ਵੋਟ ਪਾਉਣ ਵਿੱਚ ਵਡੇਰੀ ਉਮਰ ਦੇ ਲੋਕ ਵੀ ਪਿੱਛੇ ਨਹੀਂ
ਮਨੋਜ ਸ਼ਰਮਾ
ਬਠਿੰਡਾ, 15 ਅਕਤੂਬਰ
ਪਿੰਡ ਮੀਆਂ ਵਿਚ ਪੰਚਾਇਤੀ ਚੋਣਾਂ ਦੌਰਾਨ 113 ਸਾਲਾ ਬਜ਼ੁਰਗ ਮਾਤਾ ਦਲੀਪ ਕੌਰ ਨੇ ਵੋਟ ਪਾਈ। ਉਨ੍ਹਾਂ ਨੂੰ ਉਸ ਦਾ ਛੋਟਾ ਪੁੱਤਰ ਸੁਖਦੇਵ ਸਿੰਘ ਪੋਲਿੰਗ ਸਟੇਸ਼ਨ ਲੈ ਕੇ ਆਇਆ ਜਦਕਿ ਦਲੀਪ ਕੌਰ ਦੀ ਵੱਧ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਘਰ ਵਿੱਚ ਹੀ ਵੋਟ ਪਵਾਉਣ ਲਈ ਸਹੂਲਤ ਦੇਣੀ ਬਣਦੀ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਘਰ ਵਿੱਚ ਹੀ ਵੱਡੀ ਉਮਰ ਦੇ ਲੋਕਾਂ ਦੀਆਂ ਵੋਟਾਂ ਪਵਾਈਆਂ ਗਈਆਂ ਸਨ। ਇਥੇ ਹੀ ਬਸ ਨਹੀਂ ਚੋਣ ਅਮਲਾ ਬਜ਼ੁਰਗਾਂ ਲਈ ਵੀਲ੍ਹ ਚੇਅਰ ਦਾ ਵੀ ਪ੍ਰਬੰਧ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ ਦਲੀਪ ਕੌਰ ਨਾ ਤਾ ਦੇਖ ਸਕਦੀ ਹੈ ਅਤੇ ਨਾਂ ਹੀ ਉਨ੍ਹਾਂ ਨੂੰ ਸੁਣਾਈ ਦਿੰਦਾ ਹੈ।
ਨਥਾਣਾ (ਭਗਵਾਨ ਦਾਸ ਗਰਗ): ਇਸ ਖੇਤਰ ਦੇ ਲੋਕਾਂ ਨੇ ਪੰਚਾਇਤ ਚੋਣਾਂ ਵਿਚ ਦਿਲਚਸਪੀ ਅਤੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਪਿੰਡ ਢੇਲਵਾਂ ਦੀ ਸਰਪੰਚੀ ਖਾਤਰ ਦੋ ਸਕੇ ਭਰਾਵਾਂ ਦੀਆਂ ਪਤਨੀਆਂ ਦਰਮਿਆਨ ਸਿੱਧਾ ਮੁਕਾਬਲਾ ਹੋਇਆ ਪਰ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ।
ਉਮੀਦਵਾਰਾਂ ਦੇ ਸਮਰਥਕਾਂ ਜਾਂ ਵੋਟਰਾਂ ਵਿਚਕਾਰ ਕਿਧਰੇ ਵੀ ਤਲਖ਼ੀ ਜਾਂ ਤਣਾਅ ਵਾਲਾ ਮਾਹੌਲ ਦਿਖਾਈ ਨਹੀਂ ਦਿੱਤਾ। ਪਿੰਡ ਗਿੱਦੜ ਦੀ 106 ਸਾਲਾ ਮਾਤਾ ਹਰਬੰਸ ਕੌਰ ਅਤੇ ਪੂਹਲਾ ਦੇ ਬਾਜ਼ੀਗਰ ਭਾਈਚਾਰੇ ਨਾਲ ਸਬੰਧਿਤ 101 ਸਾਲਾ ਮਾਤਾ ਦਾਨੀ ਕੌਰ ਨੇ ਵੋਟਾਂ ਪਾਈਆਂ। ਇਸ ਦੌਰਾਨ ਬਜ਼ੁਰਗਾਂ ਨੇ ਪੂਰੇ ਜਜ਼ਬੇ ਨਾਲ ਵੋਟਾਂ ਪਾਈਆਂ।
ਪਾਇਲ (ਦੇਵਿੰਦਰ ਜੱਗੀ): ਇੱਥੋਂ ਨੇੜਲੇ ਪਿੰਡ ਬੁਆਣੀ ਦੇ 91 ਸਾਲਾ ਬੀਬੀ ਤੇਜ ਕੌਰ ਆਪਣੇ ਪੁੱਤਰ ਜਸਵੀਰ ਝੱਜ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ ’ਤੇ ਪੁੱਜੇ, ਜਿਨ੍ਹਾਂ ਆਪਣੀ ਵੋਟ ਪਾਉਣ ਤੋਂ ਬਾਅਦ ਵੋਟਰ ਕਾਰਡ ਤੇ ਉਂਗਲ਼ ’ਤੇ ਲੱਗਿਆ ਨਿਸ਼ਾਨ ਦਿਖਾਉਂਦੇ ਹੋਏ ਫੋਟੋ ਵੀ ਖਿਚਵਾਈ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ। ਮਾਤਾ ਤੇਜ ਕੌਰ ਨੇ ਕਿਹਾ ਕਿ ਨਵੀਂ ਬਣੀ ਪੰਚਾਇਤ ਨੂੰ ਪਿੰਡ ਦਾ ਸਰਵਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ ਹੈ ਤਾਂ ਹੀ ਪਿੰਡ ਦਾ ਵਿਕਾਸ ਤੇ ਭਲਾ ਹੋ ਸਕਦਾ ਹੈ ਤੇ ਲੋਕ ਭਲਾਈ ਕਾਰਜਾਂ ਨਾਲ ਹੀ ਪਿੰਡ ਤਰੱਕੀ ਕਰ ਸਕਦਾ ਹੈ। ਇਸ ਮੌਕੇ ਰੰਗ ਕਰਮੀ ਮਨੂੰ ਬੁਆਣੀ ਤੇ ਹੋਰ ਮੋਹਤਬਰ ਮੌਜੂਦ ਸਨ।