ਓਲੰਪਿਕ ਤਗਮੇ ਜੇਤੂ ਮਨੂ ਭਾਕਰ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਸਤੰਬਰ
ਓਲੰਪਿਕ ਖੇਡਾਂ ਵਿੱਚੋਂ ਦੋ ਕਾਂਸੇ ਦੇ ਤਗਮੇ ਜਿੱਤਣ ਵਾਲੀ ਮਹਿਲਾ ਖਿਡਾਰੀ ਮਨੂ ਭਾਕਰ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਸਮਤੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਹੈ ਅਤੇ ਸਫ਼ਲਤਾ ਦੇ ਸ਼ੁਕਰਾਨੇ ਵਜੋਂ ਅਰਦਾਸ ਕੀਤੀ। ਉਸ ਨੇ ਕੁਝ ਸਮਾਂ ਹਰਿਮੰਦਰ ਸਾਹਿਬ ਸਮੂਹ ਵਿਖੇ ਬਿਤਾਇਆ। ਮਨੂ ਨੇ ਆਖਿਆ ਕਿ ਇੱਥੇ ਆ ਕੇ ਉਸ ਨੂੰ ਰੂਹਾਨੀ ਆਨੰਦ ਮਿਲਿਆ ਹੈ। ਉਸ ਨੇ ਕਿਹਾ ਕਿ ਭਾਵੇਂ ਉਹ ਪਹਿਲੀ ਵਾਰ ਆਈ ਹੈ ਪਰ ਉਸ ਦਾ ਮਨ ਕਰਦਾ ਹੈ ਕਿ ਉਹ ਹਰ ਸਾਲ ਇਥੇ ਆਇਆ ਕਰੇ। ਉਸ ਨੇ ਗੁਰੂ ਘਰ ਮੱਥਾ ਟੇਕਿਆ ਤੇ ਕੁਝ ਸਮਾਂ ਕੀਰਤਨ ਵੀ ਸੁਣਿਆ। ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਗੁਰੂ ਘਰ ਵਿਖੇ ਨਤਮਸਤਕ ਹੋਣਾ ਚਾਹੁੰਦੀ ਸੀ ਅਤੇ ਅੱਜ ਉਸ ਨੂੰ ਮੌਕਾ ਮਿਲਿਆ ਹੈ। ਇਹ ਸੱਚਮੁੱਚ ਰੂਹਾਨੀ ਅਸਥਾਨ ਹੈ ਅਤੇ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲੀ ਹੈ। ਨੌਜਵਾਨਾਂ ਨੂੰ ਦਿੱਤੇ ਸੰਦੇਸ਼ ਵਿੱਚ ਉਸ ਨੇ ਆਖਿਆ ਕਿ ਨੌਜਵਾਨ ਸਫ਼ਲਤਾ ਦੀ ਪ੍ਰਾਪਤੀ ਵਾਸਤੇ ਪਹਿਲਾਂ ਟੀਚਾ ਨਿਰਧਾਰਿਤ ਕਰਨ ਅਤੇ ਬਾਅਦ ਵਿੱਚ ਟੀਚੇ ਦੀ ਪ੍ਰਾਪਤੀ ਵਾਸਤੇ ਨੇਕ ਨੀਅਤ ਨਾਲ ਸਖ਼ਤ ਮਿਹਨਤ ਕਰਨ। ਮਨੂ ਨੇ ਕਿਹਾ ਕਿ ਜਦੋਂ ਕੋਈ ਸਾਫ਼ ਨੀਅਤ ਨਾਲ ਸਖ਼ਤ ਮਿਹਨਤ ਕਰਦਾ ਹੈ ਤਾਂ ਉਸ ਨੂੰ ਪਰਮਾਤਮਾ ਜ਼ਰੂਰ ਫਲ ਦਿੰਦਾ ਹੈ। ਉਸ ਨੇ ਆਖਿਆ ਕਿ ਉਹ ਭਵਿੱਖ ’ਚ ਵੀ ਦੇਸ਼ ਵਾਸਤੇ ਮੈਡਲ ਜਿੱਤਣ ਲਈ ਸਖ਼ਤ ਮਿਹਨਤ ਕਰਦੀ ਰਹੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਚਨਾ ਕੇਂਦਰ ਵਿੱਚ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਤੇ ਹੋਰਨਾਂ ਵੱਲੋਂ ਮਨੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਪਰਿਵਾਰ ਸਮੇਤ ਬੀਤੀ ਸ਼ਾਮ ਅਟਾਰੀ ਸਰਹੱਦ ’ਤੇ ਪੁੱਜੀ ਸੀ, ਜਿੱਥੇ ਉਸ ਨੇ ਝੰਡਾ ਉਤਾਰਨ ਦੀ ਰਸਮ ਦੇਖੀ।