ਪੁਲੀਸ ਗੱਡੀ ਦੀ ਲਪੇਟ ’ਚ ਆਉਣ ਕਾਰਨ ਬਜ਼ੁਰਗ ਹਲਾਕ
ਪੱਤਰ ਪ੍ਰੇਰਕ
ਪਠਾਨਕੋਟ, 23 ਨਵੰਬਰ
ਸਰਹੱਦੀ ਖੇਤਰ ਕੋਹਲੀਆਂ ਨਜ਼ਦੀਕ ਪੈਂਦੇ ਪਿੰਡ ਨੰਦਪੁਰ ਕੋਠੇ ਵਿੱਚ ਪੁਲੀਸ ਦੀ ਸਰਕਾਰੀ ਗੱਡੀ ਨੇ ਸੜਕ ਕੰਢੇ ਖੜ੍ਹੇ ਦੋ ਬਜ਼ੁਰਗਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦ ਕਿ ਦੂਜਾ ਜ਼ਖਮੀ ਹੋ ਗਿਆ। ਜ਼ਖਮੀ ਰਵਿਤ ਕੁਮਾਰ ਵਾਸੀ ਨੰਦਪੁਰ ਕੋਠੇ ਦਾ ਨਰੋਟ ਜੈਮਲ ਸਿੰਘ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਸੇਵਾ ਮੁਕਤ ਅਧਿਆਪਕ ਕਿਸ਼ਨ ਚੰਦ (74) ਵਾਸੀ ਨੰਦਪੁਰ ਕੋਠੇ ਵਜੋਂ ਹੋਈ ਹੈ।
ਜ਼ਖਮੀ ਰਵਿਤ ਕੁਮਾਰ ਨੇ ਦੱਸਿਆ ਕਿ ਉਹ ਅਤੇ ਕਿਸ਼ਨ ਚੰਦ ਦੋਵੇਂ ਜਣੇ ਪਿੰਡ ਵਿੱਚ ਹੀ ਸੜਕ ਕਿਨਾਰੇ ਖੜ੍ਹੇ ਗੱਲਾਂ ਕਰ ਰਹੇ ਸਨ। ਇੰਨੇ ਨੂੰ ਕੋਹਲੀਆਂ ਵੱਲੋਂ ਪੁਲੀਸ ਦੀ 112 ਨੰਬਰ ਗੱਡੀ ਆਈ ਅਤੇ ਉਕਤ ਗੱਡੀ ਨੇ ਬੱਸ ਨੂੰ ਓਵਰਟੇਕ ਕਰਦੇ ਸਮੇਂ ਉਨ੍ਹਾਂ ਨੂੰ ਲਪੇਟ ਵਿੱਚ ਲੈ ਲਿਆ। ਇਸ ਕਾਰਨ ਉਹ ਦੋਵੇਂ ਜ਼ਖਮੀ ਹੋ ਗਏ। ਕਿਸ਼ਨ ਚੰਦ ਦੀ ਹਸਪਤਾਲ ਵਿੱਚ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ।
ਥਾਣਾ ਨਰੋਟ ਜੈਮਲ ਸਿੰਘ ਦੇ ਏਐਸਆਈ ਮੁਨੀਸ਼ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਦੀ ਗੱਡੀ ਨਾਲ ਇਹ ਹਾਦਸਾ ਹੋਇਆ ਹੈ, ਉਸ ਵਿੱਚ ਇੱਕ ਏਐਸਆਈ ਵੀ ਮੌਜੂਦ ਸੀ ਜਦ ਕਿ ਚਾਲਕ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਗੱਡੀ ਦੇ ਟਾਇਰ ਥੱਲ੍ਹੇ ਪੱਥਰ ਆ ਜਾਣ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
ਬੱਸ ਦੀ ਟੱਕਰ ਕਾਰਨ ਰਿਕਸ਼ਾ ਸਵਾਰ ਦੀ ਮੌਤ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਇਸ ਸ਼ਹਿਰ ਵਿੱਚ ਬੱਸ ਦੀ ਲਪੇਟ ’ਚ ਆਉਣ ਕਾਰਨ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਰਸੇਮ ਮਸੀਹ (44) ਪੁੱਤਰ ਚਿਲਵਾ ਵਾਸੀ ਪਿੰਡ ਲੇਹਲ (ਧਾਰੀਵਾਲ) ਵਜੋਂ ਹੋਈ। ਜਾਣਕਾਰੀ ਅਨੁਸਾਰ ਤਰਸੇਮ ਮਸੀਹ ਆਪਣੇ ਰਿਕਸ਼ੇ ’ਤੇ ਸਬਜ਼ੀ ਲੈ ਕੇ ਧਾਰੀਵਾਲ ਸ਼ਹਿਰ ਵਿੱਚ ਮੁੱਖ ਮਾਰਗ ਉੱਪਰ ਰਣੀਆਂ ਵਾਲੇ ਪਾਸੇ ਜਾ ਰਿਹਾ ਸੀ। ਇਸੇ ਦੌਰਾਨ ਉਹ ਗੁਰਦਾਸਪੁਰ ਵਾਲੇ ਪਾਸੇ ਤੋਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਦੀ ਲਪੇਟ ਵਿੱਚ ਆ ਗਿਆ। ਹਾਦਸੇ ਦੌਰਾਨ ਤਰਸੇਮ ਮਸੀਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜ਼ਖਮੀ ਹਾਲਤ ’ਚ ਤਰਸੇਮ ਮਸੀਹ ਨੂੰ ਆਸ ਪਾਸ ਲੋਕਾਂ ਨੇ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਧਾਰੀਵਾਲ ਦੀ ਪੁਲੀਸ ਨੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ।