ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਜਾਰੀ
ਹਤਿੰਦਰ ਮਹਿਤਾ
ਜਲੰਧਰ, 13 ਦਸੰਬਰ
ਐੱਸਟੀਸੀ ਕੁਰੂਕਸ਼ੇਤਰ, ਸਟੀਲ ਅਥਾਰਟੀ ਆਫ਼ ਇੰਡੀਆ, ਸੁਰਜੀਤ ਹਾਕੀ ਅਕੈਡਮੀ ਜਲੰਧਰ ਅਤੇ ਰਾਊਂਡ ਗਲਾਸ ਅਕੈਡਮੀ ਮੁਹਾਲੀ ਦੀਆਂ ਟੀਮਾਂ 24ਵੇਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ (ਅੰਡਰ- 19 ਲੜਕੇ) ਦੇ ਸੈਮੀ-ਫਾਈਨਲ ਵਿੱਚ ਪਹੁੰਚ ਗਈਆਂ ਹਨ। ਬੀਐੱਸਐੱਫ ਐਸਟਰੋਟਰਫ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਚਾਰ ਕੁਆਰਟਰ ਫਾਈਨਲ ਖੇਡੇ ਗਏ ਜਦਕਿ ਸੈਮੀਫਾਈਨਲ ਮੁਕਾਬਲੇ 14 ਦਸੰਬਰ ਨੂੰ ਖੇਡੇ ਜਾਣਗੇ। ਪਹਿਲਾ ਸੈਮੀਫਾਇਨਲ ਐੱਸਟੀਸੀ ਕੁਰਕਸ਼ੇਤਰ ਅਤੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਦਰਮਿਆਨ ਅਤੇ ਦੂਜਾ ਸੈਮੀ-ਫਾਈਨਲ ਰਾਊਂਡ ਗਲਾਸ ਅਕੈਡਮੀ ਮੁਹਾਲੀ ਅਤੇ ਸਟੀਲ ਅਥਾਰਟੀ ਆਫ਼ ਇੰਡੀਆ (ਸੇਲ ਅਕੈਡਮੀ) ਦਰਮਿਆਨ ਖੇਡਿਆ ਜਾਵੇਗਾ। ਪਹਿਲੇ ਕੁਆਰਟਰ ਫਾਈਨਲ ਵਿੱਚ ਐੱਸਟੀਸੀ ਕੁਰੂਕਸ਼ੇਤਰ ਨੇ ਸਪੋਰਟਸ ਹੋਸਟਲ ਸ਼ਾਹਬਾਦ ਨੂੰ ਸਖ਼ਤ ਮੁਕਾਬਲੇ ਮਗਰੋਂ 2-1 ਨਾਲ ਹਰਾਇਆ। ਦੂਜੇ ਕੁਆਰਟਰ ਫਾਈਨਲ ਮੈਚ ਵਿੱਚ ਸਟੀਲ ਅਥਾਰਿਟੀ ਆਫ਼ ਇੰਡੀਆ (ਸੇਲ ਇਲੈਵਨ) ਨੇ ਸਪੋਰਟਸ ਹਾਸਟਲ ਲਖਨਊ ਨੂੰ 1-0 ਨਾਲ ਹਰਾਇਆ। ਤੀਜੇ ਕੁਆਰਟਰ ਫਾਈਨਲ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਸੰਗਰੂਰ ਇਲੈਵਨ ਨੂੰ 5-2 ਨਾਲ ਹਰਾਇਆ। ਚੌਥੇ ਕੁਆਰਟਰ ਫਾਈਨਲ ਵਿੱਚ ਰਾਊਂਡ ਗਲਾਸ ਅਕੈਡਮੀ ਮੋਹਾਲੀ ਨੇ ਐੱਸਜੀਪੀਸੀ ਅਕੈਡਮੀ ਅੰਮ੍ਰਿਤਸਰ ਨੂੰ 7-1 ਦੇ ਫ਼ਰਕ ਨਾਲ ਹਰਾਇਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਦਵਿੰਦਰ ਸਿੰਘ ਗਰਚਾ, ਨਰਿੰਦਰ ਕੌਸ਼ਿਕ (ਨਿਕ ਕੈਲਗਰੀ), ਓਲੰਪੀਅਨ ਗੁਨਦੀਪ ਕੁਮਾਰ, ਇੰਦਰਦੀਪ ਸਿੰਘ, ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ, ਗੁਨਦੀਪ ਸਿੰਘ ਕਪੂਰ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਦਲਜੀਤ ਸਿੰਘ ਆਈਆਰਐੱਸ (ਕਸਟਮਜ਼), ਓਲੰਪੀਅਨ ਸੰਜੀਵ ਕੁਮਾਰ ਤੇ ਸੁਖਵਿੰਦਰ ਸਿੰਘ ਸੁੱਖਾ ਹਾਜ਼ਰ ਸਨ।
ਅੱਜ ਦੇ ਮੈਚ (ਸੈਮੀਫਾਈਨਲ)
ਐੱਸਟੀਸੀ ਕੁਰੂਕਸ਼ੇਤਰ ਅਤੇ ਸੁਰਜੀਤ ਹਾਕੀ ਅਕੈਡਮੀ ਜਲੰਧਰ: ਸਵੇਰੇ 11.00 ਵਜੇ ਰਾਊਂਡ ਗਲਾਸ ਅਕੈਡਮੀ ਮੁਹਾਲੀ ਅਤੇ ਸਟੀਲ ਅਥਾਰਟੀ ਆਫ਼ ਇੰਡੀਆ (ਸੇਲ ਅਕੈਡਮੀ): ਬਾਅਦ ਦੁਪਹਿਰ 1.30 ਵਜੇ