਮਿਲ ਕੇ ਸਦਨ ਦੀ ਕਾਰਵਾਈ ਨੂੰ ਚਲਾਉਂਦੀਆਂ ਹਨ। ਉਨ੍ਹਾਂ ਕਿਹਾ, ‘‘ਹਰੇਕ ਦੀ ਗੱਲ ਸੁਣਨਾ ਤੇ ਹਰੇਕ ਦੀ ਸਹਿਮਤੀ ਨਾਲ ਸਦਨ ਦੀ ਕਾਰਵਾਈ ਚਲਾਉਣਾ ਭਾਰਤੀ ਜਮਹੂਰੀਅਤ ਦੀ ਤਾਕਤ ਹੈ। ਮੈਂ ਉਮੀਦ ਕਰਦਾ ਹਾਂ ਕਿ ਮੈਂ ਹਰੇਕ ਦੀ ਸਹਿਮਤੀ ਨਾਲ ਸਦਨ ਚਲਾਵਾਂਗਾ। ਜੇ ਕਿਸੇ ਪਾਰਟੀ ਦਾ ਇਕ ਮੈਂਬਰ ਹੈ ਤਾਂ ਉਸ ਨੂੰ ਵੀ ਯੋਗ ਸਮਾਂ ਮਿਲਣਾ ਚਾਹੀਦਾ ਹੈ।’’ ਬਿਰਲਾ ਨੇ ਕਿਹਾ, ‘‘ਮੈਂ ਵੀ ਇਹ ਉਮੀਦ ਕਰਦਾ ਹਾਂ ਕਿ ਸਦਨ ਬਿਨਾਂ ਕਿਸੇ ਅੜਿੱਕੇ ਦੇ ਚੱਲੇ। ਲੋਕ ਸਾਨੂੰ ਇਸੇ ਆਸ ਤੇ ਉਮੀਦ ਨਾਲ ਚੁਣਦੇ ਹਨ, ਇਸ ਕਰਕੇ ਮੈਂ ਅਪੀਲ ਕਰਦਾ ਹਾਂ ਕਿ ਸਦਨ ਦੀ ਕਾਰਵਾਈ ਵਿਚ ਕਿਸੇ ਤਰ੍ਹਾਂ ਅੜਿੱਕਾ ਨਹੀਂ ਪੈਣਾ ਚਾਹੀਦਾ। ਆਲੋਚਨਾ ਹੋ ਸਕਦੀ ਹੈ, ਪਰ ਅੜਿੱਕਾ ਸਦਨ ਦੀ ਰਵਾਇਤ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਮੈਂ ਕਿਸੇ ਮੈਂਬਰ ਖਿਲਾਫ਼ ਕਾਰਵਾਈ ਨਹੀਂ ਕਰਨੀ ਚਾਹੁੰਦਾ, ਪਰ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਸੰਸਦੀ ਰਵਾਇਤਾਂ ਦੇ ਉੱਚੇ ਮਿਆਰ ਨੂੰ ਕਾਇਮ ਰੱਖਣ। ਇਸ ਲਈ ਕਈ ਵਾਰ ਮੈਨੂੰ ਸਖ਼ਤ ਫੈਸਲੇ ਲੈਣੇ ਪੈਂਦੇ ਹਨ।’’ ਉਨ੍ਹਾਂ ਕਿਹਾ ਕਿ ਮੈਂਬਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਗਲੇ ਪੰਜ ਸਾਲ ਜਦੋਂ ਸਪੀਕਰ ਖੜ੍ਹਾ ਹੈ ਤਾਂ ਉਨ੍ਹਾਂ ਨੂੰ ਆਪਣੀਆਂ ਸੀਟਾਂ ’ਤੇ ਬੈਠ ਜਾਣਾ ਚਾਹੀਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਵਿਚ ਐਮਰਜੈਂਸੀ ਦੀ ਨਿਖੇਧੀ ਕਰਨ ਲਈ ਸਪੀਕਰ ਓਮ ਬਿਰਲਾ ਦੀ ਸ਼ਲਾਘਾ ਕੀਤੀ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਬਿਰਲਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਐਮਰਜੈਂਸੀ ਦਾ ਸੰਤਾਪ ਝੱਲਣ ਵਾਲਿਆਂ ਲਈ ਇਕ ਮਿੰਟ ਦਾ ਮੌਨ ਰੱਖਣਾ ਸ਼ਾਨਦਾਰ ਸੈਨਤ ਸੀ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਓਮ ਬਿਰਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ 1975 ਵਿਚ ਲਾਈ ਐਮਰਜੈਂਸੀ ਨੇ ਕਾਂਗਰਸ ਦੀ ‘ਲੋਕਤੰਤਰ ਵਿਰੋਧੀ’ ਸੋਚ ਨੂੰ ਜੱਗ ਜ਼ਾਹਿਰ ਕਰ ਦਿੱਤਾ ਸੀ, ਜਿਸ ਨੇ ਜਮਹੂਰੀਅਤ ਦੇ ‘ਨਿਆਂਪਾਲਿਕਾ, ਅਫਸਰਸ਼ਾਹੀ ਤੇ ਮੀਡੀਆ’ ਜਿਹੇ ਪ੍ਰਮੁੱਖ ਥੰਮ੍ਹਾਂ ਨੂੰ ਨੁਕਸਾਨ ਪਹੁੰਚਾਇਆ ਸੀ। -ਪੀਟੀਆਈ

ਸਪੀਕਰ ਵੱਲੋਂ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਮਾਨਤਾ

ਨਵੀਂ ਦਿੱਲੀ: ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਮਾਨਤਾ ਦੇ ਦਿੱਤੀ ਹੈ। ਕਾਂਗਰਸ ਨੇ ਲੰਘੇ ਦਿਨ ਲੋਕ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਆਪਣੇ ਇਸ ਫੈਸਲੇ ਤੋਂ ਜਾਣੂ ਕਰਵਾਇਆ ਸੀ। ਸਕੱਤਰੇਤ ਨੇ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ 9 ਜੂਨ ਤੋਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਅਧਿਕਾਰਤ ਤੌਰ ’ਤੇ ਮਾਨਤਾ ਦੇ ਦਿੱਤੀ ਗਈ ਹੈ। ਯੂਪੀ ਦੇ ਰਾਏ ਬਰੇਲੀ ਤੋਂ ਕਾਂਗਰਸੀ ਐੱਮਪੀ ਨੂੰ ਵਿਰੋਧੀ ਧਿਰ ਦੇ ਆਗੂ ਦੀ ਤਨਖਾਹ ਤੇ ਭੱਤਿਆਂ ਬਾਰੇ ਪਾਰਲੀਮੈਂਟ ਐਕਟ 1977 ਦੀ ਧਾਰਾ 2 ਤਹਿਤ ਮਾਨਤਾ ਦਿੱਤੀ ਗਈ ਹੈ। -ਪੀਟੀਆਈ

ਰਾਸ਼ਟਰਪਤੀ ਮੁਰਮੂ ਸੰਸਦ ਦੇ ਸਾਂਝੇ ਇਜਲਾਸ ਨੂੰ ਅੱਜ ਕਰਨਗੇ ਸੰਬੋਧਨ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਵੀਰਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨਗੇ, ਜਿੱਥੇ ਉਨ੍ਹਾਂ ਵੱੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਚੁਣੀ ਸਰਕਾਰ ਦੀਆਂ ਤਰਜੀਹਾਂ ਤੋਂ ਪਰਦਾ ਚੁੱਕੇ ਜਾਣ ਦੀ ਉਮੀਦ ਹੈ। 18ਵੀਂ ਲੋਕ ਸਭਾ ਦੇ ਗਠਨ ਮਗਰੋਂ ਮੁਰਮੂ ਦਾ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਇਹ ਪਲੇੇਠਾ ਸੰਬੋਧਨ ਹੋਵੇਗਾ। 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸੋਮਵਾਰ ਨੂੰ ਸ਼ੁਰੂ ਹੋਇਆ ਸੀ ਜਦੋਂਕਿ ਰਾਜ ਸਭਾ ਦਾ 264ਵਾਂ ਇਜਲਾਸ ਭਲਕੇ (27 ਜੂਨ) ਸ਼ੁਰੂ ਹੋਵੇਗਾ। ਰਾਸ਼ਟਰਪਤੀ ਮੁਰਮੂ, ਘੋੜਿਆਂ ’ਤੇ ਸਵਾਰ ਆਪਣੇ ਅੰਗਰੱਖਿਅਕਾਂ ਦੇ ਸੁਰੱਖਿਆ ਪਹਿਰੇ ਹੇਠ ਸੰਸਦ ਭਵਨ ਪੁੱਜਣਗੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਤੇ ਰਾਜ ਸਭਾ ਦੇ ਪ੍ਰੀਜ਼ਾਈਡਿੰਗ ਅਧਿਕਾਰੀਆਂ (ਸਪੀਕਰਾਂ) ਵੱਲੋੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਰਾਸ਼ਟਰਪਤੀ ਦੇ ਸੰਬੋਧਨ ਮਗਰੋਂ ਸੱਤਾਧਾਰੀ ਪਾਰਟੀ ਵੱਲੋਂ ਦੋਵਾਂ ਸਦਨਾਂ ਵਿਚ ਧੰਨਵਾਦ ਮਤਾ ਰੱਖਿਆ ਜਾਵੇਗਾ, ਜਿਸ ’ਤੇ ਮੈਂਬਰਾਂ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ 2 ਜਾਂ 3 ਜੁਲਾਈ ਨੂੰ ਮਤੇ ’ਤੇ ਹੋਣ ਵਾਲੀ ਬਹਿਸ ਦਾ ਜਵਾਬ ਦੇਣਗੇ। ਮਤੇ ’ਤੇ ਬਹਿਸ ਦੌਰਾਨ ਵਿਰੋਧੀ ਧਿਰ ਵੱਲੋਂ ਸਰਕਾਰ ਨੂੰ ਨੀਟ-ਯੂਜੀ ਬੇਨਿਯਮੀਆਂ, ਯੂਜੀਸੀ-ਨੈੱਟ ਪ੍ਰੀਖਿਆ ਰੱਦ ਹੋਣ, ਜੰਮੂ ਕਸ਼ਮੀਰ ਵਿਚ ਦਹਿਸ਼ਤੀ ਹਮਲਿਆਂ, ਦੇਸ਼ ਵਿਚ ਰੇਲ ਹਾਦਸੇ ਤੇ ਰੋਜ਼ਮਰ੍ਹਾ ਵਰਤੋਂ ਵਾਲੀਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਸਣੇ ਹੋਰ ਕਈ ਮੁੱਦਿਆਂ ’ਤੇ ਘੇਰਿਆ ਜਾ ਸਕਦਾ ਹੈ। -ਪੀਟੀਆਈ

ਬਿਰਲਾ ਲੋਕਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਕਰਨ ਲਈ ਵੱਡੀ ਭੂਮਿਕਾ ਨਿਭਾਉਣਗੇ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਮ ਬਿਰਲਾ ਨੂੰ ਮੁੜ ਲੋਕ ਸਭਾ ਦਾ ਸਪੀਕਰ ਬਣਨ ’ਤੇ ਵਧਾਈ ਦਿੰਦਿਆਂ ਭਰੋਸਾ ਜਤਾਇਆ ਕਿ ਉਹ ਸੰਸਦ ਮੈਂਬਰਾਂ ਨੂੰ ਸੇਧ ਦਿੰਦੇ ਰਹਿਣਗੇ ਤੇ ਲੋਕਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਕਰਨ ਲਈ ਸਦਨ ਵਿਚ ਵੱਡੀ ਭੂਮਿਕਾ ਨਿਭਾਉਣਗੇ। ਪੂਰੇ ਸਦਨ ਵੱਲੋਂ ਬਿਰਲਾ ਨੂੰ ਇਸ ਨਵੇਂ ਕਾਰਜਕਾਲ ਲਈ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਤੀਜੀ ਵਾਰ ਸੰਸਦ ਮੈਂਬਰ ਬਣੇ ਬਿਰਲਾ ਦੇ ਪਿਛਲੀ ਲੋਕ ਸਭਾ ਵਿਚ ਸਪੀਕਰ ਤੇ ਇਕ ਸੰਸਦ ਮੈਂਬਰ ਵਜੋਂ ਰਵੱਈਏ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਕਿ ਬਿਰਲਾ ਨੇ ਲੋਕ ਸਭਾ ਦੇ ਇਤਿਹਾਸ ਵਿਚ ਸੁਨਹਿਰੀ ਯੁੱਗ ਦੀ ਪ੍ਰਧਾਨਗੀ ਕੀਤੀ ਕਿਉਂਕਿ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਕਈ ਇਤਿਹਾਸਕ ਫੈਸਲੇ ਲਏ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਲਰਾਮ ਜਾਖੜ, ਜੋ 1980 ਤੋਂ 1989 ਦਰਮਿਆਨ ਉਪਰੋਥੱਲੀ ਦੋ ਵਾਰ ਲੋਕ ਸਭਾ ਦੇ ਸਪੀਕਰ ਰਹੇ, ਮਗਰੋਂ ਪਹਿਲੇ ਸਪੀਕਰ ਹਨ ਜਿਨ੍ਹਾਂ ਨੂੰ ਪੰਜ ਸਾਲ ਦੇ ਪੂਰੇ ਕਾਰਜਕਾਲ ਮਗਰੋਂ ਇਕ ਹੋਰ ਕਾਰਜਕਾਲ ਮਿਲਿਆ ਹੈ। ਸ੍ਰੀ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਉਹ (ਬਿਰਲਾ) ਅੱਗੋਂ ਵੀ ਨਵੇਂ ਮਾਪਦੰਡ ਸਿਰਜਦੇ ਰਹਿਣਗੇ। ਉਨ੍ਹਾਂ 20 ਸਾਲਾਂ ਦੇ ਅਰਸੇ ਦੀ ਗੱਲ ਕਰਦਿਆਂ ਕਿਹਾ ਕਿ ਚੁਣੇ ਹੋਏ ਸਪੀਕਰ ਜਾਂ ਤਾਂ ਅੱਗੇ ਚੋਣ ਨਹੀਂ ਲੜਦੇ ਸਨ ਜਾਂ ਫਿਰ ਆਪਣੀ ਨਿਯੁਕਤੀ ਮਗਰੋਂ ਅਗਲੀ ਚੋਣ ਨਹੀਂ ਜਿੱਤ ਸਕੇ, ਪਰ ਬਿਰਲਾ ਨੇ ਮੁੜ ਚੋਣ ਜਿੱਤ ਕੇ ਤੇ ਸਪੀਕਰ ਵਜੋਂ ਵਾਪਸੀ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਲੋਕ ਸਭਾ ਵਿਚ ਸਦਨ ਦੀ ਕਾਰਵਾਈ 97 ਫੀਸਦ ਤੱਕ ਚੱਲੀ, ਜੋ ਪਿਛਲੇ 25 ਸਾਲਾਂ ਵਿਚ ਸਿਖਰਲਾ ਅੰਕੜਾ ਹੈ। ਉਨ੍ਹਾਂ ਕਿਹਾ ਕਿ ਬਿਰਲਾ ਨੇ ਕੋਵਿਡ ਦੌਰ ਵਿਚ ਵੀ ਸਦਨ ਦੀ ਕਾਰਵਾਈ ਨੂੰ ਯਕੀਨੀ ਬਣਾਇਆ ਤੇ ਮੁਸ਼ਕਲ ਫੈਸਲੇ ਲੈ ਕੇ ਇਸ ਦੇ ਗੌਰਵ ਤੇ ਮਰਿਆਦਾ ਨੂੰ ਬਣਾਈ ਰੱਖਿਆ। ਸ੍ਰੀ ਮੋਦੀ ਨੇ ਕਿਹਾ ਕਿ ਬਿਰਲਾ ਦੀ ਅਗਵਾਈ ਹੇਠ ਸਦਨ ਵਿਚ ‘ਨਾਰੀ ਸ਼ਕਤੀ ਵੰਦਨ ਅਧੀਨੀਅਅ’, ਜੰਮੂ ਕਸ਼ਮੀਰ ਪੁਨਰਗਠਨ ਬਿੱਲ ਤੇ ਤਿੰਨ ਨਵੇਂ ਫੌਜਦਾਰੀ ਕਾਨੂੰਨ ਜਿਹੇ ਕਈ ‘ਮੀਲਪੱਥਰ’ ਕਾਨੂੰਨ ਪਾਸ ਹੋਏ। ਉਨ੍ਹਾਂ ਬਿਰਲਾ ਦੀ ਚੇਅਰਮੈਨਸ਼ਿਪ ਹੇਠ ਨਵੀਂ ਸੰਸਦੀ ਇਮਾਰਤ ਦੇ ਉਦਘਾਟਨ ਨੂੰ ਵੀ ਯਾਦ ਕੀਤਾ। -ਪੀਟੀਆਈ

ਆਸ ਕਰਦੇ ਹਾਂ ਵਿਰੋਧੀ ਧਿਰ ਨੂੰ ਲੋਕ ਸਭਾ ’ਚ ਬੋਲਣ ਦੀ ਆਜ਼ਾਦੀ ਹੋਵੇਗੀ: ਰਾਹੁਲ

ਨਵੀਂ ਦਿੱਲੀ: ਓਮ ਬਿਰਲਾ ਨੂੰ ਦੂਜੇ ਕਾਰਜਕਾਲ ਲਈ ਲੋਕ ਸਭਾ ਦਾ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਨ੍ਹਾਂ ਨੂੰ ਸਦਨ ਵਿਚ ਲੋਕਾਂ ਦੀ ਆਵਾਜ਼ ਚੁੱਕਣ ਦੀ ਖੁੱਲ੍ਹ ਦਿੱਤੀ ਜਾਵੇਗੀ ਤੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਜਿਹੇ ਵਾਕਿਆਤ ਦੁਹਰਾਏ ਨਹੀਂ ਜਾਣਗੇ। ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਸਦਨ ਦੀ ਕਾਰਵਾਈ ‘ਚੱਲੇ ਤੇ ਸਹੀ ਢੰਗ ਨਾਲ ਚੱਲੇ’। ਉਨ੍ਹਾਂ ਕਿਹਾ ਕਿ ਇਹ ਬਹੁਤ ਅਹਿਮ ਹੈ ਕਿ ਵਿਸ਼ਵਾਸ ਨਾਲ ਮੇਲ-ਮਿਲਾਪ ਵਧੇ। ਸਰਕਾਰ ਦੇ ਇਸ ਦਾਅਵੇ ਕਿ ਪਿਛਲੀ ਲੋਕ ਸਭਾ ਵਿਚ 97 ਫੀਸਦ ਤੱਕ ਸਦਨ ਦੀ ਕਾਰਵਾਈ ਚੱਲੀ, ਦਾ ਜਵਾਬ ਦਿੰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਖਾਮੋਸ਼ ਕਰਕੇ ਸਦਨ ਦੀ ਕਾਰਵਾਈ ਚਲਾਉਣਾ ਗੈਰਜਮਹੂਰੀ ਵਿਚਾਰ ਹੈ। ਗਾਂਧੀ ਨੇ ਕਿਹਾ, ‘‘ਮੈਂ ਤੁਹਾਨੂੰ ਸਫ਼ਲ ਚੋਣ ਲਈ ਵਧਾਈ ਦਿੰਦਾ ਹਾਂ... ਮੈਂ ਪੂਰੇ ਇੰਡੀਆ ਗੱਠਜੋੜ ਵੱਲੋਂ ਤੁਹਾਨੂੰ ਵਧਾਈ ਦਿੰਦਾ ਹਾਂ।’’ ਉਨ੍ਹਾਂ ਕਿਹਾ, ‘‘ਇਹ ਸਦਨ ਦੇਸ਼ ਦੇ ਲੋਕਾਂ ਦੀ ਆਵਾਜ਼ ਦੀ ਨੁਮਾਇੰਦਗੀ ਕਰਦਾ ਹੈ... ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਕੋਲ ਸਿਆਸੀ ਤਾਕਤ ਹੁੰਦੀ ਹੈ, ਪਰ ਵਿਰੋਧੀ ਧਿਰ ਵੀ ਭਾਰਤ ਦੇ ਲੋਕਾਂ ਦੀ ਆਵਾਜ਼ ਦੀ ਨੁਮਾਇੰਦਗੀ ਕਰਦੀ ਹੈ।’’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਪੀਕਰ ਨੂੰ ਉਨ੍ਹਾਂ ਦੇ ਕੰਮ ਵਿਚ ਪੂਰਾ ਸਹਿਯੋਗ ਦੇਵੇਗੀ। ਗਾਂਧੀ ਨੇ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਨੂੰ ਸਦਨ ਵਿਚ ਬੋਲਣ ਦੀ ਇਜਾਜ਼ਤ ਦਿਓਗੇ।’’ ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦੇ ਮੁਕਾਬਲੇ ਵਿਰੋਧੀ ਧਿਰ ਐਤਕੀਂ ਸਦਨ ਵਿਚ ਵੱਧ ਭਾਰਤੀ ਲੋਕਾਂ ਦੀ ਆਵਾਜ਼ ਦੀ ਪ੍ਰਤੀਨਿਧਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਸਵਾਲ ਇਹ ਨਹੀਂ ਕਿ ਸਦਨ ਕਿੰਨੇ ਕਾਰਗਰ ਤਰੀਕੇ ਨਾਲ ਚੱਲ ਰਿਹਾ ਹੈ, ਬਲਕਿ ਸਵਾਲ ਇਹ ਹੈ ਕਿ ਸਦਨ ਵਿਚ ਭਾਰਤ ਦੀ ਕਿੰਨੀ ਕੁ ਆਵਾਜ਼ ਸੁਣੀ ਜਾਂਦੀ ਹੈ। ਉਨ੍ਹਾਂ ਕਿਹਾ, ‘‘ਵਿਰੋਧੀ ਧਿਰ ਨੂੰ ਖਾਮੋੋਸ਼ ਕਰਕੇ ਸਦਨ ਦੀ ਕਾਰਵਾਈ ਕਾਰਗਰ ਢੰਗ ਨਾਲ ਚਲਾਉਣ ਦਾ ਵਿਚਾਰ ਗੈਰ-ਜਮਹੂਰੀ ਹੈ।
ਲੋਕ ਸਭਾ ਚੋਣਾਂ ਨੇ ਦਿਖਾਇਆ ਹੈ ਕਿ ਭਾਰਤ ਦੇ ਲੋਕ ਵਿਰੋਧੀ ਧਿਰ ਤੋਂ ਆਸ ਕਰਦੇ ਹਨ ਕਿ ਉਹ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣਗੇ ਅਤੇ ਸਾਨੂੰ ਵਿਸ਼ਵਾਸ ਹੈ ਕਿ ਵਿਰੋਧੀ ਧਿਰ ਨੂੰ ਬੋਲਣ ਦੀ ਇਜਾਜ਼ਤ ਦੇ ਕੇ ਤੁਸੀਂ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਦੇ ਆਪਣੇ ਫ਼ਰਜ਼ ਨੂੰ ਪੂਰਾ ਕਰੋਗੇੇ।’’
ਉਧਰ ਸਮਾਜਵਾਦੀ ਪਾਰਟੀ, ਜੋ ਸਦਨ ਵਿਚ ਤੀਜੀ ਸਭ ਤੋਂ ਵੱਡੀ ਪਾਰਟੀ ਹੈ, ਦੇ ਆਗੂ ਅਖਿਲੇਸ਼ ਯਾਦਵ ਨੇ ਆਸ ਜਤਾਈ ਕਿ ਸੰਸਦ ਮੈਂਬਰਾਂ ਦੀ ਮੁਅੱਤਲੀ ਜਿਹੀ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਇਸ ਨਾਲ ਸਦਨ ਦੀ ਮਰਿਆਦਾ ਨੂੰ ਠੇਸ ਪੁੱਜਦੀ ਹੈ। ਯਾਦਵ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਤੁਸੀਂ ਬਿਨਾਂ ਕਿਸੇ ਪੱਖਪਾਤ ਦੇ ਅੱਗੇ ਵਧੋਗੇ ਤੇ ਸਪੀਕਰ ਵਜੋਂ ਤੁਸੀਂ ਸਾਰਿਆਂ ਨੂੰ ਬਰਾਬਰ ਮੌਕਾ ਤੇ ਹਰੇਕ ਪਾਰਟੀ ਨੂੰ ਸਤਿਕਾਰ ਦਿਓਗੇ। ਨਿਰਪੱਖਤਾ ਇਸ ਵੱਡੇ ਅਹੁਦੇ ਦੀ ਵੱਡੀ ਜ਼ਿੰਮੇਵਾਰੀ ਹੈ।’’ ਟੀਐੱਮਸੀ ਆਗੂ ਸੁਦੀਪ ਬੰਧੋਪਾਧਿਆਏ ਨੇ ਕਿਹਾ ਕਿ 17ਵੀਂ ਲੋਕ ਸਭਾ ਵਿਚ ਸੰਸਦ ਮੈਂਬਰਾਂ ਦੀ ਮੁਅੱਤਲੀ ਦੀ ‘ਆਸ ਨਹੀਂ’ ਸੀ। ਉਨ੍ਹਾਂ ਕਿਹਾ, ‘‘ਜਿੱਥੋਂ ਤੱਕ ਮੇਰਾ ਮੰਨਣਾ ਹੈ ਤੇ ਜਿੱਥੋਂ ਤੱਕ ਸੰਸਦੀ ਜਮਹੂਰੀ ਰਵਾਇਤ ਦੀ ਗੱਲ ਹੈ ਤਾਂ ਇਹ ਸਦਨ ਵਿਰੋਧੀ ਧਿਰ ਦਾ ਹੁੰਦਾ ਹੈ। ਸੱਤਾਧਾਰੀ ਪਾਰਟੀ ਨੂੰ ਇਹ ਮਨੋਬਿਰਤੀ ਅਪਣਾਉਣ ਦੀ ਲੋੜ ਹੈ।’’ ਡੀਐੱਮਕੇ ਦੇ ਟੀਆਰ ਬਾਲੂ ਨੇ ਸਪੀਕਰ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਨੂੰ ਵਿਰੋਧੀ ਤੇ ਸੱਤਾਧਾਰੀ ਧਿਰਾਂ ਨਾਲ ਇਕੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ। ਏਆਈਐੱਮਆਈਐੱਮ ਸੰਸਦ ਮੈਂਬਰ ਅਸਦੂਦੀਨ ਓਵਾਇਸੀ ਨੇ ਕਿਹਾ, ‘‘ਸਦਨ ਦਾ ਕਿਰਦਾਰ ਬਦਲ ਗਿਆ ਹੈ ਤੇ ਭਾਜਪਾ ਹੁਣ ਆਪਣੀ ਮਨਮਰਜ਼ੀ ਨਹੀਂ ਕਰ ਸਕੇਗੀ... ਮੈਂ ਆਸ ਕਰਦਾ ਹਾਂ ਕਿ ਸਰਕਾਰ ਡਿਪਟੀ ਸਪੀਕਰ ਦੀ ਚੋਣ ਕਰਕੇ ਤੁਹਾਡਾ ਬੋਝ ਘਟਾਏਗੀ।’’ ਸੀਪੀਐੱਮ ਦੇ ਅਮਰਾਮ, ਸ਼ਿਵ ਸੈਨਾ (ਯੂਬੀਟੀ) ਦੇ ਆਗੂ ਅਰਵਿੰਦ ਸਾਵੰਤ, ਐੱਨਸੀਪੀ (ਐੱਸਪੀ) ਦੀ ਸੁਪ੍ਰਿਆ ਸੂਲੇ, ਆਰਐੱਸਪੀ ਐੱਮਪੀ ਐੱਨਕੇ ਪ੍ਰੇਮਚੰਦਰਨ ਨੇ ਵੀ ਬਿਰਲਾ ਨੂੰ ਵਧਾਈ ਦਿੰਦਿਆਂ ਆਸ ਜਤਾਈ ਕਿ ਲੋਕ ਸਭਾ ਵਿਚ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਨਹੀਂ ਮਧੋਲਿਆ ਜਾਵੇਗਾ। -ਪੀਟੀਆਈ

Advertisement
Advertisement