ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਨੇ ਯੂਪੀਐੱਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਪੱਤਰ ਪ੍ਰੇਰਕ
ਮੁਕੇਰੀਆਂ, 4 ਫਰਵਰੀ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਇਕਾਈ ਮੁਕੇਰੀਆਂ ਦੇ ਪ੍ਰਧਾਨ ਰਜਤ ਮਹਾਜਨ ਅਤੇ ਜਨਰਲ ਸਕੱਤਰ ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਯੂਪੀਐੱਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਆਗੂਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਤੀ 25 ਜਨਵਰੀ ਨੂੰ ਜਾਰੀ ਕੀਤਾ ਯੂ.ਪੀ.ਐੱਸ ਦਾ ਨੋਟੀਫਿਕੇਸ਼ਨ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰ ਰਹੇ ਮੁਲਾਜ਼ਮਾਂ ਨਾਲ ਸਰਾਸਰ ਧੋਖਾ ਹੈ। ਕੇਂਦਰ ਸਰਕਾਰ ਵੱਲੋਂ ਯੂਨੀਫਾਈਡ ਪੈਨਸ਼ਨ ਸਕੀਮ ਦੀ ਜਾਰੀ ਕੀਤੀ ਐੱਸ.ਓ.ਪੀ ਬਹੁਤ ਹੀ ਘਾਤਕ ਹੈ ਕਿਉਂਕਿ ਉਪਰੋਕਤ ਸਕੀਮ ਦੇ ਅਨੁਸਾਰ ਸਰਕਾਰ ਮੁਲਾਜ਼ਮਾਂ ਦਾ ਪੈਸਾ ਹੜੱਪ ਕੇ ਉਨ੍ਹਾਂ ਦੀ ਰਕਮ ਤੇ ਵਿਆਜ ਨੂੰ ਹੀ ਪੈਨਸ਼ਨ ਦੇ ਰੂਪ ਵਿੱਚ ਮੁੜ ਦੇਣਾ ਚਾਹੁੰਦੀ ਹੈ। ਇਹ ਸਕੀਮ ਸਰਕਾਰ ਵੱਲੋਂ ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰ ਨੂੰ ਤੋਰਨ ਵਾਲੀ ਹੈ। ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਜਿਹੀ ਸਕੀਮ ਦਾ ਵੱਡੇ ਪੱਧਰ ਤੇ ਡੱਟਵਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਟਾਕ, ਬ੍ਰਿਜ ਮੋਹਨ, ਜਸਵੀਰ ਸਿੰਘ, ਰਮਾਕਾਂਤ, ਮਧੂਵਾਲਾ, ਸ਼ਸ਼ੀਪਾਲ, ਵੈਸ਼ਨਵ ਕੁਮਾਰ, ਵਿਨੋਦ ਕੁਮਾਰ, ਗੁਰਪਾਲ ਸਿੰਘ, ਰਵਿੰਦਰ ਸਿੰਘ, ਗੁਲਵਿੰਦਰ ਸਿੰਘ, ਸਤਿੰਦਰ ਮੋਹਨ, ਸਰਬਜੀਤ ਕੌਰ, ਜੀਵਨ ਬਾਲਾ, ਸੁਰਿੰਦਰ ਸਿੰਘ, ਲੈਕ. ਰਾਜੇਸ਼ ਕੁਮਾਰ, ਪਰਮਜੀਤ ਸਿੰਘ, ਰਮੇਸ਼ ਕੁਮਾਰ, ਨੀਲ ਕਮਲ, ਸਮਰਥ ਠਾਕੁਰ, ਨਸੀਬ ਕੁਮਾਰ ਤੇ ਭਾਰਤੀ ਸਲਾਰੀਆ ਆਦਿ ਸਾਥੀ ਹਾਜ਼ਰ ਸਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਹੁਸ਼ਿਆਰਪੁਰ ਵਿਚ ਵੱਖ-ਵੱਖ ਥਾਵਾਂ ’ਤੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਨੇ ਦੱਸਿਆ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਜੋ ਐੱਸ.ਓ.ਪੀ ਜਾਰੀ ਕੀਤੀ ਹੈ, ਉਹ ਬਹੁਤ ਹੀ ਘਾਤਕ ਹੈ। ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਤਰਨ ਤਾਰਨ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ 25 ਜਨਵਰੀ ਤੋਂ ਏਕੀਕ੍ਰਿਤ ਪੈਨਸ਼ਨ ਸਕੀਮ (ਯੂਨਾਇਟੇਡ ਪੈਨਸ਼ਨ ਸਕੀਮ) ਦੇ ਲਾਗੂ ਖਿਲਾਫ਼ ਦੇਸ਼ ਭਰ ਅੰਦਰ ਇਸ ਸਕੀਮ ਦੇ ਅੱਜ ਕੀਤੇ ਜਾ ਰਹੇ ਵਿਰੋਧ ਵਿੱਚ ਸ਼ਾਮਲ ਹੁੰਦਿਆਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਸਿਵਿਲ ਹਸਪਤਾਲ ਪੱਟੀ ਵਿੱਚ ਇਕ ਰੋਸ ਵਿਖਾਵਾ ਕੀਤਾ ਅਤੇ ਯੂ ਪੀ ਐਸ ਦੀਆਂ ਕਾਪੀਆਂ ਸਾੜੀਆਂ| ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਬਜੀਤ ਸਿੰਘ ਪੱਟੀ, ਡਾ. ਪੰਕਜ ਅਰੋੜਾ, ਜਗਦੀਪ ਸਿੰਘ, ਡਾ. ਪਵਨਦੀਪ ਸਿੰਘ, ਰਕੇਸ਼ ਕੁਮਾਰ ਨੇ ਯੂ ਪੀ ਐਸ ਨੂੰ ਮੁਲਾਜ਼ਮਾਂ ਦੇ ਹਿੱਤਾਂ ਵਿਰੋਧੀ ਆਖਿਆ।
ਤਲਵਾੜਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵਲੋਂ ਏਕੀਕ੍ਰਿਤ ਪੈਨਸ਼ਨ ਯੋਜਨਾ (ਯੂਪੀਐੱਸ) ਦਾ ਨੋਟੀਫਿਕੇਸ਼ਨ ਬੀਤੇ 25 ਜਨਵਰੀ ਨੂੰ ਜਾਰੀ ਹੋਣ ’ਤੇ ਕਰਮਚਾਰੀਆਂ ’ਚ ਰੋਸ ਹੈ। ਇਸ ਨੋਟੀਫਿਕੇਸ਼ਨ ਦੇ ਵਿਰੋਧ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਸੂਬੇ ਭਰ ਦੇ ਐਨਪੀਐਸ ਪੀੜਤ ਮੁਲਾਜ਼ਮਾਂ ਨੇ ਯੂਨੀਫਾਈਡ ਪੈਨਸ਼ਨ ਸਕੀਮ ( ਯੂ ਪੀ ਐਸ) ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਵਿੱਤ ਸਕੱਤਰ ਵਰਿੰਦਰ ਵਿੱਕੀ ਅਤੇ ਸੱਤ ਪ੍ਰਕਾਸ਼ ਨੇ ਸੰਬੋਧਨ ਕੀਤਾ।
ਪਠਾਨਕੋਟ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ 25 ਜਨਵਰੀ ਨੂੰ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐਸ) ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਕਰਮਚਾਰੀਆਂ ਵਿੱਚ ਰੋਸ ਹੈ ਜਿਸ ਨੂੰ ਲੈ ਕੇ ਉਨ੍ਹਾਂ ਅੱਜ ਮਲਿਕਪੁਰ ’ਚ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਅਮਿਤ ਕੁਮਾਰ, ਸ਼ਸ਼ੀ ਕੁਮਾਰ, ਹਰਪ੍ਰੀਤ, ਰਾਕੇਸ਼, ਨਿਸ਼ਾ ਸਲਾਰੀਆ, ਕੁਲਵਿੰਦਰ ਕੌਰ, ਰਾਜਵੰਤ ਕੌਰ, ਸਤਵੰਤ ਕੌਰ, ਨੇਹਾ, ਰਾਜੇਸ਼ ਕੁਮਾਰ, ਸੁਨੀਲ ਕੁਮਾਰ, ਰਜਨੀ, ਆਸ਼ਾ, ਮਧੂ ਆਦਿ ਸ਼ਾਮਲ ਸਨ।