ਓਲੰਪਿਕ: ਕਾਹਨੇਕੇ ਦੇ ਵਸਨੀਕਾਂ ਨੂੰ ਅਕਸ਼ਦੀਪ ਤੋਂ ਵੱਡੀਆਂ ਆਸਾਂ
ਲਖਵੀਰ ਸਿੰਘ ਚੀਮਾ
ਟੱਲੇਵਾਲ, 24 ਜੁਲਾਈ
ਪੈਰਿਸ ਵਿਚ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਪਹਿਲੇ ਭਾਰਤੀ ਖਿਡਾਰੀ ਅਕਸ਼ਦੀਪ ਸਿੰਘ ਤੋਂ ਭਾਰਤ ਨੂੰ ਮੈਡਲ ਦੀਆਂ ਵੱਡੀਆਂ ਆਸਾਂ ਹਨ।
ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦਾ 20 ਸਾਲਾ ਅਕਸ਼ਦੀਪ ਸਿੰਘ ਓਲੰਪਿਕ ਵਿੱਚ ਭਾਰਤ ਵਲੋਂ ਓਪਨ ਰੇਸ ਵਾਕਿੰਗ ਖੇਡ ਲਈ ਪੈਰਿਸ ਪਹੁੰਚ ਗਿਆ ਹੈ। ਇਸ ਮੁਕਾਮ ਤੱਕ ਪੁੱਜਣ ਲਈ ਅਕਸ਼ਦੀਪ ਨੂੰ 10 ਸਾਲਾ ਦਾ ਸਮਾਂ ਲੱਗਿਆ ਹੈ। ਉਹ ਆਪਣੇ ਸ਼ੁਰੂਆਤੀ ਦੌਰ ਵਿੱਚ ਸਾਲ 2014-15 ਦੌਰਾਨ ਰਜਵਾਹੇ ਦੀ ਪਟੜੀ ’ਤੇ ਅਭਿਆਸ ਕਰਦਾ ਹੁੰਦਾ ਸੀ। ਉਪਰੰਤ ਉਸ ਨੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਚ ਅਭਿਆਸ ਕੀਤਾ। ਲਗਾਤਾਰ ਕਰੀਬ 4 ਸਾਲ ਤੋਂ ਬੰਗਲੂਰੂ ਵਿਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਿੱਚ ਤਿਆਰੀ ਕੀਤੀ। ਅਕਸ਼ਦੀਪ ਨੇ ਓਪਨ ਰੇਸ ਵਾਕਿੰਗ ਵਿੱਚ ਕੌਮੀ ਰਿਕਾਰਡ ਵੀ ਤੋੜਿਆ ਹੈ ਅਤੇ 20 ਕਿਲੋਮੀਟਰ ਓਪਨ ਰੇਡ ਵਾਕਿੰਗ ਉਸ ਨੇ ਕੇਵਲ 1 ਘੰਟਾ 19 ਮਿੰਟ 38 ਸੈਕਿੰਡ ਵਿੱਚ ਪੂਰੀ ਕਰਕੇ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਪਹਿਲਾਂ ਉਸ ਦਾ ਭਾਰਤੀ ਰਿਕਾਰਡ 1 ਘੰਟਾ 19 ਮਿੰਟ 55 ਸੈਕਿੰਡ ਸੀ। ਅਕਸ਼ਦੀਪ ਦੇ ਪਰਿਵਾਰ ਸਮੇਤ ਕੋਚ ਜਸਪ੍ਰੀਤ ਸਿੰਘ ਸਮੇਤ ਸਮੁੱਚਾ ਦੇਸ਼ ਓਲੰਪਿਕ ਗੋਲਡ ਮੈਡਲ ਜਿੱਤਣ ਦੀ ਉਮੀਦ ਵਿੱਚ ਹੈ। ਸੂਬਾ ਸਰਕਾਰ ਵੱਲੋਂ ਤਿਆਰੀ ਲਈ ਦਿੱਤੀ 11 ਲੱਖ ਰੁਪਏ ਦੇ ਸਹਿਯੋਗ ਨੇ ਵੀ ਹੌਂਸਲਾ ਵਧਾਇਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਦੋ ਖਿਡਾਰੀ ਅੰਤਰਰਾਸ਼ਟਰੀ ਖੇਡਾਂ ਵਿੱਚ ਨਾਮਣਾ ਖੱਟ ਚੁੱਕੇ ਹਨ। 1971 ਏਸ਼ੀਅਨ ਖੇਡਾਂ ਦੌਰਾਨ ਹਾਕਮ ਸਿੰਘ ਭੱਠਲ ਨੇ ਓਪਨ ਰੇਸ ਵਾਕਿੰਗ ਵਿੱਚ ਗੋਲਡ ਅਤੇ 2006 ਵਿੱਚ ਹਰਪ੍ਰੀਤ ਹੈਪੀ ਨੇ ਬਾਕਸਿੰਗ ਵਿੱਚ ਮੈਲਬੌਰਨ ਦੀਆਂ ਕਾਮਨਵੈਲਥ ਖੇਡਾਂ ਵਿੱਚ ਸਿਲਵਰ ਮੈਡਲ ਦੇਸ਼ ਦੀ ਝੋਲੀ ਪਾਇਆ ਸੀ। ਅਕਸ਼ਦੀਪ ਸਿੰਘ ਓਲੰਪਿਕ ਖੇਡਾਂ ’ਚ ਜ਼ਿਲ੍ਹੇ ਵੱਲੋਂ ਖੇਡਣ ਵਾਲਾ ਪਹਿਲਾ ਖਿਡਾਰੀ ਹੈ।