For the best experience, open
https://m.punjabitribuneonline.com
on your mobile browser.
Advertisement

ਪੁਰਾਣੇ ਜ਼ਖ਼ਮ ਮੁੜ ਤਾਜ਼ਾ ਹੋਏ

10:36 AM Jul 07, 2024 IST
ਪੁਰਾਣੇ ਜ਼ਖ਼ਮ ਮੁੜ ਤਾਜ਼ਾ ਹੋਏ
Advertisement

ਡਾ. ਤਰਲੋਚਨ ਕੌਰ*

‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਅੰਕ (23 ਜੂਨ) ਵਿੱਚ ਆਤਮਜੀਤ ਦਾ ਲੇਖ ‘ਅਮਰੀਕਾ ’ਚ ਸਿੱਖਾਂ ਦੀ ਪਛਾਣ ਦਾ ਮਸਲਾ’ ਪੜ੍ਹ ਕੇ ਆਪਣੇ ਨਾਲ ਇੰਗਲੈਂਡ ਵਿੱਚ ਵਾਪਰੀ ਇੱਕ ਪੁਰਾਣੀ ਘਟਨਾ ਮੁੜ ਚੇਤੇ ਆ ਗਈ। ਸਿੱਖਾਂ ਦੀ ਪਛਾਣ ਦੀ ਸਮੱਸਿਆ ਸਿਰਫ਼ ਅਮਰੀਕਾ ਵਿੱਚ ਹੀ ਨਹੀਂ ਸਗੋਂ ਇੰਗਲੈਂਡ ਵਿੱਚ ਇਸ ਤੋਂ ਵੀ ਵੱਧ ਹੈ। ਪਗੜੀਧਾਰੀ ਹੋਣ ਕਾਰਨ ਐਰੋਨਾਟਿਕ ਇੰਜੀਨੀਅਰ ਦੀ ਨੌਕਰੀ ਲੈਣ ਲਈ ਪੁੱਤਰ ਨੂੰ ਕਈ ਵਾਰੀ ਪੱਖਪਾਤ ਦਾ ਸਾਹਮਣਾ ਕਰਨਾ ਪਿਆ। ਚਾਲੀ ਅਸਾਮੀਆਂ ਵਿੱਚੋਂ ਵੀ ਦੋ ਸਿੱਖ ਬੱਚਿਆਂ ਨੂੰ ਨੌਕਰੀ ਤੋਂ ਇਸ ਲਈ ਜਵਾਬ ਦੇ ਦਿੱਤਾ ਗਿਆ ਕਿਉਂਕਿ ਉਹ ਪੱਗ ਵਾਲੇ ਸਰਦਾਰ ਸਨ। ਗੱਲ ਅਕਤੂਬਰ 2007 ਦੀ ਹੈ। 2003 ਤੋਂ 2005 ਤੱਕ ਸਾਡੇ ਦੋਵੇਂ ਬੱਚੇ ਪੁੱਤਰ ਅਤੇ ਧੀ ਸਟੱਡੀ ਵੀਜ਼ਾ ਤੇ ਯੂ ਕੇ ਪਹੁੰਚ ਚੁੱਕੇ ਸਨ। ਇਸ ਲਈ ਅਸੀਂ ਵੀ ਦੋਵੇਂ ਪਤੀ ਪਤਨੀ ਛੁੱਟੀ ਲੈ ਕੇ ਬੱਚਿਆਂ ਕੋਲ ਪਹੁੰਚ ਗਏ। ਹਰ ਵਾਰ ਨੌਕਰੀ ਲਈ ਭੇਦ-ਭਾਵ ਨੂੰ ਦੇਖਦਿਆਂ 2006 ਵਿੱਚ ਪੁੱਤਰ ਨੇ ਸਟੋਰ ਖ਼ਰੀਦ ਲਿਆ। ਇਸ ਲਈ ਉਸ ਦੀ ਮਦਦ ਲਈ ਵੀ ਉੱਥੇ ਜਾਣਾ ਜ਼ਰੂਰੀ ਸੀ। ਸਾਡਾ ਫਲੈਟ ਵੀ ਸਟੋਰ ਦੇ ਉੱਪਰ ਹੀ ਸੀ।
ਇੱਕ ਦਿਨ ਸ਼ਾਮ ਨੂੰ ਅਸੀਂ ਦੋਵੇਂ ਪਤੀ ਪਤਨੀ ਸੈਰ ਲਈ ਹੇਠਾਂ ਆਏ ਤੇ ਸਟੋਰ ਦੇ ਨਾਲ ਵਾਲੀ ਚੌੜੀ ਸੜਕ ’ਤੇ ਪੈਦਲ ਚੱਲਣ ਲੱਗੇ। ਇੰਨੇ ਵਿੱਚ ਅਸੀਂ ਤਿੰਨ-ਚਾਰ ਮੁੰਡਿਆਂ ਨੂੰ ਸਾਹਮਣੇ ਪਾਸੇ ਬਣੀ ਕੋਠੀ ਦੇ ਬਾਹਰ ਗੱਲਾਂ ਕਰਦੇ ਦੇਖਿਆ। ਅਸੀਂ ਉਨ੍ਹਾਂ ਵੱਲ ਕੋਈ ਧਿਆਨ ਨਾ ਦਿੱਤਾ। ਅਸੀਂ ਦਸ-ਬਾਰਾਂ ਕਦਮ ਹੀ ਗਏ ਸੀ ਕਿ ਉਨ੍ਹਾਂ ਵਿੱਚੋਂ ਇੱਕ ਮੁੰਡੇ ਨੇ ਪੱਥਰ ਚੁੱਕਿਆ ਤੇ ਹੱਥ ਵਿੱਚ ਫੜੀ ਕਾਪੀ ਵਿੱਚੋਂ ਕਾਗ਼ਜ਼ ਵਿੱਚ ਲਪੇਟ ਕੇ ਪੂਰੇ ਜ਼ੋਰ ਨਾਲ ਸਾਡੇ ਵੱਲ ਵਗਾਹ ਮਾਰਿਆ। ਪੱਥਰ ਸਿੱਧਾ ਮੇਰੇ ਪਤੀ ਦੀ ਸੱਜੀ ਅੱਖ ’ਤੇ ਵੱਜਿਆ ਤੇ ਮਿੰਟਾਂ ਸਕਿੰਟਾਂ ਵਿੱਚ ਪੂਰੀ ਅੱਖ ਸੁੱਜ ਗਈ। ਮੈਂ ਭੱਜ ਕੇ ਸਟੋਰ ’ਚ ਖੜ੍ਹੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਪਰ ਜਦੋਂ ਤੱਕ ਉਹ ਆਇਆ ‘ਉਹ ਬਿਨ ਲਾਦੇਨ ਬਿਨ ਲਾਦੇਨ’ ਕਹਿੰਦੇ ਹੋਏ ਉੱਥੋਂ ਚਲੇ ਗਏ। ਅਸੀਂ ਪਹਿਲਾਂ ਹਸਪਤਾਲ ਗਏ, ਫਿਰ ਪੁਲੀਸ ਕੋਲ ਗਏ। ਇਸ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ ਤੇ ਨਾ ਹੀ ਕਿਸੇ ਨੂੰ ਕੋਈ ਸਜ਼ਾ ਮਿਲੀ। ਇਨ੍ਹਾਂਂ ਦਿਨਾਂ ਵਿੱਚ ਹੀ ਸਿੱਖ ਟੈਕਸੀ ਡਰਾਈਵਰਾਂ ਦੀ ਰਾਤ ਵੇਲੇ ਕੁੱਟ-ਮਾਰ ਦੇ ਕਈ ਮਾਮਲੇ ਸਾਹਮਣੇ ਆਏ। ਯੂ ਕੇ ਦੇ ਸ਼ਹਿਰ ਬ੍ਰਿਸਟਲ ਵਿੱਚ ਜਿੱਥੇ ਅਸੀਂ ਰਹਿੰਦੇ ਸੀ ਮੈਂ ਉੱਥੇ ਵੱਸਦੀ ਸਿੱਖ ਕਮਿਊਨਿਟੀ ਨੂੰ ਇਨ੍ਹਾਂ ਘਟਨਾਵਾਂ ਤੋਂ ਜਾਣੂੰ ਕਰਵਾਉਣ ਲਈ ਉੱਥੇ ਦੇ ਦੋਵੇਂ ਗੁਰਦੁਆਰਿਆਂ ਵਿੱਚ ਹਰ ਹਫ਼ਤੇ ਕਈ ਲੈਕਚਰ ਦਿੱਤੇ ਅਤੇ ਉਨ੍ਹਾਂ ਨੂੰ ਆਪਣੀ ਸਹੀ ਪਛਾਣ ਆਮ ਗੋਰਿਆਂ ਤੱਕ ਪਹੁੰਚਾਉਣ ਲਈ ਕਈ ਰਾਹ ਸੁਝਾਏ। ਗੁਰਦੁਆਰਾ ਕਮੇਟੀ ਦੇ ਮੈਂਬਰ ਇਕੱਠੇ ਹੋ ਕੇ ਕੌਂਸਲਰ ਨੂੰ ਮਿਲੇ। ਉਨ੍ਹਾਂ ਨੇ ਵਿਸਾਖੀ ’ਤੇ ਕੱਢੇ ਜਾਂਦੇ ਨਗਰ ਕੀਰਤਨ ਵਿੱਚ ਦੋਵਾਂ ਆਲਮੀ ਜੰਗਾਂ ਵਿੱਚ ਸਿੱਖਾਂ ਵੱਲੋਂ ਕੀਤੀਆਂ ਲਾਸਾਨੀ ਸ਼ਹਾਦਤਾਂ ਬਾਰੇ ਛਾਪ ਕੇ ਪਰਚੇ ਵੀ ਵੰਡੇ। ਅਸਲ ਵਿੱਚ ਜਿੱਥੋਂ ਤੱਕ ਪੁਰਾਣੇ ਗੋਰਿਆਂ ਦਾ ਸੰਬੰਧ ਹੈ, ਉਹ ਇਸ ਫ਼ਰਕ ਨੂੰ ਵੀ ਸਮਝਦੇ ਹਨ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਵੀ ਜਾਣਦੇ ਹਨ। ਇਸੇ ਲਈ ਉਹ ਪੂਰੀ ਇੱਜ਼ਤ ਵੀ ਕਰਦੇ ਹਨ, ਪਰ ਨਵੀਂ ਪੀੜ੍ਹੀ ਇਸ ਸਭ ਤੋਂ ਅਣਜਾਣ ਹੈ। ਮੈਂ ਸਮਝਦੀ ਹਾਂ ਇਸ ਟਕਰਾਅ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨੌਜਵਾਨ ਬੱਚੇ ਇਹ ਸਮਝਦੇ ਹਨ ਕਿ ਅਸੀਂ ਬਾਹਰੋਂ ਆ ਕੇ ਉਨ੍ਹਾਂ ਦੇ ਵਸੀਲਿਆਂ ’ਤੇ ਕਬਜ਼ਾ ਕਰ ਲਿਆ ਹੈ। ਪੰਜਾਬੀ ਸੁਭਾਅ ਵਜੋਂ ਮਿਹਨਤੀ ਹਨ।
ਇਸ ਸਬੰਧੀ ਅਸੀਂ ਕਈ ਵਾਰੀ ਉਨ੍ਹਾਂ ਨੂੰ ਰੈਲੀਆਂ ਤੇ ਜਲੂਸ ਕੱਢਦੇ ਦੇਖਿਆ ਹੈ। ਦੂਜਾ ਉਹ ਈਰਖਾ ਕਰਦੇ ਹਨ ਕਿ ਗੋਰਿਆਂ ਦੇ ਬੱਚੇ ਸਾਡੇ ਕੋਲ ਨੌਕਰੀ ਕਿਉਂ ਕਰਨ? ਸਾਡੇ ਸਟੋਰ ਨੇੜੇ ਵੀ ਸੱਤ-ਅੱਠ ਗੋਰੇ ਬੱਚੇ ਸਵੇਰੇ ਘਰਾਂ ਵਿੱਚ ਅਖ਼ਬਾਰਾਂ ਸੁੱਟਦੇ ਸਨ। ਇਸ ਲਈ ਇਸ ਟਕਰਾਅ ਤੋਂ ਬਚਣ ਲਈ ਸਾਨੂੰ ਮੁਸਲਮਾਨਾਂ ਤੋਂ ਆਪਣੀ ਵੱਖਰੀ ਪਛਾਣ ਬਾਰੇ ਦੱਸਣਾ ਹੋਵੇਗਾ। ਇਹ ਯਕੀਨ ਵੀ ਦਿਵਾਉਣਾ ਹੋਵੇਗਾ ਕਿ ਅਸੀਂ ਜੋ ਕੁਝ ਵੀ ਹਾਸਿਲ ਕੀਤਾ ਹੈ ਉਹ ਆਪਣੀ ਮਿਹਨਤ ਨਾਲ ਕੀਤਾ ਹੈ।

Advertisement

* ਸੇਵਾਮੁਕਤ ਐਸੋਸੀਏਟ ਪ੍ਰੋਫੈਸਰ, ਪਟਿਆਲਾ।
ਸੰਪਰਕ: 77107-21619

Advertisement

Advertisement
Author Image

sukhwinder singh

View all posts

Advertisement