ਓਲੰਪਿਕ ਸੋਨ ਤਗ਼ਮਾ ਜੇਤੂ ਤੀਰਅੰਦਾਜ਼ ਹਰਵਿੰਦਰ ਬਣਿਆ ਸਵੀਪ ਅੰਬੈਸਡਰ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 18 ਸਤੰਬਰ
ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਭਾਰਤੀ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਕੈਥਲ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਸਵੀਪ ਅੰਬੈਸਡਰ ਬਣਾਇਆ ਹੈ। ਕੈਥਲ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਸਵੀਪ ਅਭਿਆਨ ਦੇ ਨੋਡਲ ਅਧਿਕਾਰੀ ਦੀਪਕ ਬਾਬੂ ਲਾਲ ਕਰਵਾ ਨੇ ਹਰਵਿੰਦਰ ਸਿੰਘ ਦੇ ਪਿੰਡ ਅਜੀਤ ਨਗਰ ਜਾ ਕੇ ਉਸ ਨੂੰ ਸਵੀਪ ਮੋਮੈਂਟੋ ਸੌਂਪਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਹਰਵਿੰਦਰ ਸਿੰਘ ਨੂੰ ਪੀਐੱਨਬੀ ਬੈਂਕ ਦੇ ਸਹਿਯੋਗ ਨਾਲ 11 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਆ। ਏਡੀਸੀ ਦੀਪਕ ਬਾਬੂ ਲਾਲ ਕਰਵਾ ਨੇ ਦੱਸਿਆ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਜ਼ਿਲ੍ਹਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਨੌਜਵਾਨ ਖਿਡਾਰੀ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ’ਚ ਸਫ਼ਲ ਹੋਵੇਗਾ। ਹਰਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਵੋਟ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇੱਕ ਅਧਿਕਾਰ ਦੇ ਨਾਲ-ਨਾਲ ਇਹ ਸਭ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ।
ਉਸ ਨੇ ਕਿਹਾ ਕਿ ਹਰੇਕ ਵੋਟਰ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਹਰਵਿੰਦਰ ਸਿੰਘ ਨੇ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇੱਕ-ਇੱਕ ਵੋਟ ਮਹੱਤਵਪੂਰਨ ਹੁੰਦੀ ਹੈ।
ਉਸ ਨੇ ਕਿਹਾ ਕਿ ਉਹ ਵੱਖ ਵੱਖ ਤਰੀਕਿਆਂ ਨਾਲ ਵੋਟਰਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਲਈ ਜਾਗਰੂਕ ਕਰੇਗਾ। ਇਸ ਮੌਕੇ ਡੀਐੱਸਓ ਰਾਜ ਰਾਣੀ, ਬੀਡੀਪੀਓ ਨੇਹਾ ਸ਼ਰਮਾ, ਐੱਲਡੀਐੱਮ ਐੱਸ ਕੇ ਨੰਦਾ, ਕੋਚ ਗੁਰਮੀਤ, ਇੰਦਰ, ਰਾਜੇਸ਼, ਸਤਨਾਮ, ਸਚਿਨ, ਵਿਜੈ, ਹਰਵਿੰਦਰ ਦੇ ਪਿਤਾ ਪਰਮਜੀਤ ਅਤੇ ਸਾਬਕਾ ਡੀਐੱਸਓ ਸੁਖਦੇਵ ਹਾਜ਼ਰ ਸਨ।