ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ‘ਆਪ’ ਤੋਂ ਖ਼ਫ਼ਾ
ਸੁਰਜੀਤ ਮਜਾਰੀ
ਨਵਾਂ ਸ਼ਹਿਰ, 5 ਜੂਨ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮੀਟਿੰਗ ਇੱਥੇ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਓਮਕਾਰ ਸ਼ੀਹਮਾਰ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ ਪਰ ਇਸ ਸਬੰਧੀ ਨੋਟੀਫਿਕੇਸ਼ਨ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ। ਸਰਕਾਰ ਇਸ ਸਬੰਧੀ ਗੱਲਬਾਤ ਲਈ ਜਥੇਬੰਦੀ ਨੂੰ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਵੀ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਡੰਗ ਟਪਾਊ ਨੀਤੀਂ ਤੋਂ ਤੰਗ ਆ ਕੇ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਤੇ ਸੀਪੀਐਫ ਐਂਪਲਾਈਜ਼ ਦੋਵੇਂ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿੱਚ ਸਰਕਾਰ ਨੂੰ ਘੇਰਨ ਲਈ 12 ਜੂਨ ਨੂੰ ਲੁਧਿਆਣਾ ’ਚ ਝੰਡਾ ਮਾਰਚ ਕਰ ਕੇ ‘ਆਪ’ ਦੀ ਵਾਅਦਾਖ਼ਿਲਾਫ਼ੀ ਦੀ ਪੋਲ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਐਕਸ਼ਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨਾਲ ਸੀਪੀਐੱਫ ਯੂਨੀਅਨ ਪੰਜਾਬ ਵੀ ਸੰਘਰਸ਼ ਕਰੇਗੀ ਤੇ ਬਾਕੀ ਭਰਾਤਰੀ ਜਥੇਬੰਦੀਆਂ ਵੀ ਪਹੁੰਚਣਗੀਆਂ। ਇਸ ਮੌਕੇ ਰਜਿੰਦਰ ਕੁਮਾਰ, ਸੁਰਿੰਦਰਜੀਤ ਸੰਘਾ, ਅਜੈ ਕੁਮਾਰ, ਰਣਜੀਤ ਵਰਮਾ, ਮਨੋਹਰ ਲਾਲ, ਜੋਤੀ, ਵੈਦ ਸਪਨਾ ਪਰਹਾਲ, ਜਤਿੰਦਰ ਕਾਟਲ, ਨੀਲਮ, ਨਵਨੀਤ ਕੌਰ ਆਦਿ ਹਾਜ਼ਰ ਸਨ।